'ਸਿੱਖੋ, ਪੰਜਾਬ ਨਾਲੋਂ ਆਪਣੀਆਂ ਜੜ੍ਹਾਂ ਕਦੇ ਨਾ ਤੋੜਿਓ', UK 'ਚ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਦਾ ਸੱਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਸਿੱਖ ਕੌਮ ਅਤੇ ਪੰਜਾਬ ਪ੍ਰਤੀ ਪਿਆਰ ਦੀ ਪ੍ਰੇਰਣਾ ਦਿੰਦਾ ਹੈ। ਉਹ ਸਾਲ 1893 'ਚ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਮੁੜ ਸਿੱਖੀ ਨਾਲ ਜੁੜਨਾ ਅਤੇ ਆਪਣੀਆਂ ਜੜ੍ਹਾਂ ਵੱਲ ਪਰਤਣਾ ਅੱਜ ਦੀ ਪੀੜ੍ਹੀ ਲਈ ਵੱਡਾ ਸੰਦੇਸ਼ ਹੈ।
Publish Date: Sun, 01 Nov 2026 01:58 PM (IST)
Updated Date: Sun, 01 Nov 2026 02:16 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਨੂੰ ਸਮਰਪਿਤ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਿਰਕਤ ਕੀਤੀ। ਯੂਕੇ ਦੇ ਥੈਟਫੋਰਡ 'ਚ ਕਰਵਾਏ ਗਏ ਇਸ ਸਮਾਗਮ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਅਤੇ ਪੰਜਾਬ ਨਾਲ ਜੁੜੇ ਰਹਿਣ, ਆਪਸੀ ਮਤਭੇਦ ਭੁਲਾ ਕੇ ਕੌਮ ਦੇ ਵੱਡੇ ਹਿੱਤਾਂ ਲਈ ਇਕਜੁੱਟ ਹੋਣ ਅਤੇ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੱਤਾ।
ਸਮਾਗਮ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨਾਲ ਥੈਟਫੋਰਡ 'ਚ ਸਥਾਪਤ ਮਹਾਰਾਜਾ ਦਲੀਪ ਸਿੰਘ ਦੇ ਸਮਾਰਕ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਹ ਉਸ ਪ੍ਰਾਚੀਨ ਘਰ ਪਹੁੰਚੇ, ਜਿਸ ਨੂੰ ਮਹਾਰਾਜਾ ਦੇ ਪੁੱਤਰ ਪ੍ਰਿੰਸ ਫਰੈਡਰਿਕ ਦਲੀਪ ਸਿੰਘ ਨੇ ਸਾਲ 1921 'ਚ ਥੈਟਫੋਰਡ ਸ਼ਹਿਰ ਨੂੰ ਅਜਾਇਬ ਘਰ ਵਜੋਂ ਵਰਤਣ ਲਈ ਦਿੱਤਾ ਸੀ।
ਲਗਪਗ 1490 'ਚ ਬਣੀ ਇਸ ਇਤਿਹਾਸਕ ਇਮਾਰਤ 'ਚ ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੰਜ ਪੁੱਤਰਾਂ ਤੇ ਤਿੰਨ ਧੀਆਂ ਨਾਲ ਜੁੜੀਆਂ ਇਤਿਹਾਸਕ ਨਿਸ਼ਾਨੀਆਂ ਵੀ ਰੱਖੀਆਂ ਗਈਆਂ ਹਨ। ਯੂਕੇ 'ਚ ਜਨਮੇ ਸਿੱਖ ਭੁਪਿੰਦਰ ਸਿੰਘ ਬੈਂਸ (ਪੀਟਰ ਬੈਂਸ) ਨੇ ਮਹਾਰਾਜਾ ਨਾਲ ਸਬੰਧਤ ਵੱਖ-ਵੱਖ ਪਰਿਵਾਰਾਂ ਤੋਂ ਇਹ ਨਿਸ਼ਾਨੀਆਂ ਇਕੱਠੀਆਂ ਕਰ ਕੇ ਸੁਰੱਖਿਅਤ ਰੱਖੀਆਂ ਹਨ।
ਵਿਰਾਸਤ ਨੂੰ ਮਜ਼ਬੂਤ ਬਣਾਈ ਰੱਖਣ ਦੀ ਲੋੜ ਇਸ ਤੋਂ ਬਾਅਦ ਜਥੇਦਾਰ ਐਲਵਡਨ ਪਹੁੰਚੇ, ਜਿੱਥੇ ਮਹਾਰਾਜਾ ਦਲੀਪ ਸਿੰਘ, ਉਨ੍ਹਾਂ ਦੀ ਪਤਨੀ ਮਹਾਰਾਣੀ ਬੰਬਾ ਦਲੀਪ ਸਿੰਘ ਅਤੇ ਸਭ ਤੋਂ ਛੋਟੇ ਪੁੱਤਰ ਪ੍ਰਿੰਸ ਐਡਵਰਡ ਅਲਬਰਟ ਦਲੀਪ ਸਿੰਘ ਦੀਆਂ ਸਮਾਧਾਂ ਸਥਿਤ ਹਨ। ਸਮਾਗਮ 'ਚ ਸਿੱਖ ਨੌਜਵਾਨ ਕਵੀਸ਼ਰਾਂ ਦੇ ਜਥੇ ਨੇ ਮਹਾਰਾਜਾ ਦੇ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਲੂਟਨ ਕੌਂਸਲ ਦੇ ਮੇਅਰ ਜਾਵੇਦ ਹੁਸੈਨ ਸਮੇਤ ਕਈ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ 'ਚ ਸੰਗਤ ਮੌਜੂਦ ਰਹੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਸਿੱਖ ਕੌਮ ਅਤੇ ਪੰਜਾਬ ਪ੍ਰਤੀ ਪਿਆਰ ਦੀ ਪ੍ਰੇਰਣਾ ਦਿੰਦਾ ਹੈ। ਉਹ ਸਾਲ 1893 'ਚ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਮੁੜ ਸਿੱਖੀ ਨਾਲ ਜੁੜਨਾ ਅਤੇ ਆਪਣੀਆਂ ਜੜ੍ਹਾਂ ਵੱਲ ਪਰਤਣਾ ਅੱਜ ਦੀ ਪੀੜ੍ਹੀ ਲਈ ਵੱਡਾ ਸੰਦੇਸ਼ ਹੈ।
ਉਨ੍ਹਾਂ ਕਿਹਾ ਕਿ ਮਹਾਰਾਣੀ ਜਿੰਦ ਕੌਰ ਨੇ ਔਖੇ ਹਾਲਾਤਾਂ 'ਚ ਵੀ ਆਪਣੇ ਪੁੱਤਰ ਨੂੰ ਮੁੜ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੀਆਂ ਧਾਰਮਿਕ ਪਰੰਪਰਾਵਾਂ ਅਤੇ ਪੰਜਾਬ ਦੀ ਵਿਰਾਸਤ ਨੂੰ ਮਜ਼ਬੂਤ ਬਣਾਈ ਰੱਖਣ ਦੀ ਲੋੜ ਹੈ।
ਪੰਜਾਬ 'ਚ ਜ਼ਮੀਨਾਂ ਵੇਚਣ ਦੇ ਰੁਝਾਨ 'ਤੇ ਜਤਾਈ ਚਿੰਤਾ ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਤੇ ਸਿੱਖ ਵਿਰੋਧੀ ਲੇਖਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਦੇ ਸ਼ਾਸਨ ਦੀ ਨਿਆਂਪਸੰਦ, ਬਰਾਬਰੀ ਅਤੇ ਆਦਰਸ਼ ਪ੍ਰਬੰਧ ਨੂੰ ਭੁਲਾਇਆ ਨਹੀਂ ਜਾ ਸਕਦਾ। ਪੰਥਕ ਲੇਖਕਾਂ ਅਤੇ ਵਿਦਵਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਜੁੜੇ ਸਹੀ ਤੱਥਾਂ ਅਤੇ ਸਿੱਖ ਦ੍ਰਿਸ਼ਟੀਕੋਣ ਨੂੰ ਵਿਸ਼ਵ ਪੱਧਰ 'ਤੇ ਸਾਹਮਣੇ ਲਿਆਉਣ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ।
ਜਥੇਦਾਰ ਨੇ ਵਿਦੇਸ਼ਾਂ 'ਚ ਵੱਸਣ ਲਈ ਪੰਜਾਬ 'ਚ ਆਪਣੀਆਂ ਜ਼ਮੀਨਾਂ ਵੇਚਣ ਦੇ ਵਧ ਰਹੇ ਰੁਝਾਨ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਅਤੇ ਮਿਹਨਤ-ਮਜ਼ਦੂਰੀ ਲਈ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਾਣਾ ਗਲਤ ਨਹੀਂ ਹੈ, ਪਰ ਆਪਣੀ ਜਨਮਭੂਮੀ ਅਤੇ ਵਿਰਾਸਤ ਨਾਲ ਰਿਸ਼ਤਾ ਕਦੇ ਨਹੀਂ ਤੋੜਨਾ ਚਾਹੀਦਾ। ਪੰਜਾਬ ਗੁਰੂ ਸਾਹਿਬਾਨ ਦੀ ਧਰਤੀ ਹੈ, ਜਿੱਥੋਂ ਗੁਰਮਤਿ ਦਾ ਫ਼ਲਸਫ਼ਾ ਪੂਰੀ ਦੁਨੀਆ 'ਚ ਫੈਲਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਦੇਸ਼ਾਂ 'ਚ ਰਹਿ ਰਹੇ ਸਿੱਖ ਨੌਜਵਾਨ ਵੀ ਆਪਣੀਆਂ ਧਾਰਮਿਕ ਜੜ੍ਹਾਂ ਨਾਲ ਮੁੜ ਜੁੜਨਗੇ।
ਕੌਮੀ ਮੁੱਦਿਆਂ 'ਤੇ ਧਿਆਨ ਦੇਣ ਦੀ ਲੋੜ ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨੂੰ ਛੋਟੀਆਂ-ਛੋਟੀਆਂ ਗੱਲਾਂ 'ਤੇ ਆਪਸੀ ਝਗੜਿਆਂ 'ਚ ਉਲਝਣ ਦੀ ਬਜਾਏ ਵੱਡੇ ਕੌਮੀ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਆਪਸੀ ਮਤਭੇਦ ਭੁਲਾ ਕੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਤੇ ਪੰਥ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਥੈਟਫੋਰਡ 'ਚ ਮਹਾਰਾਜਾ ਦਲੀਪ ਸਿੰਘ ਦੇ ਸਮਾਰਕ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਦੀ ਬਿਹਤਰ ਦੇਖਭਾਲ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਯੂਕੇ ਦੀਆਂ ਸਿੱਖ ਸੰਸਥਾਵਾਂ ਨੂੰ ਇਸ ਦਿਸ਼ਾ 'ਚ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ