ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੀ ਮੇਰੀ ਪਹਿਲੀ ਤਰਜੀਹ : ਦਿਨੇਸ਼ ਬੱਸੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੀ ਮੇਰੀ ਪਹਿਲੀ ਤਰਜੀਹ:ਦਿਨੇਸ਼ ਬੱਸੀ
Publish Date: Mon, 06 Jul 2026 07:09 PM (IST)
Updated Date: Mon, 06 Jul 2026 07:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਪੂਰਬੀ ਦੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਕਿਹਾ ਕਿ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸੇ ਕੜੀ ਤਹਿਤ ਵਾਰਡ ਨੰਬਰ 33 ਦੀ ਕਰਨਲ ਕਾਲੋਨੀ ਵਿਚ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਇਲਾਕਾ ਵਾਸੀਆਂ ਨਾਲ ਇਕ ਵਿਸ਼ੇਸ਼ ਜਨ-ਸੰਵਾਦ ਪ੍ਰੋਗਰਾਮ ਕਰਵਾਇਆ ਗਿਆ। ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੇ ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਸਮੱਸਿਆਵਾਂ ਪ੍ਰਮੁੱਖਤਾ ਨਾਲ ਰੱਖੀਆਂ। ਦਿਨੇਸ਼ ਬੱਸੀ ਨੇ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਸਬੰਧਿਤ ਵਿਭਾਗਾਂ ਕੋਲ ਇਹ ਮਸਲੇ ਮਜ਼ਬੂਤੀ ਨਾਲ ਉਠਾ ਕੇ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਜਨ-ਪ੍ਰਤੀਨਿਧੀ ਦੀ ਅਸਲੀ ਪਛਾਣ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੀ ਆਵਾਜ਼ ਬਣਨਾ ਹੁੰਦੀ ਹੈ। ਹਲਕਾ ਪੂਰਬੀ ਦਾ ਹਰ ਵਾਰਡ ਉਨ੍ਹਾਂ ਲਈ ਬਰਾਬਰ ਮਹੱਤਵ ਰੱਖਦਾ ਹੈ ਅਤੇ ਇਲਾਕੇ ਦੇ ਵਿਕਾਸ ਲਈ ਲੋਕਾਂ ਨਾਲ ਸਿੱਧਾ ਸੰਵਾਦ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਹ ਹਮੇਸ਼ਾ ਆਮ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ। ਦਿਨੇਸ਼ ਬੱਸੀ ਨੇ ਕਿਹਾ ਕਿ ਇਲਾਕੇ ਦੇ ਵਿਕਾਸ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਲਗਾਤਾਰ ਸਰਗਰਮ ਹਨ ਅਤੇ ਭਵਿੱਖ ਵਿਚ ਵੀ ਹਰ ਵਾਰਡ ਵਿਚ ਇਸੇ ਤਰ੍ਹਾਂ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਸਿਰਫ਼ ਪਾਰਟੀ ਦੀ ਜਿੱਤ ਨਹੀਂ ਹੋਵੇਗੀ, ਸਗੋਂ ਹਲਕਾ ਪੂਰਬੀ ਦੇ ਲੋਕਾਂ ਦੇ ਵਿਕਾਸ, ਬਿਹਤਰ ਸਹੂਲਤਾਂ ਅਤੇ ਜਨ-ਹਿੱਤ ਦੇ ਕੰਮਾਂ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ, ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਹਰ ਵਰਗ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਹਲਕਾ ਪੂਰਬੀ ਦੀ ਜਨਤਾ ਇਸ ਵਾਰ ਵਿਕਾਸ, ਇਮਾਨਦਾਰ ਲੀਡਰਸ਼ਿਪ ਅਤੇ ਲੋਕ-ਸੇਵਾ ਦੇ ਹੱਕ ਵਿੱਚ ਫ਼ੈਸਲਾ ਕਰਦਿਆਂ ਕਾਂਗਰਸ ਨੂੰ ਮਜ਼ਬੂਤ ਕਰੇਗੀ। ਇਸ ਮੌਕੇ ਹਰਜੀਤ ਸਿੰਘ ਮੰਗਾ ਠੇਕੇਦਾਰ, ਕੁਲਬੀਰ ਸਿੰਘ, ਵਾਰਡ ਇੰਚਾਰਜ ਬਿੱਲਾ ਵੀਰ, ਲਾਡੀ ਅਤੇ ਇਲਾਕੇ ਦੇ ਹੋਰ ਪਤਵੰਤੇ ਸਾਥੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।