ਅੰਮ੍ਰਿਤਸਰ 'ਚ ਮਿਲਾਵਟਖੋਰੀ ਖ਼ਿਲਾਫ਼ ਵੱਡੀ ਕਾਰਵਾਈ: ਫੂਡ ਸੇਫਟੀ ਵਿਭਾਗ ਨੇ 7 ਕੁਇੰਟਲ ਦੇਸੀ ਘਿਓ ਕੀਤਾ ਜ਼ਬਤ
ਚੈਕਿੰਗ ਦੌਰਾਨ ਟੀਮ ਨੇ ਹਰਿਆਣਾ ਤੋਂ ਆਇਆ ਕਰੀਬ 7 ਕੁਇੰਟਲ (ਪ੍ਰਭੂ ਮਾਰਕਾ) ਦੇਸੀ ਘਿਓ ਕਬਜ਼ੇ ਵਿੱਚ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਘਿਓ ਦੀ ਕੀਮਤ ਬਿੱਲ ਵਿੱਚ ਬਹੁਤ ਘੱਟ ਦਰਸਾਈ ਗਈ ਸੀ, ਜਿਸ ਕਾਰਨ ਵੱਡੀ ਮਿਲਾਵਟ ਹੋਣ ਦਾ ਖ਼ਦਸ਼ਾ ਪੈਦਾ ਹੋਇਆ। ਵਿਭਾਗ ਨੇ ਤੁਰੰਤ ਘਿਓ ਅਤੇ ਉੱਥੇ ਮੌਜੂਦ ਪਨੀਰ ਦੇ ਸੈਂਪਲ ਭਰ ਕੇ ਜਾਂਚ ਲਈ ਲੈਬ ਭੇਜ ਦਿੱਤੇ ਹਨ।
Publish Date: Wed, 03 Jun 2026 02:51 PM (IST)
Updated Date: Wed, 03 Jun 2026 02:56 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ, ਅੰਮ੍ਰਿਤਸਰ। ਪੰਜਾਬ ਵਿੱਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਨੱਥ ਪਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਬੀਤੇ ਇੱਕ ਮਹੀਨੇ ਤੋਂ ਲਗਾਤਾਰ ਮਿਲਾਵਟਖੋਰਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਤੜਕਸਾਰ ਵਿਭਾਗ ਦੀ ਟੀਮ ਨੇ ਸਥਾਨਕ ਰਾਮ ਬਾਗ ਇਲਾਕੇ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ।
ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਮੈਡਮ ਕਵਲਜੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਅੰਮ੍ਰਿਤਸਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ, ਦੁੱਧ, ਦਹੀਂ, ਹਲਵਾਈ, ਮਠਿਆਈ ਅਤੇ ਹੋਰ ਖਾਧ ਪਦਾਰਥ ਵੇਚਣ ਵਾਲਿਆਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਦੀ ਮੰਗ ਵਧਣ ਦਾ ਫਾਇਦਾ ਉਠਾ ਕੇ ਮਿਲਾਵਟਖੋਰ ਕਈ ਤਰ੍ਹਾਂ ਦੇ ਰਸਾਇਣ ਮਿਲਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਅਜਿਹੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਲਈ ਵਿਭਾਗ ਵੱਲੋਂ ਅਚਨਚੇਤ ਅਤੇ ਤੜਕਸਾਰ ਡੇਅਰੀਆਂ 'ਤੇ ਦਬਿਸ਼ ਦਿੱਤੀ ਜਾ ਰਹੀ ਹੈ।
ਅੱਜ ਦੀ ਕਾਰਵਾਈ ਦੌਰਾਨ ਐੱਫ.ਐੱਸ.ਓ. ਮੈਡਮ ਰਜਨੀ ਅਤੇ ਟੀਮ ਨੇ ਰਾਮ ਬਾਗ ਸਥਿਤ 'ਸੋਨੂ ਡੇਅਰੀ' 'ਤੇ ਛਾਪਾ ਮਾਰਿਆ, ਜਿਸ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਚੈਕਿੰਗ ਦੌਰਾਨ ਹਰਿਆਣਾ ਤੋਂ ਸਪਲਾਈ ਹੋ ਕੇ ਆਇਆ ਕਰੀਬ 7 ਕੁਇੰਟਲ 'ਪ੍ਰਭੂ ਮਾਰਕਾ' ਦੇਸੀ ਘਿਓ ਕਬਜ਼ੇ ਵਿੱਚ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਵਿਕਰੇਤਾ ਕੋਲ ਮੌਜੂਦ ਬਿੱਲ ਵਿੱਚ ਘਿਓ ਦੀ ਕੀਮਤ ਬਹੁਤ ਘੱਟ ਦਰਸਾਈ ਗਈ ਸੀ, ਜਿਸ ਨਾਲ ਮਿਲਾਵਟ ਹੋਣ ਦਾ ਖ਼ਦਸ਼ਾ ਪੈਦਾ ਹੋਇਆ।
ਵਿਭਾਗ ਨੇ ਤੁਰੰਤ ਘਿਓ ਅਤੇ ਉੱਥੇ ਬਣੇ ਪਨੀਰ ਦੇ ਸੈਂਪਲ ਭਰ ਕੇ ਜਾਂਚ ਲਈ ਲੈਬ ਭੇਜ ਦਿੱਤੇ ਹਨ। ਅਧਿਕਾਰੀ ਮੁਤਾਬਕ ਜੇਕਰ ਰਿਪੋਰਟ ਵਿੱਚ ਮਿਲਾਵਟ ਪਾਈ ਗਈ ਤਾਂ ਸਾਰਾ ਸਟਾਕ ਤੁਰੰਤ ਨਸ਼ਟ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਵਿਕਰੇਤਾ ਕਾਲਾਬਾਜ਼ਾਰੀ ਜਾਂ ਮਿਲਾਵਟਖੋਰੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।