ਐੱਸਆਈਆਰ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਮੀਟਿੰਗ
ਸੱਚਰ ਨੇ ਐਸਆਈਆਰ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਹਲਕਾ ਮਜੀਠਾ 'ਚ ਕੀਤੀ ਮੀਟਿੰਗ
Publish Date: Tue, 09 Jun 2026 05:28 PM (IST)
Updated Date: Wed, 10 Jun 2026 04:06 AM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਹਲਕਾ ਮਜੀਠਾ ਦੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸਆਈਆਰ) ਅਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੱਚਰ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਹੀ ਅਤੇ ਪਾਰਦਰਸ਼ੀ ਵੋਟਰ ਸੂਚੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਇਹ ਯਕੀਨੀ ਬਣਾਵੇ ਕਿ ਕੋਈ ਵੀ ਯੋਗ ਵੋਟਰ ਆਪਣਾ ਵੋਟ ਦਾ ਅਧਿਕਾਰ ਵਰਤਣ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਵੋਟਰ ਸੂਚੀਆਂ ਵਿਚ ਦਰਜ ਹਰ ਕਿਸਮ ਦੀ ਗਲਤੀ ਨੂੰ ਸਮੇਂ ਸਿਰ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬੂਥ ਪੱਧਰ ’ਤੇ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਵੋਟਰ ਸੂਚੀ ਵਿਚ ਆਪਣੇ ਨਾਮ ਦੀ ਜਾਂਚ ਕਰਨ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਨੂੰ ਦੂਰ ਕਰਵਾਉਣ ਲਈ ਜਾਗਰੂਕ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਦੀ ਰੱਖਿਆ ਹਰ ਜਾਗਰੂਕ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸੱਚਰ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਰਹੀ ਹੈ ਅਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਵਿੱਚ ਪੂਰੀ ਗੰਭੀਰਤਾ ਨਾਲ ਭਾਗ ਲਵੇਗੀ। ਉਨ੍ਹਾਂ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਬੂਥ ’ਤੇ ਨਿਗਰਾਨੀ ਰੱਖਣ ਅਤੇ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ। ਮੀਟਿੰਗ ਦੌਰਾਨ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਨਾਲ ਸਬੰਧਤ ਮਸਲਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਮਜੀਠਾ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਸੋਨਾ ਮਜੀਠਾ, ਨਵਤੇਜ ਪਾਲ ਸਿੰਘ, ਝਿਲਮਿਲ ਸਿੰਘ ਬਾਠ, ਮਲਕੀਤ ਸਿੰਘ ਸੋਨੀ ਪੰਧੇਰ, ਸੁਲੱਖਣ ਸਿੰਘ ਕੱਥੂਨੰਗਲ, ਡਾ. ਸੁਖਵਿੰਦਰ ਸਿੰਘ, ਮੋਹਨ ਸਿੰਘ, ਅੰਮ੍ਰਿਤਪਾਲ ਸਿੰਘ, ਸ਼ਰਨਜੀਤ ਸਿੰਘ ਸੰਨੀ, ਅਰਸ਼ਦੀਪ ਸਿੰਘ ਮਜੀਠਾ ਪਲਵਿੰਦਰ ਸਿੰਘ ਫੌਜੀ ਤੇ ਹੋਰ ਵੀ ਕਾਂਗਰਸੀ ਆਗੂ, ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।