ਚਰਚ 'ਚ ਹੋਈ ਮੁਲਾਕਾਤ, ਫਿਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਗੌਰਵ ਮਸੀਹ! ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ ਪੁਲਿਸ
ਸੀਆਈ ਦੇ ਇਕ ਅਧਿਕਾਰੀ ਮੁਤਾਬਕ ਗੁਰਦਾਸਪੁਰ ਦੇ ਟਿੱਬੜੀ ਕੈਂਟ ਇਲਾਕੇ ਦੇ ਰਹਿਣ ਵਾਲੇ ਆਸ਼ੀਸ਼ ਮਸੀਹ ਖ਼ਿਲਾਫ਼ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਅਤੇ ਗੁੰਡਾਗਰਦੀ ਦੇ ਅੱਠ ਐੱਫਆਈਆਰ ਦਰਜ ਹਨ। ਪੁਲਿਸ ਉਸ ਨੂੰ ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਮਗਰੋਂ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਤੋਂ ਉਸ ਦੀ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ।
Publish Date: Sun, 18 Oct 2026 10:17 AM (IST)
Updated Date: Sun, 18 Oct 2026 10:24 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਹੁਸ਼ਿਆਰਪੁਰ ਜੇਲ੍ਹ 'ਚ ਬੰਦ ਆਸ਼ੀਸ਼ ਮਸੀਹ ’ਤੇ ਜੇਲ੍ਹ ਅੰਦਰੋਂ ਹੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਨੈੱਟਵਰਕ ਚਲਾਉਣ ਦੇ ਦੋਸ਼ ਹਨ। ਪੁਲਿਸ ਜਾਂਚ ਅਨੁਸਾਰ ਉਸ ਦੇ ਇਸ਼ਾਰੇ ’ਤੇ ਮਾਝਾ ਖੇਤਰ ਦੇ ਦੋ ਦਰਜਨ ਤੋਂ ਵੱਧ ਗੁਰਗੇ ਹੈਂਡ ਗ੍ਰਨੇਡ, ਏਕੇ-47 ਕਿਸਮ ਦੇ ਹਥਿਆਰ, ਵਿਦੇਸ਼ੀ ਪਿਸਤੌਲ ਅਤੇ ਹੈਰੋਇਨ ਦੀਆਂ ਖੇਪਾਂ ਟਿਕਾਣੇ ਲਾਉਂਦੇ ਸਨ। ਪੁਲਿਸ ਰਿਮਾਂਡ ’ਤੇ ਚੱਲ ਰਹੇ ਗੌਰਵ ਮਸੀਹ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੌਰਵ ਦੀ ਪਹਿਲੀ ਮੁਲਾਕਾਤ ਆਸ਼ੀਸ਼ ਮਸੀਹ ਨਾਲ ਗੁਰਦਾਸਪੁਰ ਦੀ ਇਕ ਚਰਚ ਵਿੱਚ ਹੋਈ ਸੀ। ਇਸ ਤੋਂ ਬਾਅਦ ਉਹ ਕਥਿਤ ਤੌਰ ’ਤੇ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹੋ ਗਿਆ। ਪੁਲਿਸ ਅਨੁਸਾਰ ਹਰ ਖੇਪ ਟਿਕਾਣੇ ਲਾਉਣ ਬਦਲੇ ਉਸ ਨੂੰ 10 ਤੋਂ 25 ਹਜ਼ਾਰ ਰੁਪਏ ਤੱਕ ਮਿਲਦੇ ਸਨ। ਗੌਰਵ ਪਹਿਲਾਂ ਵੀ ਤਿੰਨ ਖੇਪਾਂ ਟਿਕਾਣੇ ਲਾਉਣ ਦੀ ਗੱਲ ਮੰਨ ਚੁੱਕਾ ਹੈ।
ਸੀਆਈ ਦੇ ਇਕ ਅਧਿਕਾਰੀ ਮੁਤਾਬਕ ਗੁਰਦਾਸਪੁਰ ਦੇ ਟਿੱਬੜੀ ਕੈਂਟ ਇਲਾਕੇ ਦੇ ਰਹਿਣ ਵਾਲੇ ਆਸ਼ੀਸ਼ ਮਸੀਹ ਖ਼ਿਲਾਫ਼ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਅਤੇ ਗੁੰਡਾਗਰਦੀ ਦੇ ਅੱਠ ਐੱਫਆਈਆਰ ਦਰਜ ਹਨ। ਪੁਲਿਸ ਉਸ ਨੂੰ ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਮਗਰੋਂ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਤੋਂ ਉਸ ਦੀ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਵਿੱਚ ਬੱਲੜਵਾਲ ਵਾਸੀ ਗੁਰਪ੍ਰੀਤ ਸਿੰਘ ਤੇ ਜਸਕਰਨ ਸਿੰਘ, ਬਟਾਲਾ ਵਾਸੀ ਵੀਨੂੰ, ਰਸੂਲਪੁਰ ਵਾਸੀ ਅੰਮ੍ਰਿਤਪਾਲ ਸਿੰਘ ਅਤੇ ਗੌਂਸਪੁਰਾ ਵਾਸੀ ਗੌਰਵ ਮਸੀਹ ਸ਼ਾਮਲ ਹਨ। ਪੁਲਿਸ ਇਨ੍ਹਾਂ ਪੰਜਾਂ ਨੂੰ ਸੋਮਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ।
ਦੋ ਦਰਜਨ ਤੋਂ ਵੱਧ ਤਸਕਰਾਂ ਦੀ ਭਾਲ
ਪੁਲਿਸ ਅਨੁਸਾਰ ਗੌਰਵ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਆਸ਼ੀਸ਼ ਮਸੀਹ ਦੇ ਗੈਂਗ ਵਿੱਚ ਦੋ ਦਰਜਨ ਤੋਂ ਵੱਧ ਵਿਅਕਤੀ ਸ਼ਾਮਲ ਹਨ, ਜੋ ਉਸ ਦੇ ਇਸ਼ਾਰੇ ’ਤੇ ਹਥਿਆਰਾਂ ਅਤੇ ਹੈਰੋਇਨ ਦੀਆਂ ਖੇਪਾਂ ਟਿਕਾਣੇ ਲਾਉਂਦੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਆਸ਼ੀਸ਼ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਰਾਹੀਂ ਪਾਕਿਸਤਾਨੀ ਤਸਕਰਾਂ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸੰਪਰਕ ਵਿੱਚ ਸੀ। ਜਾਂਚ ਏਜੰਸੀਆਂ ਇਹ ਪਤਾ ਲਾ ਰਹੀਆਂ ਹਨ ਕਿ ਸਰਹੱਦ ਪਾਰੋਂ ਮੰਗਵਾਈਆਂ ਜਾਂਦੀਆਂ ਖੇਪਾਂ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਕਿਵੇਂ ਪਹੁੰਚਾਈਆਂ ਜਾਂਦੀਆਂ ਸਨ।