ਖ਼ੂਨਦਾਨ ਕਈ ਕੀਮਤੀ ਜ਼ਿੰਦਗੀਆਂ ਬਚਾਉਂਦਾ : ਡਾ. ਚੇਤਨ ਸ਼ਰਮਾ ਖੂਨਦਾਨ ਕਈ ਕੀਮਤੀ ਜਿੰਦਗੀਆਂ ਬਚਾਉਂਦਾ : ਡਾ. ਚੇਤਨ ਸ਼ਰਮਾ
Publish Date: Sun, 05 Jul 2026 05:07 PM (IST)
Updated Date: Sun, 05 Jul 2026 05:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਖ਼ੂਨਦਾਨ ਕਰਨ ਸਮੇਂ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਇਸ ਨਾਲ ਸਰੀਰ ’ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਪੈਂਦਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਫੈਂਸ ਆਫ ਪਿਊਪਲ ਰਾਈਟਸ ਸੁਸਾਇਟੀ ਦੇ ਹੈਲਥ ਵਿੰਗ ਦੇ ਪ੍ਰਧਾਨ ਸਮਾਜ ਸੇਵਕ ਡਾ. ਚੇਤਨ ਸ਼ਰਮਾ ਨੇ ਕੀਤਾ। ਜ਼ਿਕਰਯੋਗ ਹੈ ਕਿ ਡਾ. ਚੇਤਨ ਸ਼ਰਮਾ ਕਈ ਸੰਸਥਾਵਾਂ ਨਾਲ ਮਿਲ ਕੇ ਖ਼ੂਨਦਾਨ ਕੈਂਪ ਲਗਾਉਂਦੇ ਆ ਰਹੇ ਹਨ। ਵਿਸ਼ਵ ਖੂਨ ਦਿਵਸ ਮੌਕੇ ਵੀ ਉਨ੍ਹਾਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਕੈਂਪ ਲਗਵਾਏ। ਡਾ. ਚੇਤਨ ਸ਼ਰਮਾ ਨੇ ਕਿਹਾ ਕਿ ਖ਼ੂਨਦਾਨ ਦੇ ਕਈ ਫਾਇਦੇ ਹਨ। ਖ਼ੂਨਦਾਨ ਇਨਸਾਨਾਂ ਵਿਚ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ ਅਤੇ ਖੂਨ ਦੇ ਲਾਲ ਸੈੱਲਜ਼ ਬਣਾਉਣ ਨੂੰ ਵਧਾਉਂਦਾ ਹੈ। ਵਧੇਰੀ ਉਮਰ ਵਾਲੇ ਇਨਸਾਨ ਜੋ ਕਿ ਲਗਾਤਾਰ ਖ਼ੂਨਦਾਨ ਕਰਦੇ ਹਨ, ਅਕਸਰ ਖ਼ੂਨਦਾਨ ਤੋਂ ਬਾਅਦ ਤਾਜ਼ਗੀ ਮਹਿਸੂਸ ਕਰਦੇ ਹਨ। ਖ਼ੂਨਦਾਨ ਤਿੰਨ ਜਾਨਾਂ ਬਚਾਅ ਸਕਦਾ ਹੈ। ਲੋੜਵੰਦਾਂ ਅਤੇ ਮਰੀਜਾਂ ਲਈ ਖੂਨ ਦੀ ਵੱਡੀ ਘਾਟ ਹੋਣ ਕਰ ਕੇ ਵੱਖ-ਵੱਖ ਸੰਸਥਾਵਾਂ ਖੂਨ ਦਾਨ ਨੂੰ ਬਹੁਤ ਉਤਸ਼ਾਹਿਤ ਕਰਦੀਆਂ ਹਨ। ਖੂਨ ਦਾ ‘ਪਲਾਜ਼ਮਾ’ ਅਕਸਰ 24 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ। ਖੂਨ ਦੇ ਲਾਲ ਸੈੱਲ (ਰੈੱਡ ਬਲੱਡ ਸੈਲਜ਼) 3-5 ਹਫਤਿਆਂ ਵਿੱਚ ਦੁਬਾਰਾ ਬਣ ਜਾਂਦੇ ਹਨ ਅਤੇ ਆਇਰਨ 6-8 ਹਫਤਿਆਂ ਵਿਚ ਆਪਣੇ ਪਹਿਲਾਂ ਵਾਲੇ ਪੱਧਰ ਤੇ ਆ ਜਾਂਦਾ ਹੈ। ਡਾ. ਚੇਤਨ ਸ਼ਰਮਾ ਨੇ ਸਵੈ-ਇਛੁੱਕ ਖ਼ੂਨਦਾਨੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਹੋਰਨਾਂ ਦੀ ਜ਼ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ 65 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦਾ ਹੈ, ਹਰ 3 ਮਹੀਨੇ ਬਾਅਦ ਖ਼ੂਨਦਾਨ ਕੀਤਾ ਜਾ ਸਕਦਾ ਹੈ ਭਾਵ ਕਿ ਕੋਈ ਵਿਅਕਤੀ ਸਾਲ ਵਿੱਚ ਚਾਰ ਵਾਰੀ ਖੂਨ ਦੇ ਸਕਦਾ ਹੈ ਅਤੇ ਫਿਰ ਵੀ ਸਿਹਤਮੰਦ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ, ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ ਉੱਤੇ ਕਾਬੂ ਰਹਿੰਦਾ ਹੈ।