ਸੀਕੇਡੀ ਨੇ ਅਧਿਆਪਕਾਂ ਲਈ ਟੀਚਰ ਟ੍ਰੇਨਿੰਗ ਸੈਮੀਨਾਰ ਕਰਵਾਇਆ ਸੀਕੇਡੀ ਵੱਲੋਂ ਅਧਿਆਪਕਾਂ ਲਈ ਟੀਚਰ ਟਰੇਨਿੰਗ ਸੈਮੀਨਾਰ ਆਯੋਜਿਤ
Publish Date: Mon, 06 Jul 2026 05:58 PM (IST)
Updated Date: Mon, 06 Jul 2026 06:00 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਵੱਲੋਂ ਡਾਇਰੈਕਟੋਰੇਟ ਐਜੂਕੇਸ਼ਨ ਦੇ ਸਹਿਯੋਗ ਨਾਲ ਸੀਕੇਡੀ ਆਈਸੀਐੱਸਈ, ਸੀਬੀਐੱਸਈ ਅਤੇ ਪੀਐੱਸਈਬੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਨੂੰ ਹੋਰ ਨਿਖਾਰਣ ਅਤੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਗੁਣਵੱਤਾ ਭਰਪੂਰ ਸਿੱਖਿਆ ਦੇਣ ਦੇ ਉਦੇਸ਼ ਨਾਲ ਪੰਜ ਦਿਨਾਂ ਅਧਿਆਪਕ ਸਿੱਖਲਾਈ ਸੈਮੀਨਾਰ ਕਰਵਾਏ ਗਏ। ਇਹ ਸੈਮੀਨਾਰ ਅੰਮ੍ਰਿਤਸਰ, ਲੁਧਿਆਣਾ, ਤਰਨਤਾਰਨ ਅਤੇ ਚੰਡੀਗੜ੍ਹ ਸੀਕੇਡੀ ਸਕੂਲਾਂ ਵਿਚ ਕਰਵਾਏ ਗਏ, ਜਿੱਥੇ ਸਬੰਧਿਤ ਖੇਤਰ ਦੇ ਸਮੂਹ ਸੀਕੇਡੀ ਸਕੂਲਾਂ ਦੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਅਧਿਆਪਕਾਂ ਨੂੰ ਜਮਾਤਾਂ ਅਤੇ ਵਿਸ਼ਿਆਂ ਅਨੁਸਾਰ ਸਿਖਲਾਈ ਸੈਸ਼ਨਾਂ ਵਿਚ ਸ਼ਾਮਲ ਕੀਤਾ ਗਿਆ। ਇਹ ਸੈਮੀਨਾਰ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਰ ਰਿਸੋਰਸ ਪਰਸਨ ਅਤੇ ਬੁੱਧੀਜੀਵੀਆਂ ਦੇ ਨਾਲ-ਨਾਲ ਦੀਵਾਨ ਦੇ ਤਜ਼ਰਬੇਕਾਰ ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਵੱਲੋਂ ਨਵੀਆਂ ਅਧਿਆਪਨ ਤਕਨੀਕਾਂ, ਅਨੁਭਵ ਆਧਾਰਿਤ ਸਿੱਖਿਆ, ਵਿਦਿਆਰਥੀਆਂ ਦੀ ਪ੍ਰਗਤੀ ਦਾ ਮੁਲਾਂਕਣ, ਨੈਤਿਕ ਕਦਰਾਂ ਕੀਮਤਾਂ, ਫਾਊਂਡੇਸ਼ਨ ਸਿੱਖਿਆ, ਲਾਇਬ੍ਰੇਰੀ ਪ੍ਰਬੰਧਨ, ਮਾਨਸਿਕ ਸਿਹਤ, ਸੰਗੀਤ ਅਤੇ ਗੁਰਮਤਿ ਸਿੱਖਿਆ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਸਿੱਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਸੈਮੀਨਾਰਾਂ ਦਾ ਮਕਸਦ ਅਧਿਆਪਕਾਂ ਨੂੰ ਆਧੁਨਿਕ ਸਮੇਂ ਦੀਆਂ ਨਵੀਆਂ ਲੋੜ੍ਹਾਂ ਅਨੁਸਾਰ ਤਿਆਰ ਕਰਨਾ, ਕਲਾਸ ਰੂਮਜ਼ ਅਧਿਆਪਨ ਨੂੰ ਹੋਰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਉਣਾ, ਵਿਦਿਆਰਥੀਆਂ ਵਿਚ ਚੰਗਾ ਚਰਿੱਤਰ ਨਿਰਮਾਣ ਕਰਨਾ ਅਤੇ ਜੀਵਨ ਜਿਊਣ ਦੇ ਨਵੇਂ ਹੁਨਰਾਂ ਦਾ ਵਿਕਾਸ ਕਰਨਾ ਹੈ। ਇਸ ਨਾਲ ਹੀ ਦੀਵਾਨ ਦਾ ਉਦੇਸ਼ ਇਸ ਅਧੀਨ ਚੱਲ ਰਹੇ ਸਾਰੇ ਵਿੱਦਿਅਕ ਅਦਾਰਿਆਂ ਵਿਚ ਇਕਸਾਰ ਅਤੇ ਉੱਚ ਪੱਧਰੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਅੱਜ ਦੇ ਬਦਲਦੇ ਆਧੁਨਿਕ ਵਿੱਦਿਅਕ ਮਾਹੌਲ ਵਿਚ ਅਧਿਆਪਕਾਂ ਦਾ ਨਵੀਆਂ ਤਕਨੀਕਾਂ ਅਤੇ ਨਵੇਂ ਅਧਿਆਪਨ ਤਰੀਕਿਆਂ ਨਾਲ ਅੱਪਡੇਟ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਦੀਵਾਨ ਟੀਚਰ ਟ੍ਰੇਨਿੰਗ ਸੈਸ਼ਨਾਂ ਰਾਹੀਂ ਸੀਕੇਡੀ ਅਧਿਆਪਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਢੰਡਾਂ ਅਨੁਸਾਰ ਤਿਆਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਆਸ ਕੀਤੀ ਕਿ ਦੀਵਾਨ ਵੱਲੋਂ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਗਈ ਵਿਸ਼ਾਲ ਅਧਿਆਪਕ ਸਿੱਖਲਾਈ ਮੁਹਿੰਮ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਅਤੇ ਨੈਤਿਕ ਗੁਣਾਂ ਨਾਲ ਭਰਪੂਰ ਸਿੱਖਿਆ ਦੇਣ ਵਿਚ ਸਮਰਥ ਬਣਾਏਗੀ। ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਰਮਣੀਕ ਸਿੰਘ ਨੇ ਕਿਹਾ ਕਿ ਇਕ ਚੰਗਾ ਅਧਿਆਪਕ ਹਮੇਸ਼ਾ ਨਵਾਂ ਸਿੱਖਦਾ ਰਹਿੰਦਾ ਹੈ। ਲਗਾਤਾਰ ਸਿਖਲਾਈ ਅਤੇ ਸਮੇਂ ਅਨੁਸਾਰ ਗਿਆਨ ਵਿਚ ਲਗਾਤਾਰ ਵਾਧਾ ਸਫ਼ਲ ਅਧਿਆਪਕ ਦੀ ਅਸਲ ਪਛਾਣ ਹੈ। ਉਨ੍ਹਾਂ ਅਧਿਆਪਕਾਂ ਨੂੰ ਸਿੱਖਲਾਈ ਦੌਰਾਨ ਹਾਸਲ ਕੀਤੇ ਗਿਆਨ ਨੂੰ ਰੋਜ਼ਾਨਾ ਆਪਣੇ ਅਧਿਆਪਨ ਵਿਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਆਨਰੇਰੀ ਸਕੱਤਰ ਰਮਣੀਕ ਸਿੰਘ, ਡਿਪਟੀ ਡਾਇਰੈਕਟਰ ਉਰਮਿੰਦਰ ਕੌਰ ਅਤੇ ਪ੍ਰਬੰਧਕਾਂ ਨੇ ਵੱਖ-ਵੱਖ ਸੀਕੇਡੀ ਸਕੂਲਾਂ ਵਿਚ ਚੱਲ ਰਹੇ ਸਿੱਖਲਾਈ ਸੈਸ਼ਨਾਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਅਤੇ ਵਿੱਦਿਅਕ ਮਾਹਿਰਾਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਸੈਮੀਨਾਰਾਂ ਦੀ ਸਫਲਤਾ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।