ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ’ਚ ਸਿੱਖ ਮਿਸ਼ਨ ਤੇ ਪ੍ਰੈੱਸ ਸਮੇਤ ਹੋਰ ਕਾਰਜ ਜਲਦੀ ਮੁਕੰਮਲ ਕੀਤੇ ਜਾਣਗੇ : ਐਡਵੋਕੇਟ ਧਾਮੀ
ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਵਫ਼ਦ ਨੇ ਯੂਬਾ ਸਿਟੀ ਵਿਖੇ ਸਥਾਨਕ ਸਿੱਖ ਆਗੂਆਂ ਨਾਲ ਕੀਤੀ ਇਕੱਤਰਤਾ
Publish Date: Fri, 12 Jun 2026 05:58 PM (IST)
Updated Date: Fri, 12 Jun 2026 05:59 PM (IST)

- ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਵਫ਼ਦ ਨੇ ਯੂਬਾ ਸਿਟੀ ’ਚ ਸਥਾਨਕ ਸਿੱਖ ਆਗੂਆਂ ਨਾਲ ਕੀਤੀ ਇਕੱਤਰਤਾ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅਮਰੀਕਾ ਪੁੱਜੇ ਉੱਚ ਪੱਧਰੀ ਵਫ਼ਦ ਨੇ ਬੈਂਸ ਦੇ ਘਰ ਸਥਾਨਕ ਸਿੱਖ ਆਗੂਆਂ ਅਤੇ ਪੰਜਾਬੀ ਭਾਈਚਾਰੇ ਨਾਲ ਇਕੱਤਰਤਾ ਕਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਧਰਮ ਪ੍ਰਚਾਰ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਅੰਦਰ ਵੱਸਦੇ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ ਦੇ ਬਲ ’ਤੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਇਨ੍ਹਾਂ ਦੇਸ਼ਾਂ ਦੇ ਵਿਕਾਸ ਵਿਚ ਵੀ ਜ਼ਿਕਰਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ਅੰਦਰ ਆਪਣੀ ਵਿਰਾਸਤ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਵੀ ਸ਼ਲਾਘਾਯੋਗ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਸਿੱਖ ਮਿਸ਼ਨ ਕਾਰਜਸ਼ੀਲ ਹਨ, ਉੱਥੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਵਿਦੇਸ਼ਾਂ ਅੰਦਰ ਵੱਸਦੇ ਸਿੱਖਾਂ ਅਤੇ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ, ਸਿੱਖ ਇਤਿਹਾਸ ਤੇ ਆਪਣੇ ਵਿਰਸੇ ਨਾਲ ਜੋੜਨ ਲਈ ਅਮਰੀਕਾ ਦੇ ਯੂਬਾ ਸਿਟੀ ਵਿਖੇ ਸਿੱਖ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਕਾਰਜ ਲਈ ਸਵ. ਦੀਦਾਰ ਸਿੰਘ ਬੈਂਸ ਨੇ ਆਪਣੇ ਵੱਲੋਂ 14.5 ਏਕੜ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਮਿਸ਼ਨ, ਪ੍ਰੈੱਸ ਤੇ ਗੁਰਮਤਿ ਵਿਦਿਆਲਾ ਖੋਲ੍ਹੇ ਜਾਣ ਦੇ ਕਾਰਜ ਲਈ ਲੁੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ ਅਤੇ ਆਰਕੀਟੈਂਕਟਾਂ ਤੋਂ ਨਕਸ਼ੇ ਤਿਆਰ ਕਰਵਾਏ ਜਾ ਰਹੇ ਹਨ ਤੇ ਸੰਗਤਾਂ ਦੇ ਸਹਿਯੋਗ ਨਾਲ ਜਲਦੀ ਇਸ ਕਾਰਜ ਦੀ ਆਰੰਭਤਾ ਕਰ ਦਿੱਤੀ ਜਾਵੇਗੀ। ਇਸ ਕਾਰਜ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੋਣ ਦੇ ਨਾਤੇ ਵਿਸ਼ਵ ਭਰ ਵਿਚ ਵੱਸਦੀਆਂ ਸਿੱਖ ਸੰਗਤਾਂ ਨਾਲ ਮਜ਼ਬੂਤ ਰਾਬਤਾ ਬਣਾਉਣ ਲਈ ਵਚਨਬਧ ਹੈ ਅਤੇ ਅਮਰੀਕਾ ਵਿਚ ਖੋਲ੍ਹਿਆ ਜਾਣ ਵਾਲਾ ਸਿੱਖ ਮਿਸ਼ਨ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਸਥਾਨਕ ਸਿੱਖ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ ਮਜ਼ਬੂਤ ਪੁਲ ਦਾ ਕੰਮ ਕਰੇਗਾ। ਉਨ੍ਹਾਂ ਸਥਾਨਕ ਸੰਗਤਾਂ ਤੋਂ ਭਰਵੇਂ ਸਹਿਯੋਗ ਦੀ ਆਸ ਪ੍ਰਗਟਾਈ। ਸਥਾਨਕ ਸਿੱਖ ਆਗੂਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਪੰਥਕ ਅਤੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਪੂਰਨ ਸਹਿਯੋਗ ਦੀ ਵਚਨਬਧਤਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐੱਸਡੀ ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਅਮਰੀਕਾ ਨਿਵਾਸੀ ਦਿਲਬਾਗ ਸਿੰਘ ਬੈਂਸ, ਕਰਮਦੀਪ ਸਿੰਘ ਬੈਂਸ, ਅਜੀਤ ਸਿੰਘ ਬੈਂਸ, ਕੇਵਲ ਸਿੰਘ ਨਾਗਰਾ, ਲਖਬੀਰ ਸਿੰਘ ਨਾਗਰਾ, ਹਰਜੀਤ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਨਰਿੰਦਰ ਸਿੰਘ ਅਟਵਾਲ, ਕੁਲਦੀਪ ਸਿੰਘ ਅਟਵਾਲ, ਅਮਰਜੀਤ ਸਿੰਘ ਸੰਘਾ, ਕੁਲਤਾਰ ਸਿੰਘ ਅਟਵਾਲ, ਹਰਭਜਨ ਸਿੰਘ ਸੰਧੂ, ਦਲਬੀਰ ਸਿੰਘ ਗਿੱਲ, ਰੁਪਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਿਹਲਾ, ਸੁਖਜੀਵਨ ਸਿੰਘ ਬਿਹਲਾ, ਜੋਗਿੰਦਰ ਸਿੰਘ ਨਿੱਜਰ, ਰੇਸ਼ਮ ਸਿੰਘ ਪੁਰੇਵਾਲ, ਦਲਬੀਰ ਸਿੰਘ ਗਿੱਲ, ਸੁਰਜੀਤ ਸਿੰਘ ਸੰਘਾ, ਕਮਲ ਸਿੰਘ ਧਾਰੀਵਾਲ, ਇੰਦਰਜੀਤ ਸਿੰਘ ਕਲਟ, ਅਜੀਤ ਸਿੰਘ ਬੈਂਸ, ਪਾਉਲ ਸਿੰਘ ਬੱਲ, ਸੁਰਿੰਦਰ ਸਿੰਘ ਧਾਮੀ, ਬਿੱਕਰ ਸਿੰਘ ਧਾਮੀ ਆਦਿ ਮੌਜੂਦ ਸਨ।