ਮੁੱਖ ਮੰਤਰੀ ਵੱਲੋਂ ਜਥੇਦਾਰ ਦੇ ਸਨਮੁਖ ਪੱਖ ਰੱਖਣ ਦੀ ਵੀਡੀਓ ਅਕਾਲ ਤਖ਼ਤ ਵੱਲੋਂ ਜਾਰੀ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀਡੀਓ ਮਸਲੇ 'ਚ ਮੁੱਖ ਮੰਤਰੀ ਵੱਲੋਂ ਜਥੇਦਾਰ ਦੇ ਸਨਮੁਖ ਪੱਖ ਰੱਖਣ ਦੀ ਵੀਡੀਓ ਜਾਰੀ
Publish Date: Sat, 20 Jun 2026 07:57 PM (IST)
Updated Date: Sun, 21 Jun 2026 04:10 AM (IST)

ਕੈਪਸ਼ਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਨਮੁਖ ਪੱਖ ਰੱਖਣ ਸਬੰਧੀ ਵੀਡੀਓ ਤੋਂ ਲਈ ਤਸਵੀਰ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵੀਡੀਓ ਮਸਲੇ ’ਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਨਮੁਖ ਪੱਖ ਰੱਖਣ ਦੀ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜਦੋਂ 15 ਜਨਵਰੀ ਨੂੰ ਉਨ੍ਹਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਲਈ ਪੁੱਜੇ ਸਨ ਤਾਂ ਉਨ੍ਹਾਂ ਨਾਲ ਸਬੰਧਤ ਕਥਿਤ ਵੀਡੀਓ ਦੇ ਸਬੰਧ ’ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਿਲਕੁਲ ਫ਼ਰਜ਼ੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਵੀ ਚਾਹੁੰਦੇ ਹਨ ਕਿ ਵੀਡੀਓ ਦੀ ਜਾਂਚ ਹੋਵੇ, ਉਹ ਫੋਰੈਂਸਿਕ ਲੈਬਾਂ ਦੇ ਪਤੇ ਦੇ ਦੇਣਗੇ, ਅੱਜ-ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦਾ ਸਮਾਂ ਹੈ, ਉਨ੍ਹਾਂ ਤੋਂ ਇਲਾਵਾ ਹੋਰਾਂ ਦੀਆਂ ਵੀ ਏਆਈ ਵੀਡੀਓ ਬਣੀਆਂ ਹਨ। ਮੁੱਖ ਮੰਤਰੀ ਨੇ ਆਖਿਆ ਕਿ ਉਹ ਆਪਣੀਆਂ ਨੰਗੀਆਂ ਅੱਖਾਂ, ਫੋਰੈਂਸਿਕ ਤੋਂ ਬਿਨਾਂ ਵੀ ਵੀਡੀਓ ਦੇ ਤੱਥਾਂ ਬਾਰੇ ਦੱਸ ਸਕਦੇ ਹਨ। ਜਥੇਦਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਿਆ ਕਿ ਉਹ ਸਰਕਾਰ ਦੀਆਂ ਕੋਈ ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੱਸਣ, ਜਿੱਥੋਂ ਵੀਡੀਓ ਦੀ ਜਾਂਚ ਹੋਵੇ। ਇਸ ’ਤੇ ਮੁੱਖ ਮੰਤਰੀ ਨੇ ਜਾਂਚ ਕਰਵਾਉਣ ਲਈ ਹਾਮੀ ਭਰੀ। ਜਥੇਦਾਰ ਨੇ ਕਿਹਾ ਕਿ ਜੇਕਰ ਵੀਡੀਓ ਗ਼ਲਤ ਵੀ ਹੈ ਤਾਂ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ ਪਰ ਵੀਡੀਓ ਸਹੀ ਜਾਂ ਗ਼ਲਤ ਹੈ, ਦਾ ਨਿਚੋੜ ਫੋਰੈਂਸਿਕ ਜਾਂਚ ਰਾਹੀਂ ਨਿਕਲ ਸਕਦਾ ਹੈ। ਮੁੱਖ ਮੰਤਰੀ ਨੇ ਜਥੇਦਾਰ ਨੂੰ ਕਿਹਾ, ‘ਜਿਹੜੀ ਮਰਜ਼ੀ ਫੋਰੈਂਸਿਕ ਲੈਬ ਤੋਂ ਜਾਂਚ ਲਈ ਕਹੋਗੇ, ਅਸੀਂ ਕਰਵਾ ਦਿਆਂਗੇ’। ਸਿੰਘ ਸਾਹਿਬ ਨੇ ਪੁੱਛਿਆ ਕਿ ਤੁਸੀਂ ਇਸ ਵੀਡੀਓ ਦੀ ਜਾਂਚ ਕਰਵਾਈ ਹੈ? ਇਸ ’ਤੇ ਮੁੱਖ ਮੰਤਰੀ ਜਵਾਬ ਦਿੰਦੇ ਹਨ ਕਿ ਸਾਡੇ ਕੋਲ ਅਦਾਲਤ ਦਾ ਹੁਕਮ ਹੈ ਕਿ ਇਹ ਵੀਡੀਓ ਹੀ ਗ਼ਲਤ ਹੈ। ਜਥੇਦਾਰ ਗੜਗੱਜ ਨੇ ਆਖਿਆ ਕਿ ਉਨ੍ਹਾਂ ਅਦਾਲਤ ਦਾ ਹੁਕਮ ਪੜ੍ਹਿਆ ਹੈ, ਅਦਾਲਤ ਨੇ ਇਸ ਵੀਡੀਓ ਦੀ ਜਾਂਚ ਨਹੀਂ ਕਰਵਾਈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਕਹਿੰਦੇ ਹੋ ਤਾਂ ਫੋਰੈਂਸਿਕ ਜਾਂਚ ਕਰਵਾਉਣ ਲਈ ਤਿਆਰ ਹਾਂ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋ ਲੈਬਾਂ ਤੋਂ ਜਾਂਚ ਕਰਵਾਈ, ਜਿਸ ਦੇ ਆਧਾਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਾਰਵਾਈ ਕੀਤੀ ਹੈ। ਜਿਸ ਮਗਰੋਂ ਮੁੱਖ ਮੰਤਰੀ ਨੇ ਦੋ ਲੈਬਾਰਟਰੀਜ਼ ਤੋਂ ਜਾਂਚ ਕਰਵਾ ਕੇ ਇਸ ਵੀਡੀਓ ਨੂੰ ਗ਼ਲਤ ਠਹਿਰਾਇਆ ਹੈ।