117 ਸੀਟਾਂ 'ਤੇ ਇਕੱਲੇ ਚੋਣਾਂ ਲੜਾਂਗੇ, ਭਾਜਪਾ ਹੀ ਕਰ ਸਕਦੀ ਪੰਜਾਬ ਦਾ ਭਲਾ : ਚੁੱਘ
117 ਸੀਟਾਂ 'ਤੇ ਇਕੱਲੇ ਚੋਣਾਂ ਲੜਾਂਗੇ, ਭਾਜਪਾ ਹੀ ਕਰ ਸਕਦੀ ਪੰਜਾਬ ਦਾ ਭਲਾ : ਚੁੱਘ
Publish Date: Thu, 18 Jun 2026 08:11 PM (IST)
Updated Date: Fri, 19 Jun 2026 04:12 AM (IST)

* ਕਿਹਾ, ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ ਤੇ ਚੱਲਦੇ ਹੋਏ ਅਸੀਂ ਇਕ ਅਜਿਹੀ ਸਰਕਾਰ ਬਣਾਵਾਂਗੇ ਜੋ ਪੰਜਾਬ-ਪੰਜਾਬੀਅਤ ਦੀ ਸੁਰੱਖਿਆ ਕਰੇ * ਭਾਜਪਾ ਪੰਜਾਬ ਦੀ ਹਰ ਗਲੀ ’ਚ ਜਾਵੇਗੀ ਤੇ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ ਪੰਜਾਬੀ ਜਾਗਰਣ ਟੀਮ, ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਤੇ ਨਵ-ਨਿਯੁਕਤ ਪੰਜਾਬ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਅਰਦਾਸ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਇਕ ਵਿਕਸਿਤ ਰਾਸ਼ਟਰ ਬਣੇ, ਦੁਨੀਆ ’ਚ ਸ਼ਾਂਤੀ ਹੋਵੇ, ਪੰਜਾਬ ਤਰੱਕੀ ਕਰੇ ਤੇ ਇਹ ਨਸ਼ਿਆਂ ਅਤੇ ਗੈਂਗਸਟਰਾਂ ਤੋਂ ਮੁਕਤ ਹੋਵੇ। ਚੁੱਘ ਨੇ ਕਿਹਾ ਕਿ ਭਾਜਪਾ ਪੰਜਾਬ ’ਚ ਇਕੱਲੇ ਚੋਣਾਂ ਲੜੇਗੀ ਅਤੇ ਸਰਕਾਰ ਬਣਾਏਗੀ। ਸਿਰਫ਼ ਭਾਜਪਾ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਲੈ ਜਾ ਸਕਦੀ ਹੈ। ਚੁੱਘ ਨੇ ਕਿਹਾ ਕਿ ਹਰ ਭਾਜਪਾ ਵਰਕਰ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਇਕ ਸਿਪਾਹੀ ਵਾਂਗ ਲੜੇਗਾ ਤੇ ਅਸੀਂ ਪੰਜਾਬ ’ਚ ਸਰਕਾਰ ਬਣਾਵਾਂਗੇ। ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਅਸੀਂ ਇਕ ਅਜਿਹੀ ਸਰਕਾਰ ਬਣਾਵਾਂਗੇ ਜੋ ਪੰਜਾਬ ਤੇ ਪੰਜਾਬੀਅਤ ਦੀ ਸੁਰੱਖਿਆ ਕਰੇਗੀ। ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਹੋਵੇਗਾ, ਪਰ ਕਿਸੇ ਨੂੰ ਵੀ ਕਿਸੇ ਤੇ ਜ਼ੁਲਮ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਪੰਜਾਬ ਆਰਥਿਕ ਮੰਦੀ ਤੇ ਨਸ਼ਿਆਂ ਤੋਂ ਗ੍ਰਸਤ ਹੈ। ਭਾਜਪਾ ਪੰਜਾਬ ਦੀ ਹਰ ਗਲੀ ’ਚ ਜਾਵੇਗੀ ਅਤੇ ਨਸ਼ਿਆਂ ਵਿਰੁੱਧ ਜਨਤਕ ਜਾਗਰੂਕਤਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਲੋਕ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਤਿਆਰ ਹਨ। ਹਾਲਾਤ ਅਜਿਹੇ ਹਨ ਕਿ ਉਨ੍ਹਾਂ ਦੇ ਵਿਧਾਇਕ ਪਿੰਡਾਂ ’ਚ ਵੀ ਦਾਖ਼ਲ ਨਹੀਂ ਹੋ ਸਕਦੇ। ਚਾਰ ਸਾਲਾਂ ’ਚ ਆਪ ਨੇ ਪੰਜਾਬ ਨੂੰ ਜਬਰੀ ਵਸੂਲੀ, ਗੈਂਗਸਟਰਾਂ, ਗੁੰਡਿਆਂ ਤੇ ਮੰਤਰੀਆਂ ਨੇ ਟਾਰਚਰ ਸੈਂਟਰਾਂ ਦੇ ਇਲਾਵਾ ਕੁੱਝ ਨਹੀਂ ਦਿੱਤਾ। ਭਾਜਪਾ ਲੋਕਾਂ ਦੀ ਆਵਾਜ਼ ਬਣੇਗੀ। ਪੰਜਾਬ ਸਰਕਾਰ ਹਰ ਮੋਰਚੇ ਤੇ ਅਸਫਲ ਰਹੀ ਹੈ। ਪੰਜਾਬ ਦੇ ਕਿਸਾਨ ਤੇ ਲੋਕ ਮੋਦੀ ਦੇ ਹੱਥਾਂ ’ਚ ਸੁਰੱਖਿਅਤ : ਢਿੱਲੋਂ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤੇ ਲੋਕ ਮੋਦੀ ਦੇ ਹੱਥਾਂ ਵਿਚ ਸੁਰੱਖਿਅਤ ਹਨ। ਸਾਡਾ ਰਿਕਾਰਡ ਖੁਦ ਬੋਲਦਾ ਹੈ। ਭਾਜਪਾ 22 ਸੂਬਿਆਂ ’ਚ ਸੱਤਾ ਵਿਚ ਹੈ। ਜਿੱਥੇ ਵੀ ਭਾਜਪਾ ਸੱਤਾ ’ਚ ਹੈ, ਉੱਥੇ ਤਰੱਕੀ ਹੋਈ ਹੈ। ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ 24 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਪ੍ਰਦਾਨ ਕਰਦੀ ਹੈ। ਇਸ ਦੇ ਉਲਟ ਪੰਜਾਬ ’ਚ ਆਪ ਦੀ ਅਗਵਾਈ ਵਾਲੀ ਸਰਕਾਰ ਅਧੀਨ ਉਦਯੋਗ ਤਬਾਹ ਹੋ ਗਿਆ ਹੈ। ਵਪਾਰੀ ਗੈਂਗਸਟਰਵਾਦ ਕਾਰਨ ਪੀੜਤ ਹਨ, ਅਧਿਆਪਕ ਤੇ ਸਰਵਿਸ ਕਲਾਸ ਦੁਖੀ ਹਨ। ਸਰਕਾਰ ਨੇ ਹਰ ਵਰਗ ਲਈ ਜੀਵਨ ਮੁਸ਼ਕਲ ਬਣਾ ਦਿੱਤਾ ਹੈ। ਪੰਜਾਬ ਦੀ ਅਯੋਗ ਸਰਕਾਰ ਹਰ ਮੋਰਚੇ ਤੇ ਅਸਫਲ ਰਹੀ ਹੈ। ਭਾਜਪਾ ਪੰਜਾਬ ’ਚ 117 ਸੀਟਾਂ ਤੇ ਚੋਣ ਲੜੇਗੀ। 2027 ਵਿਚ ਅਸੀਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ-ਏ-ਪੰਜਾਬ ਦੇ ਰਾਜ ਨੂੰ ਵਾਪਸ ਲਿਆਵਾਂਗੇ, ਜਿੱਥੇ ਜਾਤ, ਧਰਮ ਜਾਂ ਉੱਚ-ਨੀਚ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਹੋਵੇਗਾ। ਕਾਂਗਰਸ ਪਾਰਟੀ ਐਕਸਪਾਇਰਡ ਇੰਜੈਕਸ਼ਨ ਚੁੱਘ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਐਕਸਪਾਇਰਡ ਇੰਜੈਕਸ਼ਨ ਹੈ। ਦੇਸ਼ ਭਰ ਦੇ ਕਾਂਗਰਸੀ ਆਗੂ ਪਾਰਟੀ ਛੱਡ ਰਹੇ ਹਨ। ਅਜਿਹੀ ਪਾਰਟੀ ਦਾ ਅਕਸ ਕੀ ਹੋਵੇਗਾ, ਜਿਸ ਦੀ ਕੋਈ ਨੀਤੀ, ਕੋਈ ਇਰਾਦਾ ਤੇ ਕੋਈ ਨੇਤਾ ਨਹੀਂ ਹੈ? ਉਹ ਪੰਜਾਬ ’ਚ ਜਿਸ ਨੂੰ ਵੀ ਚਾਹੁੰਦੇ ਹਨ, ਪ੍ਰਧਾਨ ਨਿਯੁਕਤ ਕਰ ਸਕਦੇ ਹਨ, ਪਰ ਇਸ ਤੋਂ ਪਹਿਲਾਂ ਕਾਂਗਰਸੀ ਨਿਗਰਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦਾ 1984 ਦੇ ਸਿੱਖ ਕਤਲੇਆਮ ਨੂੰ ਅੰਜਾਮ ਦੇਣ ਵਾਲਿਆਂ ਨਾਲ ਕੀ ਸਬੰਧ ਹੈ। ਉਨ੍ਹਾਂ ਦਾ ਉਨ੍ਹਾਂ ਲੋਕਾਂ ਨਾਲ ਕੀ ਸਬੰਧ ਹੈ, ਜਿਨ੍ਹਾਂ ਉਸ ਸਮੇਂ ਦੌਰਾਨ 52 ਸ਼ਹਿਰਾਂ ਨੂੰ ਕਬਰਸਤਾਨਾਂ ’ਚ ਬਦਲ ਦਿੱਤਾ ਸੀ? ਲੋਕਾਂ ਨੂੰ ਉਨ੍ਹਾਂ ਤੋਂ ਹਿਸਾਬ ਮੰਗਣਾ ਚਾਹੀਦਾ ਹੈ। ਤਕਨੀਕੀ ਕਾਰਨਾਂ ਕਰ ਕੇ ਲਾਂਘਾ ਬੰਦ, ਵਪਾਰ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਹੋਣ ਤੇ ਅਟਾਰੀ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਰੁਕੇ ਹੋਏ ਵਪਾਰ ਬਾਰੇ ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਤਕਨੀਕੀ ਕਾਰਨਾਂ ਕਰ ਕੇ ਬੰਦ ਹੈ ਅਤੇ ਜਲਦੀ ਖੁੱਲ੍ਹ ਜਾਵੇਗਾ। ਅਟਾਰੀ ਰਾਹੀਂ ਭਾਰਤ ਤੇ ਪਾਕਿਸਤਾਨ ਵਿਚਕਾਰ ਰੁਕੇ ਹੋਏ ਵਪਾਰ ਬਾਰੇ ਉਨ੍ਹਾਂ ਕਿਹਾ ਕਿ ਸਰਹੱਦੀ ਵਪਾਰ ਸਿਰਫ਼ ਅੰਮ੍ਰਿਤਸਰ ਦੇ ਅਟਾਰੀ ਵਿਖੇ ਹੀ ਬੰਦ ਨਹੀਂ ਹੈ; ਭਾਰਤ ਦੇ ਕਿਸੇ ਵੀ ਕੋਨੇ ਤੋਂ ਪਾਕਿਸਤਾਨ ਨਾਲ ਵਪਾਰ ਬੰਦ ਹੈ। ਅੱਜ ਵੀ ਅਫਗਾਨਿਸਤਾਨ ਨਾਲ ਵਪਾਰ ਅਟਾਰੀ ਰਾਹੀਂ ਹੋ ਰਿਹਾ ਹੈ। ਵਪਾਰ ਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ।