ਚਾਰ ਘੰਟੇ ਦੀ ਉਡੀਕ ਮਗਰੋਂ ਮਜੀਠਾ ਥਾਣੇ ਦੀ ਪੁਲਿਸ ਨੇ ਮਜੀਠੀਆ ਨੂੰ ਤਫਤੀਸ਼ ਲਈ ਬੁਲਾਇਆ
ਚਾਰ ਘੰਟੇ ਦੀ ਲੰਬੀ ਉਡੀਕ ਮਗਰੋਂ ਮਜੀਠਾ ਥਾਣੇ ਦੀ ਪੁਲਿਸ ਦੀ ਪੁਲਿਸ ਨੇ ਮਜੀਠੀਆ ਨੂੰ ਬੁਲਾਇਆ ਤਫਤੀਸ਼ ਲਈ
Publish Date: Sat, 20 Jun 2026 08:17 PM (IST)
Updated Date: Sun, 21 Jun 2026 04:13 AM (IST)

* ਮਾਮਲਾ ਥਾਣਾ ਮਜੀਠਾ ’ਚ ਦਰਜ ਮੁਕੱਦਮਾ ਨੰਬਰ 91 ਦੀ ਤਫਤੀਸ਼ ਦਾ * ਮਜੀਠੀਆ ਦੇ ਵਕੀਲਾਂ ਦੀ ਮਜੀਠਾ ਪੁਲਿਸ ਨਾਲ ਤਿੱਖੀ ਨੋਕ-ਝੋਕ ਵੀ ਹੋਈ, ਮਾਹੌਲ ਤਣਾਅਪੂਰਨ ਬਣਿਆ ਫੋਟੋ:44 ਕੈਪਸ਼ਨ: ਸੀਨੀਅਰ ਅਕਾਲੀ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੋਧ ਸਿੰਘ ਸਮਰਾ ਤਫਤੀਸ਼ ਵਿਚ ਸ਼ਾਮਲ ਹੋਣ ਲਈ ਥਾਣਾ ਮਜੀਠਾ ਵੱਲ ਜਾਂਦੇ ਹੋਏ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੋਧ ਸਿੰਘ ਸਮਰਾ, ਜਤਿੰਦਰਪਾਲ ਸਿੰਘ ਸਾਬਾ, ਰਾਜਵਿੰਦਰ ਸਿੰਘ ਰਾਜਾ ਲਦੇਹ ਆਦਿ ਖ਼ਿਲਾਫ਼ ਦਰਜ ਕੀਤੇ ਮੁਕੱਦਮਾ ਨੰਬਰ 91/26 ਦੇ ਮਾਮਲੇ ’ਚ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਦੇ ਅਜਨਾਲਾ ਤੋਂ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ ਸਾਬਾ ਹਮਜ਼ਾ ਆਪਣੇ ਵਕੀਲਾਂ ਸਮੇਤ ਸ਼ਨਿਚਰਵਾਰ ਦੁਪਹਿਰ ਠੀਕ 12.30 ਵਜੇ ਥਾਣਾ ਮਜੀਠਾ ਵਿਖੇ ਤਫਤੀਸ਼ ’ਚ ਸ਼ਾਮਲ ਹੋਣ ਲਈ ਪਹੁੰਚੇ। ਪਰ ਮਜੀਠਾ ਪੁਲਿਸ ਨੇ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਖਰ ਦੁਪਹਿਰੇ ਥਾਣੇ ਦੇ ਬਾਹਰ ਹੀ ਖੜ੍ਹਾ ਰਖਿਆ ਅਤੇ ਅੰਦਰ ਜਾਣ ਦੀ ਇਜਾਜਤ ਨਹੀ ਦਿੱਤੀ। ਇਸ ਮੌਕੇ ਮਜੀਠੀਆ ਦੇ ਵਕੀਲਾਂ ਦੀ ਮਜੀਠਾ ਪੁਲਿਸ ਨਾਲ ਤਿੱਖੀ ਨੋਕ-ਝੋਕ ਵੀ ਹੋਈ, ਜਿਸ ’ਤੇ ਕੁੱਝ ਸਮੇਂ ਲਈ ਮਾਹੌਲ ਤਣਾਅਪੂਰਨ ਬਣਿਆ ਰਿਹਾ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹ ਇਕੱਲੇ ਤਫਤੀਸ਼ ’ਚ ਸ਼ਾਮਲ ਹੋਣਗੇ, ਉਨ੍ਹਾਂ ਦੇ ਵਕੀਲ ਤਫਤੀਸ਼ ’ਚ ਸ਼ਾਮਲ ਨਹੀਂ ਹੋਣਗੇ। ਜਦਕਿ ਵਕੀਲਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵੀ ਮੁਲਜ਼ਮ ਤਫਤੀਸ਼ ’ਚ ਸ਼ਾਮਲ ਹੋਣ ਲਈ ਆਪਣੇ ਵਕੀਲ ਨੂੰ ਨਾਲ ਲਿਜਾ ਸਕਦਾ ਹੈ ਪਰ ਥਾਣਾ ਮਜੀਠਾ ਦੀ ਪੁਲਿਸ ਆਪਣੀ ਜ਼ਿੱਦ ’ਤੇ ਅੜੀ ਰਹੀ ਅਤੇ ਕਰੀਬ 4 ਘੰਟੇ ਮੁਲਜ਼ਮਾਂ ਨੂੰ ਥਾਣੇ ਦੇ ਬਾਹਰ ਕੜਕਦੀ ਧੁੱਪ ’ਚ ਖੜ੍ਹੇ ਰੱਖਿਆ, ਆਖਰ ਕਰੀਬ 4 ਘੰਟੇ ਤੋ ਬਾਅਦ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਕੱਲਿਆਂ ਹੀ ਤਫਤੀਸ਼ ’ਚ ਸ਼ਾਮਲ ਹੋਣ ਲਈ ਬੁਲਾਇਆ ਗਿਆ। ਜ਼ਿਕਰਯੋਗ ਹੈ ਕਿ ਅੱਜ ਵਕੀਲਾਂ ਦੇ ਪੈਨਲ ’ਚ ਹਾਈਕੋਰਟ ਦੇ ਸੀਨੀਅਰ ਵਕੀਲ ਦਮਨਬੀਰ ਸਿੰਘ ਸੋਬਤੀ, ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਸੈਣੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਸਤਵਿੰਦਰ ਸਿੰਘ ਸੱਗੂ ਸਮੇਤ ਹੋਰ ਵੀ ਵਕੀਲ ਸ਼ਾਮਲ ਸਨ। ਦੂਜੇ ਪਾਸੇ ਤਫਤੀਸ਼ ਕਰਨ ਵਾਲੀ ਸਿੱਟ ਦੇ ਮੈਂਬਰਾਂ ’ਚ ਸਿੱਟ ਇੰਚਾਰਜ ਐੱਸਪੀ ਗੁਰਜੀਤ ਪਾਲ ਸਿੰਘ, ਡੀਐੱਸਪੀ ਧਰਮਿੰਦਰ ਕਲਿਆਣ, ਡੀਐੱਸਪੀ ਪਵਨ ਕੁਮਾਰ, ਡੀਐੱਸਪੀ ਕਮਲਮੀਤ ਸਿੰਘ, ਐੱਸਆਈ ਹਰਚੰਦ ਸਿੰਘ, ਐੱਸਅਆਈ ਨਰੇਸ਼ ਕੁਮਾਰ ਆਦਿ ਸ਼ਾਮਲ ਸਨ। ਇਸ ਦੌਰਾਨ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਸਿੱਟ ਵੱਲੋ ਤਫਤੀਸ਼ ਜਾਰੀ ਸੀ ਅਤੇ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀ ਥਾਣੇ ਅੰਦਰ ਹੀ ਸਨ।