- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਦੇ ਬਾਰਡਰ ਬੈਲਟ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕਰਦਿਆਂ ਵਿੱਤ ਮੰਤਰੀ ਨੂੰ ਪੱਤਰ ਸੌਂਪਿਆ। ਔਜਲਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਅਟਾਰੀ, ਅਜਨਾਲਾ, ਰਮਦਾਸ ਅਤੇ ਆਸ-ਪਾਸ ਦੇ ਸਰਹੱਦੀ ਪਿੰਡ ਲੰਬੇ ਸਮੇਂ ਤੋਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਆਰਥਿਕ ਵਿਕਾਸ ਅਤੇ ਵਪਾਰ ਨੂੰ ਮੁੜ ਲੀਹ ’ਤੇ ਲਿਆਉਣ ਲਈ ਮੈਂਬਰ ਪਾਰਲੀਮੈਟ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਦੇ ਬਾਰਡਰ ਬੈਲਟ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕਰਦਿਆਂ ਵਿੱਤ ਮੰਤਰੀ ਨੂੰ ਪੱਤਰ ਸੌਂਪਿਆ। ਔਜਲਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਅਟਾਰੀ, ਅਜਨਾਲਾ, ਰਮਦਾਸ ਅਤੇ ਆਸ-ਪਾਸ ਦੇ ਸਰਹੱਦੀ ਪਿੰਡ ਲੰਬੇ ਸਮੇਂ ਤੋਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਭਾਰਤ-ਪਾਕਿਸਤਾਨ ਦਰਮਿਆਨ ਬਾਰਡਰ ਟਰੇਡ ਬੰਦ ਹੋਣ ਦਾ ਸਭ ਤੋਂ ਵੱਧ ਅਸਰ ਟਰਾਂਸਪੋਰਟਰਾਂ, ਕਲੀਅਰਿੰਗ ਏਜੰਟਾਂ, ਮਜ਼ਦੂਰਾਂ, ਵਪਾਰੀਆਂ, ਵੇਅਰਹਾਊਸਾਂ ਅਤੇ ਸਰਹੱਦੀ ਵਪਾਰ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹਜ਼ਾਰਾਂ ਪਰਿਵਾਰਾਂ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਉਦਯੋਗਿਕ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਵੀ ਲੋੜੀਂਦੇ ਪੱਧਰ ’ਤੇ ਨਹੀਂ ਹਨ, ਜਿਸ ਕਾਰਨ ਉਦਯੋਗ ਅਤੇ ਨਿਵੇਸ਼ ਗੁਆਂਢੀ ਸੂਬਿਆਂ ਵੱਲ ਜਾ ਰਹੇ ਹਨ। ਸਰਹੱਦੀ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਨੌਜਵਾਨਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸੰਸਦ ਮੈਂਬਰ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਅਜਨਾਲਾ ਅਤੇ ਰਾਵੀ ਖੇਤਰ ਸਮੇਤ ਬਾਰਡਰ ਬੈਲਟ ਨੂੰ ਵਾਰ-ਵਾਰ ਹੜ੍ਹਾਂ ਅਤੇ ਖਰਾਬ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਸੜਕਾਂ, ਖੇਤੀਬਾੜੀ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਵਿਕਾਸ ਯੋਜਨਾ ਦੀ ਲੋੜ ਹੈ। ਔਜਲਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਅਟਾਰੀ-ਵਾਹਗਾ ਬਾਰਡਰ ਕਾਰਨ ਅੰਮ੍ਰਿਤਸਰ ਦੇਸ਼ ਦੇ ਪ੍ਰਮੁੱਖ ਅੰਤਰਰਾਸ਼ਟਰੀ ਸੈਰ-ਸਪਾਟਾ ਕੇਂਦਰਾਂ ਵਿੱਚ ਸ਼ਾਮਲ ਹੈ, ਪਰ ਇਸ ਦੇ ਬਾਵਜੂਦ ਬਾਰਡਰ ਬੈਲਟ ਨੂੰ ਇਸ ਦੀ ਰਣਨੀਤਕ ਅਤੇ ਆਰਥਿਕ ਮਹੱਤਤਾ ਦੇ ਅਨੁਸਾਰ ਵਿਕਾਸ ਨਹੀਂ ਮਿਲ ਸਕਿਆ। ਔਜਲਾ ਨੇ ਕੇਂਦਰ ਸਰਕਾਰ ਤੋਂ ਬਹੁ-ਸਾਲਾ ਵਿਸ਼ੇਸ਼ ਵਿੱਤੀ ਪੈਕੇਜ ਮਨਜ਼ੂਰ ਕਰਨ ਦੀ ਮੰਗ ਕਰਦਿਆਂ ਇਸ ਵਿੱਚ ਹੇਠ ਲਿਖੇ ਮੁੱਦਿਆਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਕਿ ਉਦਯੋਗਿਕ ਪੁਨਰ-ਉਤਥਾਨ, ਨਵੇਂ ਨਿਵੇਸ਼ ਅਤੇ ਐਮਐਸਐਮਈ ਵਿਕਾਸ, ਸਥਾਨਕ ਨੌਜਵਾਨਾਂ ਲਈ ਰੁਜ਼ਗਾਰ, ਸਕਿੱਲ ਡਿਵੈਲਪਮੈਂਟ ਅਤੇ ਉੱਦਮਤਾ, ਆਧੁਨਿਕ ਸੜਕਾਂ, ਪੁਲ ਅਤੇ ਬਿਹਤਰ ਕਨੈਕਟੀਵਿਟੀ, ਹੜ੍ਹਾਂ ਤੋਂ ਬਚਾਅ ਲਈ ਮਜ਼ਬੂਤ ਬੁਨਿਆਦੀ ਢਾਂਚਾ, ਬਾਰਡਰ ਟਰੇਡ ਬੰਦ ਹੋਣ ਨਾਲ ਪ੍ਰਭਾਵਿਤ ਕਾਰੋਬਾਰੀਆਂ ਦੇ ਪੁਨਰਵਾਸ ਲਈ ਯੋਜਨਾ, ਆਧੁਨਿਕ ਸਰਕਾਰੀ ਸਿਹਤ ਅਤੇ ਐਮਰਜੈਂਸੀ ਸਹੂਲਤਾਂ, ਅਟਾਰੀ ਨੂੰ ਵਿਸ਼ਵ ਪੱਧਰੀ ਬਾਰਡਰ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਵਿਕਸਿਤ ਕੀਤਾ ਜਾਵੇ। ਔਜਲਾ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ’ਤੇ ਵੱਸਦੇ ਲੋਕਾਂ ਨੇ ਦੇਸ਼ ਦੀ ਸੁਰੱਖਿਆ ਅਤੇ ਸਰਹੱਦਾਂ ਦੀ ਜ਼ਿੰਮੇਵਾਰੀ ਨਿਭਾਈ ਹੈ। ਇਸ ਲਈ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਆਰਥਿਕ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੇਂਬੱਧ ਅਤੇ ਢੁਕਵਾਂ ਵਿਸ਼ੇਸ਼ ਵਿੱਤੀ ਪੈਕੇਜ ਦੇਣਾ ਚਾਹੀਦਾ ਹੈ। ਉਨ੍ਹਾਂ ਵਿੱਤ ਮੰਤਰੀ ਤੋਂ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਅੰਮ੍ਰਿਤਸਰ ਬਾਰਡਰ ਬੈਲਟ ਲਈ ਵਿਸ਼ੇਸ਼ ਪੈਕੇਜ ਮਨਜ਼ੂਰ ਕਰਨ ਦੀ ਅਪੀਲ ਕੀਤੀ।