- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਪੰਥਕ ਇਕੱਠ ਦੌਰਾਨ ਗੁਰਮਤੇ ਪੇਸ਼ ਕੀਤੇ, ਜਿਸ ਨੂੰ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਪੰਥਕ ਇਕੱਠ ਦੌਰਾਨ ਗੁਰਮਤੇ ਪੇਸ਼ ਕੀਤੇ, ਜਿਸ ਨੂੰ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।
ਗੱਲਬਾਤ ਕਰਦਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਿਨਾਉਣੀ ਅਤੇ ਨਿੰਦਣਯੋਗ ਹਰਕਤ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ‘ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ' ਕਰਾਰ ਦਿੱਤੇ ਜਾਣ ਦੇ ਆਦੇਸ਼ ਨੂੰ ਗੁਰੂ ਪੰਥ ਦੀ ਸਾਂਝੀ ਆਵਾਜ਼ ਵਜੋਂ ਸਵੀਕਾਰ ਕਰਦਾ ਹੈ।
ਭਗਵੰਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਅਤੇ ਸਿੱਖ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਇਸ ਤੋਂ ਵੀ ਵੱਧ ਚਿੰਤਾ ਦਾ ਵਿਸ਼ਾ ਇਹ ਹੈ ਕਿ ਆਪਣੀ ਭੁੱਲ ਨੂੰ ਸਵੀਕਾਰ ਕਰਨ ਦੀ ਥਾਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚ ਪੰਥਕ ਅਥਾਰਟੀ ਨੂੰ ਚੁਣੌਤੀ ਦੇ ਰਹੇ ਹਨ। ਅਜਿਹਾ ਵਤੀਰਾ ਨਾ ਸਿਰਫ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਗੁਰੂ ਸਾਹਿਬ ਵੱਲੋਂ ਸਥਾਪਿਤ ਇਸ ਮਹਾਨ ਸੰਸਥਾ ਦੀ ਮਰਯਾਦਾ ਨੂੰ ਵੀ ਚੁਣੌਤੀ ਦੇਣ ਦੇ ਤੁੱਲ ਹੈ।
ਪੰਥਕ ਇਕੱਠ ਸਪੱਸ਼ਟ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਤੇ ਗੁਰਮਤਿਆਂ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਧਾਰਮਿਕ ਅਤੇ ਕੌਮੀ ਫ਼ਰਜ਼ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕਿਸੇ ਵੀ ਰਾਜਨੀਤਿਕ ਤਾਕਤ, ਸਰਕਾਰ ਜਾਂ ਵਿਅਕਤੀ ਵੱਲੋਂ ਚੁਣੌਤੀ ਦੇਣਾ ਖਾਲਸਾ ਪੰਥ ਦੀਆਂ ਪਰੰਪਰਾਵਾਂ ਅਤੇ ਗੁਰੂ ਸਾਹਿਬ ਦੀ ਬਖ਼ਸ਼ੀ ਮਰਿਆਦਾ ਦੇ ਉਲਟ ਹੈ ਅਤੇ ਕੌਮ ਨੂੰ ਇਹ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ। ਇਹ ਪੰਥਕ ਇਕੱਠ ਸਮੁੱਚੇ ਖ਼ਾਲਸਾ ਪੰਥ, ਸਿੱਖ ਜਥੇਬੰਦੀਆਂ, ਸੰਪਰਦਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਨੂੰ ਅਪੀਲ ਕਰਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਥ ਵਿਰੋਧੀ ਹਰਕਤ ਕਰਕੇ ਸਿੱਖਾਂ ਨੂੰ ਵੰਗਾਰਿਆ ਹੈ।
ਅੱਜ ਦਾ ਇਹ ਪੰਥਕ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਸਬੰਧੀ ਹਰ ਜਥੇਬੰਦੀ, ਸਿੰਘ ਸਭਾਵਾਂ, ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਸਭਾ-ਸੁਸਾਇਟੀਆਂ ਤੱਕ ਪਹੁੰਚ ਕਰਕੇ ਗੰਭੀਰ ਵਿਚਾਰ-ਚਰਚਾ ਦੀ ਵਚਨਬੱਧਤਾ ਪ੍ਰਗਟਾਉਂਦਾ ਹੈ। ਸਮੂਹਿਕ ਰਾਇ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਹਲਕੇ ਵਿਚ ਵਿਸ਼ਾਲ ਪੰਥਕ ਇਕੱਠ ਸੱਦੇ ਜਾਣਗੇ, ਜਿਸ ਵਿਚ ਇਲਾਕੇ ਦੀ ਸੰਗਤ ਨੂੰ ਸਿੱਖ ਕੌਮ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਤੋਂ ਜਾਣੂ ਕਰਵਾਇਆ ਜਾਵੇਗਾ। ਪਿੰਡ ਪੱਧਰ 'ਤੇ ਗੁਰਸਿੱਖਾਂ ਦੀਆਂ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਮਨੋਰਥ ਸਿੱਖੀ ਦੀਆਂ ਰਵਾਇਤਾਂ ਅਤੇ ਪਰੰਪਰਾਵਾਂ ਪ੍ਰਤੀ ਚੇਤਨਾ ਪੈਦਾ ਕਰਨਾ ਹੋਵੇਗਾ।
ਪੰਥ ਦੀ ਧਾਰਾ ਨੂੰ ਘਰ-ਘਰ ਤੱਕ ਲੈ ਕੇ ਜਾਣ ਲਈ ਇਹ ਕਮੇਟੀਆਂ ਕੰਮ ਕਰਨਗੀਆਂ। ਖਾਲਸਾ ਪੰਥ ਨੂੰ ਅਪੀਲ ਹੈ ਕਿ ਸੋਸ਼ਲ ਮੀਡੀਆ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਸਿੱਖ ਪਰੰਪਰਾਵਾਂ ਅਤੇ ਸਿੱਖ ਸੰਸਥਾਵਾਂ ਵਿਰੁੱਧ ਫੈਲਾਈ ਜਾ ਰਹੀ ਗ਼ਲਤ ਜਾਣਕਾਰੀ ਅਤੇ ਪੰਥ ਵਿਰੋਧੀ ਪ੍ਰਚਾਰ ਪਿਛਲੀ ਸਾਜਿਸ਼ੀ ਸੋਚ ਨੂੰ ਸਮਝ ਕੇ ਇਸ ਬਾਰੇ ਤਰਕਸੰਗਤ ਸੱਚਾਈ-ਆਧਾਰਿਤ ਰਾਇ ਕਾਇਮ ਕਰਕੇ ਜਵਾਬ ਦਿੱਤਾ ਜਾਵੇ। ਇਹ ਕੌਮ ਦੀ ਸਾਂਝੀ ਜਿੰਮੇਵਾਰੀ ਹੈ।
ਪੰਥਕ ਇਕੱਠ ਮਹਿਸੂਸ ਕਰਦਾ ਹੈ ਕਿ ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਮੁਕਾਬਲੇ ਲਈ ਅੱਜ ਪੰਥ ਦੀ ਸਭ ਤੋਂ ਵੱਡੀ ਲੋੜ ਹੈ ਕਿ ਸਮੁੱਚਾ ਖਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠਾ ਹੋਵੇ। ਨਿੱਜੀ ਹਿੱਤਾਂ ਦੀ ਥਾਂ ਸਾਂਝੀ ਕੌਮੀ ਸੋਚ ਤਹਿਤ ਸਾਰੀਆਂ ਜਥੇਬੰਦੀਆਂ, ਵੱਖ-ਵੱਖ ਅਕਾਲੀ ਜਥੇ, ਸੰਪਰਦਾਵਾਂ, ਸਿੰਘ ਸਭਾਵਾਂ, ਗੁਰਮਤਿ ਟਕਸਾਲਾਂ, ਮਿਸ਼ਨਰੀ ਸੰਸਥਾਵਾਂ, ਸਭਾ-ਸੁਸਾਇਟੀਆਂ ਕੌਮ ਦੀ ਚੜ੍ਹਦੀ ਕਲਾ ਲਈ ਇਕਜੁੱਟ ਹੋਣ। ਸਿੱਖ ਸ਼ਕਤੀ ਦੀ ਮਜ਼ਬੂਤੀ ਲਈ ਏਕਤਾ ਅੱਜ ਦੀ ਵੱਡੀ ਲੋੜ ਹੈ, ਜਿਸ ਵੱਲ ਹਰ ਸਿੱਖ ਜਥੇਬੰਦੀ ਇੱਕ ਕਦਮ ਅੱਗੇ ਵਧਾਏ।