ਔਰਤਾਂ ਤੇ ਬੱਚਿਆਂ ਨੇ ਰੰਗਾਂ ਨਾਲ ਤਰਾਸ਼ਿਆ ਕਲਾ ਦਾ ਹੁਨਰ ਔਰਤਾਂ ਤੇ ਬੱਚਿਆਂ ਨੇ ਰੰਗਾਂ ਨਾਲ ਤਰਾਸ਼ਿਆ ਆਪਣੀ ਕਲਾ ਦਾ ਹੁਨਰ
Publish Date: Mon, 06 Jul 2026 04:33 PM (IST)
Updated Date: Mon, 06 Jul 2026 04:36 PM (IST)
- ‘ਗਲਾਸ ਆਰਟਿਸਟਰੀ ਵਰਕਸ਼ਾਪ’ ਵਰਕਸ਼ਾਪ ਨੂੰ ਮਿਲਿਆ ਭਰਵਾਂ ਹੁੰਗਾਰਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਥਾਨਕ ਰਣਜੀਤ ਐਵੀਨਿਊ ਵਿਖੇ ‘ਮੋਮੈਂਟ ਮੇਕਰਜ਼ ਐਂਟਰਪ੍ਰਾਈਜ਼ਿਜ਼’ ਵੱਲੋਂ ‘ਗਲਾਸ ਆਰਟਿਸਟਰੀ ਵਰਕਸ਼ਾਪ’ ਪ੍ਰਬੰਧਕ ਮਹਿਕਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਵਰਕਸ਼ਾਪ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਹਰ ਉਮਰ ਦੇ ਪ੍ਰਤੀਭਾਗੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣਾ ਹੁਨਰ ਦਿਖਾਇਆ। ਬੱਚਿਆਂ ਨੇ ਕੱਚ ਦੀਆਂ ਬੋਤਲਾਂ ’ਤੇ ਆਪਣੇ ਹੁਨਰ ਨੂੰ ਤਰਾਸ਼ਦਿਆਂ ਬਹੁਤ ਹੀ ਸੁੰਦਰ ਕਲਾਕ੍ਰਿਤੀਆਂ ਬਣਾਈਆਂ। ਮਹਿਕਪ੍ਰੀਤ ਕੌਰ ਨੇ ਦੱਸਿਆ ਕਿ ਇਹ ਉਹ ਇਸ ਤੋਂ ਪਹਿਲਾਂ ਵੀ ਕਈ ਸਮਾਰੋਹ ਕਰਵਾ ਚੁੱਕੇ ਹਨ, ਪਰ ਇਹ ਅਜਿਹੀ ਵਰਕਸ਼ਾਪ ਉਨ੍ਹਾਂ ਵੱਲੋਂ ਪਹਿਲੀ ਵਾਰ ਕਰਵਾਈ ਗਈ ਅਤੇ ਭਾਗੀਦਾਰਾਂ ਦੇ ਉਤਸ਼ਾਹ ਨਾਲ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਅਕਰੈਲਿਕ ਕਲਰ ਦੀ ਵਰਤੋ ਨਾਲ ਭਾਗੀਦਾਰਾਂ ਨੇ ਬਹੁਤ ਸੁੰਦਰ ਕਲਾਕਾਰੀ ਦਿਖਾਈ ਹੈ। ਇਸ ਸਮਾਰੋਹ ਦੇ ਪ੍ਰਬੰਧਕ ਟੀਮ ਵਿਚ ਸੋਨੀਆ, ਮਨਪ੍ਰੀਤ ਕੌਰ ਅਤੇ ਸੋਸ਼ਲ ਮੀਡੀਆ ਮੈਨੇਜਰ ਭੁਵਨ ਸ਼ਰਮਾ ਸ਼ਾਮਲ ਸਨ, ਜਿਨ੍ਹਾਂ ਦੇ ਸਮਰਪਿਤ ਯਤਨਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਇਆ। ਮਹਿਕਪ੍ਰੀਤ ਕੌਰ ਨੇ ਕਿਹਾ ਅਜਿਹੇ ਸਮਾਰੋਹ ਬੱਚਿਆਂ ਅਤੇ ਔਰਤਾਂ ਦੇ ਅੰਦਰਲੇ ਹੁਨਰ ਨੂੰ ਤਰਾਸ਼ਣ ਵਿਚ ਸਹਾਈ ਹੁੰਦੇ ਹਨ। ਉਹ ਸਮੇਂ-ਸਮੇਂ ’ਤੇ ਅਜਿਹੇ ਸਮਾਰੋਹ ਕਰਵਾਉਂਦੇ ਰਹਿੰਦੇ ਹਨ। ਇਸ ਦੌਰਾਨ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਵੀ ਮਹਿਕਪ੍ਰੀਤ ਕੌਰ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਂਦੇ ਹਨ। ਬੱਚੇ ਇੱਥੇ ਆ ਕੇ ਆਪਣਾ ਹੁਨਰ ਦਿਖਾਉਂਦੇ ਹਨ। ਵੱਖ-ਵੱਖ ਡਿਜਾਈਨਾਂ ਵਿਚ ਪ੍ਰੇਰਨਾਦਾਇਕ ਸੁਨੇਹਿਆਂ ਨਾਲ ਵਾਤਾਵਰਣ ਪ੍ਰਤੀ ਵੀ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਵਰਕਸ਼ਾਪ ਵਿਚ ਰਿਹਾਨ ਟੁਟੇਜਾ, ਉਦੇ ਸਿੰਘ ਤੁਲਸੀ, ਸਨੇਹਾ ਅਟਵਾਲ, ਅਮੀਸ਼ਾ ਸਿੱਧੂ, ਭਵਯਾ ਜੈਨ, ਸਾਂਝ ਗਿੱਲ, ਚਾਰਵੀ ਕਪੂਰ, ਆਰਵ ਮਹਾਜਨ ਆਦਿ ਸ਼ਾਮਿਲ ਹੋਏ। ਬੱਚਿਆਂ ਨੇ ਰੰਗਾਂ ਨਾਲ ਆਪਣੇ ਵੱਖ-ਵੱਖ ਡਿਜਾਈਨ ਬਣਾਉਂਦਿਆਂ ਮਨ ਦੀ ਖੁਸ਼ੀ ਦੇ ਚਾਅ ਪੂਰੇ ਕੀਤੇ। ਸਨੇਹਾ ਅਟਵਾਲ ਤੇ ਅਮੀਸ਼ਾ ਸਿੱਧੂ ਨੇ ਕਿਹਾ ਕਿ ਇਹ ਵਰਕਸ਼ਾਪ ਉਨ੍ਹਾਂ ਲਈ ਹਮੇਸ਼ਾ ਯਾਦਗਰੀ ਰਹੇਗੀ। ਇਹ ਪ੍ਰੋਗਰਾਮ ‘ਮੋਮੈਂਟ ਮੇਕਰਜ਼ ਐਂਟਰਪ੍ਰਾਈਜ਼ਿਜ਼’ ਦੁਆਰਾ ਕਰਵਾਇਆ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅੰਕਿਤ ਅਰੋੜਾ ਅਤੇ ਅਮਨਦੀਪ ਸਿੰਘ ਸ਼ਾਮਲ ਹੋਏ। ਪ੍ਰਬੰਧਕ ਮਹਿਕਪ੍ਰੀਤ ਕੌਰ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਇਸ ਦੌਰਾਨ ਮਹਿਕਪ੍ਰੀਤ ਕੌਰ, ਅਮਨਦੀਪ ਸਿੰਘ ਅਤੇ ਅੰਕਿਤ ਅਰੋੜਾ ਨੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਬੰਧਕਾਂ ਨੇ ਸਾਰੇ ਭਾਗੀਦਾਰਾਂ, ਮਾਪਿਆਂ ਅਤੇ ਸਮਰਥਕਾਂ ਦਾ ਉਨ੍ਹਾਂ ਦੇ ਵਿਸ਼ਵਾਸ ਅਤੇ ਉਤਸ਼ਾਹ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਰਚਨਾਤਮਕ ਅਤੇ ਹੁਨਰ-ਆਧਾਰਿਤ ਵਰਕਸ਼ਾਪਾਂ ਕੀਤੀਆਂ ਜਾਣਗੀਆਂ।