ਦਾਣਾ ਮੰਡੀ ਤੇ ਪਨਸਪ ਗੁਦਾਮਾਂ ਦੇ ਵਿਕਾਸ ਕਾਰਜਾਂ ਦਾ ਈਟੀਓ ਵੱਲੋਂ ਜਾਇਜ਼ਾ
ਜੰਡਿਆਲਾ ਗੁਰੂ ਦੀ ਦਾਣਾ ਮੰਡੀ ਤੇ ਪਨਸਪ ਗੁਦਾਮਾਂ ਦੇ ਵਿਕਾਸ ਕਾਰਜਾਂ ਦਾ ਮੰਤਰੀ ਈਟੀਓ ਵੱਲੋਂ ਜਾਇਜ਼ਾ
Publish Date: Tue, 16 Jun 2026 07:15 PM (IST)
Updated Date: Wed, 17 Jun 2026 04:07 AM (IST)

ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਹਰਭਜਨ ਸਿੰਘ ਈਟੀਓ ਨੇ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵਿਸ਼ੇਸ਼ ਗੱਲਬਾਤ ਕਰਕੇ ਮੰਡੀ ਨਾਲ ਸਬੰਧਿਤ ਸਮੱਸਿਆਵਾਂ, ਸਹੂਲਤਾਂ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨੇ ਮੌਕੇ ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਲੋਕ ਨਿਰਮਾਣ ਮੰਤਰੀ ਨੇ ਦਾਣਾ ਮੰਡੀ ਵਿੱਚ ਤਿਆਰ ਕੀਤੀਆਂ ਜਾ ਰਹੀਆਂ 3 ਸਟੀਲ ਕਵਰਡ ਸ਼ੈੱਡਾਂ ਦੇ ਨਿਰਮਾਣ ਕਾਰਜਾਂ ਦਾ ਵੀ ਨਿਰੀਖਣ ਕੀਤਾ। ਹਰ ਸ਼ੈੱਡ 75×200 ਫੁੱਟ ਦੇ ਆਕਾਰ ਵਿਚ ਬਣਾਈ ਜਾ ਰਹੀ ਹੈ, ਜਿਸ ਉੱਤੇ ਕੁੱਲ ਲਗਭਗ 3 ਕਰੋੜ ਰੁਪਏ ਦੀ ਲਾਗਤ ਆ ਰਹੀ ਹੈ। ਇਸ ਤੋਂ ਇਲਾਵਾ ਹਰਭਜਨ ਸਿੰਘ ਈਟੀਓ ਨੇ ਰੇਲਵੇ ਰੋਡ, ਜੰਡਿਆਲਾ ਗੁਰੂ ਵਿਖੇ ਲਗਭਗ 8 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਪਨਸਪ ਦੇ ਗੁਦਾਮਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਇਸ ਪ੍ਰੋਜੈਕਟ ਅਧੀਨ ਗੁਦਾਮ ਨੰਬਰ 1, 2, 3 ਅਤੇ 4 ਦੀ ਨਵੀਂ ਉਸਾਰੀ, ਗੁਦਾਮ ਨੰਬਰ 5 ਦੀ ਮੇਜਰ ਰਿਪੇਅਰ, ਅੰਦਰੂਨੀ ਸੜਕਾਂ, ਸੀਵਰੇਜ਼ ਸਿਸਟਮ ਅਤੇ ਚਾਰਦੀਵਾਰੀ ਦੇ ਕੰਮ ਕਰਵਾਏ ਜਾ ਰਹੇ ਹਨ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਚੱਲ ਰਹੀ ਉਸਾਰੀ ਦੀ ਪ੍ਰਗਤੀ ਦਾ ਨਿਰੀਖਣ ਕਰਦਿਆਂ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲ ਕਰਨ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਮੰਡੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ। ਇਸ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਲੋਕ ਨਿਰਮਾਣ ਮੰਤਰੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਵਰਡ ਸ਼ੈੱਡਾਂ ਦੇ ਨਿਰਮਾਣ ਨਾਲ ਉਨ੍ਹਾਂ ਨੂੰ ਧੁੱਪ ਅਤੇ ਬਾਰਿਸ਼ ਤੋਂ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸ਼ੈੱਡਾਂ ਹੇਠ ਫਸਲਾਂ ਦੀ ਸੰਭਾਲ ਅਤੇ ਮਜ਼ਦੂਰਾਂ ਲਈ ਕੰਮ ਕਰਨਾ ਕਾਫ਼ੀ ਸੁਖਾਲਾ ਹੋ ਜਾਵੇਗਾ, ਜਿਸ ਨਾਲ ਮੰਡੀ ਵਿੱਚ ਕੰਮਕਾਜ ਦੀ ਕਾਰਗੁਜ਼ਾਰੀ ਵੀ ਬਿਹਤਰ ਹੋਵੇਗੀ। ਇਸ ਮੌਕੇ ਆੜਤੀਆ ਐਸੋਸੀਏਸ਼ਨ ਪ੍ਰਧਾਨ ਸੁਨੀਲ ਪਾਸੀ, ਕੌਂਸਲਰ ਸਤਿੰਦਰ ਸਿੰਘ, ਨਵਦੀਪ ਸਿੰਘ, ਆੜਤੀਆ ਸਮਸੇਰ ਸਿੰਘ, ਮਨੀ, ਗੁਰਪ੍ਰੀਤ ਸਿੰਘ ਸਾਬਾ, ਕਵਲਪ੍ਰੀਤ ਸਿੰਘ ਸੇਠ, ਕਮਲ ਰਾਜ, ਮੋਹਿਤ, ਨਵਦੀਪ ਸਿੰਘ ਨੀਟਾ, ਪ੍ਰਧਾਨ ਗੁਰਜਨ੍ ਸਿੰਘ ਸਨੀ, ਸਥਾਨਕ ਅਧਿਕਾਰੀ, ਮੰਡੀ ਬੋਰਡ ਦੇ ਨੁਮਾਇੰਦੇ, ਆੜ੍ਹਤੀ, ਕਿਸਾਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।