- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ਾਂ ਵਿਚ ਸਥਿਤ ਗੈਂਗਸਟਰ ਨੈੱਟਵਰਕ ਲਈ ਕੰਮ ਕਰ ਰਹੇ ਜਬਰੀ ਵਸੂਲੀ ਅਤੇ ਡਕੈਤੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਤਿੰਨ ਸ਼ੂਟਰ ਗ੍ਰਿਫ਼ਤਾਰ ਕੀਤੇ ਗਏ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ਾਂ ਵਿਚ ਸਥਿਤ ਗੈਂਗਸਟਰ ਨੈੱਟਵਰਕ ਲਈ ਕੰਮ ਕਰ ਰਹੇ ਜਬਰੀ ਵਸੂਲੀ ਅਤੇ ਡਕੈਤੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਤਿੰਨ ਸ਼ੂਟਰ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਤੋਂ ਇਕ ਪਿਸਤੌਲ, ਅੱਠ ਕਾਰਤੂਸ, ਇਕ ਥਾਰ ਕਾਰ, ਇਕ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ ਪੁਲਿਸ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਗੋਲੀਬਾਰੀ ਅਤੇ ਡਕੈਤੀ ਦੀਆਂ ਸੱਤ ਘਟਨਾਵਾਂ ਨੂੰ ਹੱਲ ਕਰਨ ਦਾ ਦਾਅਵਾ ਵੀ ਕੀਤਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਾਬਾ ਬਕਾਲਾ ਦੇ ਖਾਸੀ ਪਿੰਡ ਦੇ ਰਹਿਣ ਵਾਲੇ ਗੁਰਦੇਵ ਸਿੰਘ ਉਰਫ ਗੁਰਦੇਵ, ਤਰਨਤਾਰਨ ਦੇ ਕਾਲਾ ਪਿੰਡ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਉਰਫ ਜੱਸੂ ਅਤੇ ਅੰਮ੍ਰਿਤਸਰ ਦੇ ਕਟੜਾ ਕਰਮ ਸਿੰਘ ਦੇ ਰਹਿਣ ਵਾਲੇ ਹਰਪਾਰਸਦੀਪ ਸਿੰਘ ਉਰਫ ਪਾਰਸ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ 21-22 ਮਈ ਦੀ ਦਰਮਿਆਨੀ ਰਾਤ ਨੂੰ ਲੋਹਾਰਾਕਾ ਰੋਡ 'ਤੇ ਇਕ ਪੈਟਰੋਲ ਪੰਪ 'ਤੇ ਗੋਲੀਬਾਰੀ ਕਰਕੇ ਲਗਭਗ 25,000 ਲੁੱਟੇ ਗਏ ਸਨ। ਇਸ ਸਬੰਧ ਵਿਚ ਛਾਉਣੀ ਪੁਲਿਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੁਲਿਸ ਟੀਮਾਂ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਜਸਪ੍ਰੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਇਕ .30 ਬੋਰ ਦਾ ਜਿਗਾਣਾ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਕੀਤੇ ਗਏ।
ਯੂਰਪ ’ਚ ਬੈਠੇ ਹੈਂਡਲਰ ਦੇ ਸੰਪਰਕ ’ਚ ਸਨ ਮੁਲਜ਼ਮ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜਮ ਆਪਣੇ ਫਰਾਰ ਸਾਥੀ ਮਹੀਪ ਸਿੰਘ ਦੇ ਨਾਲ ਯੂਰਪ ਵਿਚ ਬੈਠੇ ਇਕ ਹੈਂਡਲਰ ਜਸਬੀਰ ਸਿੰਘ ਉਰਫ਼ ਕਰਨ ਦੇ ਇਸ਼ਾਰੇ 'ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਜਸਬੀਰ ਸਿੰਘ ਗੈਂਗਸਟਰ ਡੋਨੀ ਬਲ ਅਤੇ ਪ੍ਰਭ ਦਾਸੂਵਾਲ ਨਾਲ ਜੁੜਿਆ ਦੱਸਿਆ ਜਾਂਦਾ ਹੈ। ਗੈਂਗ ਦੇ ਮੈਂਬਰਾਂ ਨੇ ਟਾਰਗੇਟ ਲੋਕੇਸ਼ਨ ਪ੍ਰਾਪਤ ਕਰਨ ਅਤੇ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਸਨ। ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜਸਪ੍ਰੀਤ ਸਿੰਘ ਵਿਦੇਸ਼ ਵਿਚ ਰਹਿਣ ਵਾਲੇ ਜਸਬੀਰ ਸਿੰਘ ਦਾ ਰਿਸ਼ਤੇਦਾਰ (ਮਾਮਾ) ਹੈ ਅਤੇ ਦੋਵਾਂ ਵਿਚਕਾਰ ਸਿੱਧਾ ਸੰਪਰਕ ਸੀ। ਉਸ ਨੇ ਗਿਰੋਹ ਦੇ ਕੰਮਾਂ ਵਿਚ ਮੁੱਖ ਭੂਮਿਕਾ ਨਿਭਾਈ ਸੀ।
ਕਈ ਜ਼ਿਲ੍ਹਿਆਂ ’ਚ ਫੈਲਿਆ ਹੋਇਆ ਸੀ ਇਹ ਨੈੱਟਵਰਕ
ਮੁਲਜ਼ਮ ਅੰਮ੍ਰਿਤਸਰ ਦਿਹਾਤੀ, ਤਰਨਤਾਰਨ ਅਤੇ ਫਿਰੋਜ਼ਪੁਰ ਖੇਤਰਾਂ ਵਿਚ ਸਰਗਰਮ ਸਨ। ਉਨ੍ਹਾਂ ਨੇ ਸ਼੍ਰੀ ਗੋਇੰਦਵਾਲ ਸਾਹਿਬ, ਰਈਆ, ਸਰਹਾਲੀ ਅਤੇ ਕਮਾਲਗੜ੍ਹ ਸਮੇਤ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ ਅਤੇ ਡਕੈਤੀਆਂ ਕੀਤੀਆਂ। ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਬੰਦੂਕ ਦੀ ਨੋਕ 'ਤੇ ਪੈਟਰੋਲ ਪੰਪ ਲੁੱਟੇ ਅਤੇ ਲੋਕਾਂ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ। ਨਾਮਜ਼ਦ ਮੁਲਜ਼ਮ ਮਹੀਪ ਸਿੰਘ ਅਜੇ ਵੀ ਫ਼ਰਾਰ ਹੈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਗਿਰੋਹ ਦੇ ਹੋਰ ਮੈਂਬਰਾਂ ਅਤੇ ਵਿਦੇਸ਼ਾਂ ਵਿਚ ਸਥਿਤ ਹੈਂਡਲਰਾਂ ਦੇ ਨੈੱਟਵਰਕ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਹ ਕਾਰਵਾਈ ਡੀਸੀਪੀ ਡਿਟੈਕਟਿਵ ਰਵਿੰਦਰਪਾਲ ਸਿੰਘ, ਏਡੀਸੀਪੀ-2 ਸਿਰੀਵੇਨੇਲਾ, ਏਸੀਪੀ ਵੈਸਟ ਕਮਲਜੀਤ ਸਿੰਘ ਅਤੇ ਛਾਉਣੀ ਪੁਲਿਸ ਥਾਣੇ ਦੇ ਐਸਐਚਓ ਇੰਸਪੈਕਟਰ ਜਤਿੰਦਰ ਸਿੰਘ ਦੀ ਟੀਮ ਦੁਆਰਾ ਕੀਤੀ ਗਈ ਸੀ।