ਸਰਸਵਤੀ ਕਾਲਜ ਦਾ 25ਵਾਂ ਸਥਾਪਨਾ ਦਿਵਸ ਮਨਾਇਆ ਸਰਸਵਤੀ ਕਾਲਜ ਦਾ 25ਵਾਂ ਸਥਾਪਨਾ ਦਿਵਸ ਮਨਾਇਆ
Publish Date: Mon, 06 Jul 2026 04:20 PM (IST)
Updated Date: Mon, 06 Jul 2026 04:21 PM (IST)
ਸਰਸਵਤੀ ਕਾਲਜ ਭਵਿੱਖ ’ਚ ਵੀ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰੇਗਾ : ਵਿਰਾਟ ਦੇਵਗਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਸਵਤੀ ਕਾਲਜ ਜੰਡਿਆਲਾ ਵਿਖੇ 25ਵਾਂ ਸਥਾਪਨਾ ਦਿਵਸ ਬੜੇ ਹੀ ਉਤਸ਼ਾਹ ਜੋਸ਼ ਅਤੇ ਸ਼ਾਨਦਾਰ ਢੰਗ ਨਾਲ ਚੇਅਰਮੈਨ ਵਿਰਾਟ ਦੇਵਗਨ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਿਲਵਰ ਜੁਬਲੀ ਸਮਾਗਮ ਦੌਰਾਨ ਕਾਲਜ ਦਾ ਵਿਹੜਾ ਖੁਸ਼ੀਆਂ ਨਾਲ ਭਰਿਆ ਸੀ ਅਤੇ ਇਸ ਖੁਸ਼ੀ ਦੇ ਜਸ਼ਨਾਂ ਦਾ ਮਾਹੌਲ ਦੇਖਣਯੋਗ ਸੀ। ਇਸ ਮੌਕੇ ਮੁੱਖ ਮਹਿਮਾਨ ਡਾ. ਜਸਪਿੰਦਰ ਸੰਧੂ, ਰਜਨੀਸ਼, ਵਿਜੇ ਦੱਤ ਵਿਕਾਸ ਪੰਜਾਬ ਖੁਰਾਕ ਕਮਿਸ਼ਨ ਦੇ ਮੈਂਬਰ, ਸੁਰੇਸ਼ ਕੁਮਾਰ ਅਕਾਦਮਿਕ ਨਿਰਦੇਸ਼ਕ, ਮਨੋਹਰ ਵਾਟਿਕਾ ਸਕੂਲ, ਵਿਸ਼ਵ ਸਹਿਜਪਾਲ ਸਨਾਤਨ ਸੇਵਾ ਸੰਮਤੀ ਆਮ ਆਦਮੀ ਪਾਰਟੀ ਸ਼ਾਮਲ ਹੋਏ। ਚੇਅਰਮੈਨ ਵਿਰਾਟ ਦੇਵਗਨ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਵਿਰਾਟ ਦੇਵਗਨ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਸਵਤੀ ਕਾਲਜ ਦੀ ਸਥਾਪਨਾ ਨੌਜਵਾਨਾਂ ਨੂੰ ਨੌਕਰੀ ਦੇ ਨਾਲ-ਨਾਲ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਕਾਲਜ ਆਪਣੀ 25 ਸਾਲਾਂ ਦੀ ਸਫ਼ਲ ਯਾਤਰਾ ਪੂਰੀ ਕਰਦਿਆਂ ਹਜ਼ਾਰਾਂ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿਚ ਰੋਜ਼ਗਾਰ ਯੋਗ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਸਭ ਤੋਂ ਵੱਡੀ ਪ੍ਰਾਪਤੀ ਉਹ ਹਜ਼ਾਰਾਂ ਵਿਦਿਆਰਥੀ ਹਨ, ਜੋ ਅੱਜ ਵੱਖ-ਵੱਖ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਸਮਾਜ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਸਮਾਗਮ ਦੌਰਾਨ ਕਾਲਜ ਦੀਆਂ 25 ਸਾਲਾਂ ਦੀਆਂ ਉਪਲਬਧੀਆਂ ਨੂੰ ਦਰਸਾਉਂਦੀਆਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ, ਸਨਮਾਨ ਸਮਾਰੋਹ ਅਤੇ ਹੋਰ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਚੇਅਰਮੈਨ ਵਿਰਾਟ ਦੇਵਗਨ ਨੇ ਆਪਣੇ ਸੰਬੋਧਨ ਵਿਚ ਇਹ ਭਰੋਸਾ ਵੀ ਦਿਵਾਇਆ ਕਿ ਸਰਸਵਤੀ ਕਾਲਜ ਭਵਿੱਖ ਵਿਚ ਵੀ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ, ਨੌਜਵਾਨਾਂ ਨੂੰ ਰੁਜ਼ਗਾਰ-ਮੁਖੀ ਸਿੱਖਿਆ ਨਾਲ ਜੋੜਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦਾ ਰਹੇਗਾ। ਇਸ ਮੌਕੇ ਦਿਨੇਸ਼ ਬਜਾਜ, ਰਣਜੀਤ ਸਿੰਘ ਜੋਸਨ, ਬਲਵਿੰਦਰ ਭੱਟੀ, ਹਰੀਸ਼ ਬੱਬਰ, ਸਮੂਹ ਸਟਾਫ਼, ਵਿਦਿਆਰਥੀ, ਪੁਰਾਣੇ ਵਿਦਿਆਰਥੀ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਭ ਨੇ ਮਿਲ ਕੇ ਸਰਸਵਤੀ ਕਾਲਜ ਨੂੰ 25ਵੇਂ ਸਥਾਪਨਾ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਇਸ ਯਾਦਗਾਰ ਮੌਕੇ ਨੂੰ ਖੁਸ਼ੀ-ਖੁਸ਼ੀ ਮਨਾਇਆ।