- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਿਸ਼ਨਰੇਟ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿਚ ਇਕ ਅੰਤਰਰਾਸ਼ਟਰੀ ਹਥਿਆਰ, ਨਸ਼ੀਲੇ ਪਦਾਰਥ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿਚ ਇਕ ਅਫਗਾਨ ਨਾਗਰਿਕ ਅਤੇ ਇਕ ਨਾਬਾਲਗ ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਮਿਸ਼ਨਰੇਟ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿਚ ਇਕ ਅੰਤਰਰਾਸ਼ਟਰੀ ਹਥਿਆਰ, ਨਸ਼ੀਲੇ ਪਦਾਰਥ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿਚ ਇਕ ਅਫਗਾਨ ਨਾਗਰਿਕ ਅਤੇ ਇਕ ਨਾਬਾਲਗ ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਦਸ ਆਧੁਨਿਕ ਹਥਿਆਰ, 5.048 ਕਿਲੋਗ੍ਰਾਮ ਹੈਰੋਇਨ, 30.38 ਲੱਖ ਹਵਾਲਾ ਰਾਸ਼ੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਕਾਲੂ (21) ਪਿੰਡ ਖੁਰਮਣੀਆਂ ਦਾ ਨਿਵਾਸੀ; ਜਗਜੀਤ ਸਿੰਘ ਉਰਫ਼ ਜੱਗੀ (40) ਜਲਾਲਾਬਾਦ, ਅਫਗਾਨਿਸਤਾਨ ਦਾ ਨਿਵਾਸੀ, ਜੋ ਇਸ ਸਮੇਂ ਤਿਲਕ ਨਗਰ ਦਿੱਲੀ ਵਿਚ ਰਹਿ ਰਿਹਾ ਹੈ; ਇਸਲਾਮਾਬਾਦ ਇਲਾਕੇ ਦਾ ਵਸਨੀਕ ਗੋਪਾਲ ਸ਼ਰਮਾ ਉਰਫ ਗੌਰਵ (21); ਰਾਮ ਨਗਰ ਕਲੋਨੀ ਦਾ ਵਸਨੀਕ ਅਨਿਕੇਤ ਸਹੋਤਾ (21); ਗੁਮਟਾਲਾ ਕਲੋਨੀ ਦਾ ਵਸਨੀਕ ਪ੍ਰਭਜੀਤ ਸਿੰਘ ਉਰਫ ਪ੍ਰਭ (26); ਮਕਬੂਲਪੁਰਾ ਦਾ ਵਸਨੀਕ ਰਾਜਬੀਰ ਸਿੰਘ ਉਰਫ ਆਰੀਅਨ (22) ਅਤੇ ਇਕ ਨਾਬਾਲਗ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿਚ ਇਕ ਇਟਲੀ-ਬਣਾਈ 9 ਐਮਐਮ ਉਜ਼ੀ ਸਬ-ਮਸ਼ੀਨ ਗਨ, ਇਕ 9 ਐਮਐਮ ਆਟੋਮੈਟਿਕ ਗੱਫਾਰ ਸਬ-ਮਸ਼ੀਨ ਸੁਰੱਖਿਆ ਗਨ, ਚਾਰ ਆਸਟ੍ਰੀਅਨ-ਬਣਾਈ ਗਲੌਕ ਪਿਸਤੌਲ, ਇਕ ਜ਼ਿਗਾਨਾ ਸਪੋਰਟ ਪਿਸਤੌਲ, ਇਕ ਕੋਲਡ ਕਿੰਗ ਕਮਾਂਡੋ ਸੈਮੀ-ਆਟੋਮੈਟਿਕ ਪਿਸਤੌਲ, ਇਕ ਸਕਾਰਪੀਅਨ ਜ਼ਿਗਾਨਾ ਤਿਸਾਸ ਤੁਰਕੀਏ ਪਿਸਤੌਲ ਅਤੇ ਇੱਕ .30 ਬੋਰ ਪਿਸਤੌਲ ਸ਼ਾਮਲ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵਿਦੇਸ਼ਾਂ ਵਿਚ ਸਥਿਤ ਹੈਂਡਲਰਾਂ ਦੇ ਸੰਪਰਕ ਵਿਚ ਸਨ। ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਮਿਲਦੀ ਸੀ ਅਤੇ ਉਨ੍ਹਾਂ ਨੂੰ ਅਪਰਾਧਿਕ ਅਨਸਰਾਂ ਤੱਕ ਪਹੁੰਚਾਉਂਦੇ ਸਨ। ਇਹ ਨੈੱਟਵਰਕ ਪੈਸੇ ਦੇ ਲੈਣ-ਦੇਣ ਲਈ ਹਵਾਲਾ ਚੈਨਲਾਂ ਦੀ ਵਰਤੋਂ ਕਰ ਰਿਹਾ ਸੀ।
ਭੁੱਲਰ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਉਰਫ ਕਾਲੂ ਅਤੇ ਇਕ ਨਾਬਾਲਗ ਨੂੰ ਸ਼ੁਰੂ ਵਿਚ ਇਕ ਸੂਚਨਾ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 220 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਗੋਪਾਲ ਉਰਫ ਗੌਰਵ ਅਤੇ ਅਨਿਕੇਤ ਸਹੋਤਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ 4.8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਜਿਵੇਂ-ਜਿਵੇਂ ਜਾਂਚ ਅੱਗੇ ਵਧੀ ਪੁਲਿਸ ਨੇ ਜਗਜੀਤ ਸਿੰਘ ਉਰਫ ਜੱਗੀ, ਅਫਗਾਨ ਨਾਗਰਿਕ ਨੂੰ ਲੱਭ ਲਿਆ, ਜੋ ਹਵਾਲਾ ਲੈਣ-ਦੇਣ ਅਤੇ ਹਵਾਲਾ ਫੰਡਾਂ ਦਾ ਪ੍ਰਬੰਧਨ ਕਰਨ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਸੀ। ਉਹ ਅੰਮ੍ਰਿਤਸਰ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ।
ਜੱਗੀ ਦੀ ਪੁੱਛਗਿੱਛ ਦੇ ਅਧਾਰ 'ਤੇ ਉਸ ਦੇ ਸਾਥੀਆਂ ਪ੍ਰਭਜੀਤ ਸਿੰਘ ਉਰਫ ਪ੍ਰਭ ਅਤੇ ਰਾਜਬੀਰ ਸਿੰਘ ਉਰਫ ਆਰੀਅਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪ੍ਰਭਜੀਤ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਪੁਲਿਸ ਨੇ 10 ਆਧੁਨਿਕ ਹਥਿਆਰਾਂ ਜਖੀਰਾ ਅਤੇ ਹਵਾਲਾ ਰਾਸ਼ੀ 30.38 ਲੱਖ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਦੇ ਅਨੁਸਾਰ, ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਜਗਜੀਤ ਸਿੰਘ ਉਰਫ ਜੱਗੀ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਸ 'ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੈੱਟਵਰਕ ਦੇ ਵਿਦੇਸ਼ੀ ਸਬੰਧਾਂ ਵਿੱਤੀ ਸਰੋਤਾਂ ਅਤੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਹੋਣ ਦੀ ਉਮੀਦ ਹੈ।