ਭਾਰਤੀ ਅਰਥਵਿਵਸਥਾ 'ਤੇ ਵੱਡਾ ਹਮਲਾ! ਨੋਟਬੰਦੀ ਦੇ 7 ਸਾਲ ਬਾਅਦ ISI ਨੇ ਭੇਜੀ 2.5 ਲੱਖ ਦੀ ਨਕਲੀ ਕਰੰਸੀ
ਇਕ ਖੂਫੀਆ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਆਈਐਸਆਈ ਭਾਰਤੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨੀ ਸਰਹੱਦੀ ਖੇਤਰਾਂ ਵਿਚ ਵੱਡੇ ਪੱਧਰ 'ਤੇ ਨਕਲੀ ਭਾਰਤੀ ਕਰੰਸੀ ਛਾਪਣ ਦੀ ਤਿਆਰੀ ਕਰ ਰਿਹਾ ਹੈ।
Publish Date: Sun, 29 Mar 2026 09:11 AM (IST)
Updated Date: Sun, 29 Mar 2026 09:23 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ: ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਵਲੋਂ ਭੇਜੀ ਗਈ ਢਾਈ ਲੱਖ ਰੁਪਏ ਦੀ ਨਕਲੀ ਕਰੰਸੀ ਨੇ ਸੁਰੱਖਿਆ ਏਜੰਸੀਆਂ ਵਿਚ ਹਫੜਾ-ਦਫੜੀ ਪੈਦਾ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੰਬਰ 2018 ਵਿਚ ਭਾਰਤ ਵਿਚ ਨੋਟਬੰਦੀ ਤੋਂ ਬਾਅਦ ਪਹਿਲੀ ਵਾਰ ਇਹ ਨਕਲੀ ਕਰੰਸੀ ਭਾਰਤੀ ਖੇਤਰ ਵਿਚ ਸੁੱਟੀ ਗਈ ਹੈ। ਹਾਲਾਕਿ ਸੱਤ ਸਾਲ ਪਹਿਲਾਂ ਤੱਕ ਆਈਐਸਆਈ ਹੈਰੋਇਨ, ਹਥਿਆਰ ਅਤੇ ਨਕਲੀ ਕਰੰਸੀ ਵੱਡੇ ਪੱਧਰ 'ਤੇ ਭੇਜ ਰਿਹਾ ਸੀ। ਪਰ ਹੁਣ ਤੱਕ ਭਾਰਤੀ ਖੇਤਰ ਵਿਚ ਨਕਲੀ ਕਰੰਸੀ ਦਾ ਆਉਣਾ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇਕ ਖੂਫੀਆ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਆਈਐਸਆਈ ਭਾਰਤੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨੀ ਸਰਹੱਦੀ ਖੇਤਰਾਂ ਵਿਚ ਵੱਡੇ ਪੱਧਰ 'ਤੇ ਨਕਲੀ ਭਾਰਤੀ ਕਰੰਸੀ ਛਾਪਣ ਦੀ ਤਿਆਰੀ ਕਰ ਰਿਹਾ ਹੈ। ਤਾਂ ਜੋ ਅਸਲ ਕਰੰਸੀ ਦੇ ਨਾਲ-ਨਾਲ ਭਾਰਤ ਵਿਚ ਨਕਲੀ ਕਰੰਸੀ ਨੂੰ ਚਲਾਇਆ ਜਾ ਸਕੇ। ਇਸ ਸਬੰਧੀ ਸੁਰੱਖਿਆ ਏਜੰਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਕ ਰਿਪੋਰਟ ਵੀ ਭੇਜੀ ਹੈ, ਤਾਂ ਜੋ ਪਾਕਿਸਤਾਨ ਤੋਂ ਭਾਰਤ ਆਉਂਦੇ ਹੀ ਨਕਲੀ ਕਰੰਸੀ ਫੜੀ ਜਾ ਸਕੇ। ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਭਾਰਤੀ ਖੇਤਰ ਵਿਚ ਆਈਈਡੀ, ਆਰਡੀਐਕਸ, ਗ੍ਰਨੇਡ, ਰਾਕੇਟ ਪ੍ਰੋਪੈਲੈਂਟ ਗ੍ਰਨੇਡ (ਆਰਪੀਜੀ), ਪਿਸਤੌਲ, ਕਾਰਤੂਸ ਅਤੇ ਹੈਰੋਇਨ ਦੀਆਂ ਵੱਡੀਆਂ ਖੇਪਾਂ ਲਗਾਤਾਰ ਸੁੱਟਦੀ ਰਹੀ ਹੈ। ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਲਗਾਤਾਰ ਉਕਤ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਹਨ ਅਤੇ ਤਸਕਰਾਂ ਤੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਵੀਰਵਾਰ ਰਾਤ ਨੂੰ ਬੀਐਸਐਫ ਨੇ ਘਰਿੰਡਾ ਖੇਤਰ ਨਾਲ ਲੱਗਦੇ ਖੇਤਰ ਤੋਂ 2.5 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਸੀ।