ISI ਵੱਲੋਂ ਸਪਲਾਈ ਕੀਤੇ ਚਾਰ ਪਿਸਤੌਲਾਂ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਵਿਦੇਸ਼ੀ ਹਥਿਆਰ ਸਪਲਾਈ ਕਰਨ ਲਈ ਇਕ ਬੈਗ ’ਚ ਲੈ ਕੇ ਜਾ ਰਹੇ ਸਨ। ਇਨ੍ਹਾਂ ਦਾ ਇਰਾਦਾ ਗੋਲਡਨ ਗੇਟ ਨੇੜੇ ਇਨ੍ਹਾਂ ਹਥਿਆਰਾਂ ਨੂੰ ਪਹੁੰਚਾਉਣਾ ਸੀ।
Publish Date: Fri, 03 Jul 2026 07:45 PM (IST)
Updated Date: Sat, 04 Jul 2026 12:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ੁੱਕਰਵਾਰ ਸ਼ਾਮ ਨੂੰ ਇਕ ਹਥਿਆਰ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਵਿਦੇਸ਼ ’ਚ ਬਣੇ ਪਿਸਤੌਲ ਬਰਾਮਦ ਕੀਤੇ ਗਏ ਹਨ ਤੇ ਇਕ ਮਾਮਲਾ ਦਰਜ ਕੀਤਾ ਗਿਆ ਹੈ। ਇਹ ਚਾਰ ਪਿਸਤੌਲਾਂ ਬੁੱਧਵਾਰ ਰਾਤ ਨੂੰ ਪਾਕਿ ਤਸਕਰਾਂ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਸ਼ਾਰੇ ਤੇ ਡ੍ਰੋਨ ਦੀ ਵਰਤੋਂ ਕਰ ਕੇ ਭਾਰਤੀ ਖੇਤਰ ’ਚ ਸੁੱਟੇ ਸਨ।
ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਾਸਾਂਸੀ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਝੰਜੋਟੀ ਪਿੰਡ ਦੇ ਵਸਨੀਕ ਸੁਖਦੇਵ ਸਿੰਘ ਤੇ ਹਰਮਨ ਸਿੰਘ ਵਜੋਂ ਕੀਤੀ ਹੈ। ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਵਿਦੇਸ਼ੀ ਹਥਿਆਰ ਸਪਲਾਈ ਕਰਨ ਲਈ ਇਕ ਬੈਗ ’ਚ ਲੈ ਕੇ ਜਾ ਰਹੇ ਸਨ। ਇਨ੍ਹਾਂ ਦਾ ਇਰਾਦਾ ਗੋਲਡਨ ਗੇਟ ਨੇੜੇ ਇਨ੍ਹਾਂ ਹਥਿਆਰਾਂ ਨੂੰ ਪਹੁੰਚਾਉਣਾ ਸੀ।
ਇਸ ਮਗਰੋਂ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧਿਕਾਰ ਖੇਤਰ ’ਚ ਨਾਕਾਬੰਦੀ ਕੀਤੀ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੈਗ ਦੀ ਤਲਾਸ਼ੀ ਲੈਣ ਤੇ ਚਾਰ ਵਿਦੇਸ਼ੀ ਪਿਸਤੌਲ ਮਿਲੇ। ਮੁਲਜ਼ਮਾਂ ਨੇ ਦੱਸਿਆ ਕਿ ਇਨ੍ਹਾਂ ਦਾ ਇਰਾਦਾ ਮਾਝਾ ਜ਼ੋਨ ’ਚ ਸਰਗਰਮ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਇਹ ਪਿਸਤੌਲ ਪਹੁੰਚਾਉਣਾ ਸੀ।