ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਪਾਕਿਸਤਾਨ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਹੋਵੇਗਾ ਰਵਾਨਾ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਭਲਕੇ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ
Publish Date: Sat, 20 Jun 2026 06:24 PM (IST)
Updated Date: Sun, 21 Jun 2026 04:04 AM (IST)

* ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ ਕੈਪਸ਼ਨ : ਸ਼ਰਧਾਲੂਆਂ ਨੂੰ ਵੀਜਾ ਲੱਗੇ ਪਾਸਪੋਰਟ ਦੇਣ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਮੇਜਰ ਸਿੰਘ ਢਿੱਲੋਂ, ਓਐਸਡੀ ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਤੇ ਹੋਰ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਸਵੇਰੇ 8 ਵਜੇ ਰਵਾਨਾ ਕੀਤਾ ਜਾਵੇਗਾ। ਇਹ ਜਥਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ 30 ਜੂਨ ਨੂੰ ਵਾਪਸ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਕਰਨਗੇ, ਜਦਕਿ ਉਨ੍ਹਾਂ ਨਾਲ ਜਥੇ ਦੇ ਡਿਪਟੀ ਲੀਡਰ ਵਜੋਂ ਖ਼ੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ ਤੇ ਜਰਨਲ ਪ੍ਰਬੰਧਕ ਵਜੋਂ ਮੀਤ ਸਕੱਤਰ ਅਜ਼ਾਦਦੀਪ ਸਿੰਘ ਜਾਣਗੇ। ਅੱਜ ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਦੇਣ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਮੇਜਰ ਸਿੰਘ ਢਿੱਲੋਂ, ਓਐੱਸਡੀ ਸਤਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਤੇ ਹੋਰ ਮੌਜੂਦ ਸਨ। ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਆਖਿਆ ਕਿ ਪਾਕਿਸਤਾਨ ’ਚ ਰਹਿ ਗਏ ਸਿੱਖ ਗੁਰਧਾਮਾਂ ਦੇ ਦੀਦਾਰ ਕਰਨ ਦੀ ਹਰ ਸਿੱਖ ਅੰਦਰ ਇੱਛਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਥੇ ’ਚ ਜਾ ਰਹੇ ਸ਼ਰਧਾਲੂਆਂ ਦੇ ਮਨਾਂ ਅੰਦਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਤੇ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਤੇ 21 ਜੂਨ ਨੂੰ ਸੰਗਤ ਨੂੰ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ 302 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ’ਚੋਂ 12 ਸ਼ਰਧਾਲੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਵੀਜ਼ੇ ਜਾਰੀ ਨਹੀਂ ਕੀਤੇ। ਉਨ੍ਹਾਂ ਦੱਸਿਆ ਕਿ 290 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਅੱਜ ਵੀਜ਼ਾ ਲੱਗੇ ਪਾਸਪੋਰਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਅੱਜ ਪਾਸਪੋਰਟ ਲੈਣ ਨਹੀਂ ਪੁੱਜ ਸਕੇ, ਉਹ ਜਥੇ ਦੀ ਰਵਾਨਗੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰਨ। ਇਸ ਮੌਕੇ ਯਾਤਰਾ ਵਿਭਾਗ ਦੇ ਇੰਚਾਰਜ ਜਗਜੀਤ ਸਿੰਘ ਤੇ ਹੋਰ ਹਾਜ਼ਰ ਸਨ।