ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਵਰਕਿੰਗ ਕਮੇਟੀ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਹੋਈ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਵਰਕਿੰਗ ਕਮੇਟੀ ਅਤੇ ਜਿਲ੍ਹਾ ਪ੍ਰਧਾਨਾਂ ਦੀ ਹੋਈ ਇਕੱਤਰਤਾ
Publish Date: Mon, 06 Jul 2026 06:44 PM (IST)
Updated Date: Mon, 06 Jul 2026 06:48 PM (IST)
- ਪਾਰਟੀ ਅੰਦਰ ਅਨੁਸ਼ਾਸਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ : ਵਰਕਿੰਗ ਕਮੇਟੀ - 17 ਜੁਲਾਈ ਨੂੰ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮਨਾਵਾਂਗੇ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਜਥੇਬੰਦੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਰਕਿੰਗ ਕਮੇਟੀ ਵਿਚ ਮਤਾ ਪਾਸ ਕੀਤਾ ਗਿਆ ਹੈ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ ਅਨੁਸ਼ਾਸਨੀ ਕਮੇਟੀ ਸਖਤੀ ਨਾਲ ਫੈਸਲਾ ਲਵੇ ਤਾਂ ਜੋ ਪਾਰਟੀ ਜਾਬਤਾ ਬਣਾ ਕੇ ਰੱਖਿਆ ਜਾ ਸਕੇ। ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫਿਲਮ ‘ਪੰਜਾਬ 95’ ਦਾ ਨਾਮ ਬਦਲਣ, ਸਿਨੇਮਾ ਘਰਾਂ ਵਿੱਚ ਰਿਲੀਜ਼ ਨਾ ਕਰਨ ਅਤੇ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਕਰਨ ਤੋਂ ਬਾਅਦ ਫਿਰ ਹਟਾਉਣ ਦਾ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਫਿਲਮ ਨੂੰ ਬਿਨਾਂ ਸੈਂਸਰ ਤੋਂ ਤੁਰੰਤ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤਾ ਜਾਵੇ। ਮੀਟਿੰਗ ਵਿਚ ਹਲਕਾ ਵਾਰ ਮੀਟਿੰਗਾਂ ਜਲਦੀ ਸ਼ੁਰੂ ਕਰਨ ਬਾਰੇ ਵੀ ਫੈਸਲਾ ਕੀਤਾ ਗਿਆ। ਜਲਦੀ ਹੀ ਪਾਰਟੀ ਵੱਲੋਂ ਇਕ ਮੈਨੀਫੈਸਟੋ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ, ਜੋ ਸਾਰੇ ਪੰਜਾਬ ਦਾ ਦੌਰਾ ਕਰ ਕੇ ਹਰ ਵਰਗ ਦੀਆਂ ਜ਼ਰੂਰੀ ਮੰਗਾਂ ਨੂੰ ਉਸ ਵਿੱਚ ਸ਼ਾਮਲ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਤੇਜਾ ਸਿੰਘ ਸਮੁੰਦਰੀ ਦੀ ਸ਼ਤਾਬਦੀ ਬਰਸੀ 17 ਜੁਲਾਈ ਨੂੰ ਵੱਡੇ ਪੱਧਰ ’ਤੇ ਮਸਤੂਆਣਾ ਸਾਹਿਬ ਵਿਖੇ ਮਨਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁਰ ਦੀ ਬਰਸੀ 30 ਜੁਲਾਈ ਨੂੰ ਮਨਾਈ ਜਾਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਪੰਥਕ ਏਕਤਾ ਦੇ ਪੁਰਜ਼ੋਰ ਹਾਮੀ ਹਾਂ, ਜਿਸ ਲਈ ਇਕ ਤਾਲਮੇਲ ਕਮੇਟੀ ਵੀ ਬਣਾਈ ਗਈ ਹੈ। ਪਰ ਅਸੀਂ ਮਾਣ ਸਤਿਕਾਰ ਅਤੇ ਬਰਾਬਰੀ ਦੇ ਪੱਧਰ ’ਤੇ ਏਕਤਾ ਦੇ ਹਾਮੀ ਹਾਂ। ਇਸ ਮੀਟਿੰਗ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਅਜੈਪਾਲ ਸਿੰਘ ਮੀਰਾਂਕੋਟ, ਜਸਵੰਤ ਸਿੰਘ ਪੁੜੈਣ, ਭੁਪਿੰਦਰ ਸਿੰਘ ਸ਼ੇਖੂਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਮਲਕੀਤ ਸਿੰਘ ਚੰਗਾਲ, ਰਾਮਪਾਲ ਸਿੰਘ ਬਹਿਣੀਵਾਲ, ਮਨਜੀਤ ਸਿੰਘ ਬੱਪੀਆਣਾ, ਮਨਿੰਦਰ ਸਿੰਘ ਧੁੰਨਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਦਲਜਿੰਦਰਬੀਰ ਸਿੰਘ ਵਿਰਕ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਰਣਧੀਰ ਸਿੰਘ ਰੱਖੜਾ ਪ੍ਰਧਾਨ ਪਟਿਆਲਾ ਦੇਹਾਤੀ ਆਦਿ ਮੌਜੂਦ ਸਨ।