ਝੰਡਾ ਉਤਾਰਨ ਰਸਮ ਮੌਕੇ ਬੰਦ ਰਹਿੰਦੇ ਹਨ ਭਾਰਤ-ਪਾਕਿ ਦੇ ਗੇਟ
ਝੰਡਾ ਉਤਾਰਨ ਰਸਮ ਮੌਕੇ ਬੰਦ ਰਹਿੰਦੇ ਹਨ ਭਾਰਤ-ਪਾਕਿ ਦੇ ਗੇਟ
Publish Date: Tue, 16 Jun 2026 06:03 PM (IST)
Updated Date: Wed, 17 Jun 2026 04:06 AM (IST)

ਆਪ੍ਰੇਸ਼ਨ ‘ਸਿੰਧੂਰ’ ਦੇ ਸਮੇਂ ਤੋਂ ਲਿਆ ਗਿਆ ਫੈਸਲਾ ਅਜੇ ਤੱਕ ਲਾਗੂ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ: 1947 ਦੀ ਅਣਕਿਆਸੀ ਭਾਰਤ-ਪਾਕਿ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਬਾਸ਼ਿੰਦਿਆਂ, ਸਾਜੋ-ਸੱਮਾਨ ਤੇ ਕਈ ਹੋਰ ਆਵਾਜਾਈ ਸਾਧਨਾਂ ਦੇ ਮੱਦੇਨਜ਼ਰ ਹੋਂਦ ’ਚ ਲਿਆਂਦੀ ਗਈ ਸਾਂਝੀ ਜਾਂਚ ਚੌਕੀ (ਜੇਸੀਪੀ) ਅਟਾਰੀ ਦੀਆਂ ਸ਼ਿਖਰ ਸਰਗਰਮੀਆਂ ’ਚ ਕਈ ਬਦਲਾਅ ਤੇ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲੇ ਹਨ। ਇਸ ਸਾਂਝੀ ਜਾਂਚ ਚੌਕੀ ਵਿਖੇ ਪਾਕਿਸਤਾਨ ਦੇ ਸਤਲੁਜ ਰੇਂਜਰਜ਼ ਤੇ ਭਾਰਤ ਦੀ ਬਾਰਡਰ ਸਕਿਓਰਿਟੀ ਫੋਰਸ ਦੇ ਵੱਲੋਂ ਸ਼ਾਮ ਦੇ ਸਮੇਂ ਕੀਤੀ ਜਾਣ ਵਾਲੀ ਸਾਂਝੀ ਝੰਡਾ ਉਤਾਰਨ ਰਸਮ ’ਚ ਵੀ ਛੋਟੇ ਮੋਟੇ ਬਦਲਾਅ ਵੇਖਣ ਨੂੰ ਮਿਲੇ ਹਨ। ਬੇਸ਼ੱਕ ਦੋਵਾਂ ਦੇਸ਼ਾਂ ਦੇ ਵੱਲੋਂ ਇਧਰਲੇ ਤੇ ਉਧਰਲੇ ਪਾਸੇ ਕੀਤੀਆਂ ਜਾਣ ਵਾਲੀਆਂ ਸਾਂਝੀਆਂ ਮੀਟਿੰਗਾਂ ’ਚ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਲਏ ਗਏ ਫੈਸਲਿਆਂ ਦਾ ਅਧਿਕਾਰਤ ਤੌਰ ’ਤੇ ਕੋਈ ਖੁਲਾਸਾ ਨਹੀਂ ਕੀਤਾ ਜਾਂਦਾ ਪਰ ਬਤੌਰ ਦਰਸ਼ਕਾਂ ਦੇ ਰੂਪ ’ਚ ਅਕਸਰ ਜਾਣ ਵਾਲਿਆਂ ਇਨ੍ਹਾਂ ਪਰਿਵਰਤਨਾਂ ਨੂੰ ਮਹਿਸੂਸ ਕਰਨ ਦਾ ਮੌਕਾ ਜ਼ਰੂਰ ਮਿਲਦਾ ਹੈ। ਜ਼ਿਕਰਯੋਗ ਹੈ ਕਿ ਸ਼ਾਮ ਦੇ ਸਮੇਂ ਦੋਵਾਂ ਦੇਸ਼ਾਂ ਦੀ ਸਾਂਝੀ ਝੰਡਾ ਉਤਾਰਨ ਰਸਮ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵੱਲੋਂ ਦਰਸ਼ਕਾਂ ਦੀ ਆਵਾਜਾਈ ਤੇ ਬੈਠਣ ਪ੍ਰਬੰਧਾਂ ਨੂੰ ਲੈ ਕੇ ਅਰਬਾਂ ਰੁਪਏ ਆਕਰਸ਼ਕ ਦਰਸ਼ਕ ਗੈਲਰੀਆਂ ਬਣਾਉਣ ’ਤੇ ਖਰਚ ਕੀਤੇ ਗਏ ਹਨ। ਪਾਕਿਸਤਾਨ ਦੇ ਮੁਕਾਬਲੇ ਭਾਰਤੀ ਖੇਤਰ ’ਚ ਸ਼ਾਮ ਦੇ ਸਮੇਂ ਇਸ ਰਸਮ ਨੂੰ ਦੇਖਣ ਲਈ ਦਰਸ਼ਕਾਂ ਦਾ ਠਾਠਾਂ ਮਾਰਦਾ ਉਮੜਦਾ ਜਨ ਸੈਲਾਬ ਬੀਐਸਐੱਫ ਦੀ ਪਰੇਡ ਕਰਨ ਵਾਲੀ ਵਿਸ਼ੇਸ਼ ਟੁਕੜੀ ਦੀ ਹੌਸਲਾ-ਅਫ਼ਜ਼ਾਈ ਕਰਨ ਤੇ ਪਾਕਿਸਤਾਨ ਦੀ ਟਾਏ-ਟਾਏ ਫਿਸ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦਿੰਦਾ। ਅੱਜ ਕੱਲ ਝੰਡਾ ਉਤਾਰਨ ਦੀ ਰਸਮ ਮੌਕੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਝੰਡਾ ਉਤਾਰਨ ਨੂੰ ਲੈ ਕੇ ਵਰ੍ਹਿਆਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਹੂਬਹੂ ਪਾਲਣ ਕਰਦੇ ਹੋਏ ਉਹੀ ਚੁਸਤੀ ਫੁਰਤੀ ਤੇ ਸਰਗਰਮੀ ਦਿਖਾਈ ਜਾਂਦੀ ਹੈ ਪਰ ਹੁਣ ਜ਼ੀਰੋ ਲਾਈਨ ’ਤੇ ਬਣੇ ਗੇਟਾਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਇਹ ਫੈਸਲਾ ਬੀਤੇ ਵਰੇ੍ਹ ਭਾਰਤ ਪਾਕਿ ਦੇ ਦੌਰਾਨ ਬਣੇ ਜੰਗੀ ਹਾਲਾਤਾਂ ਤੇ ਕਸ਼ੀਦਗੀ ਭਰੇ ਮਾਹੌਲ ਦੇ ਚੱਲਦਿਆਂ ਭਾਰਤ ਵੱਲੋਂ ਚਲਾਏ ਗਏ ਆਪ੍ਰੇਸ਼ਨ ‘ਸਿੰਧੂਰ’ ਦੇ ਸਮੇਂ ਲਿਆ ਗਿਆ ਸੀ, ਜੋ ਕਿ ਹੁਣ ਤੱਕ ਲਾਗੂ ਹੈ। ਇਸ ਫੈਸਲੇ ਤੇ ਕਦੋਂ ਨਜ਼ਰਸਾਨੀ ਤੇ ਸਮੀਖਿਆ ਹੋਵੇਗੀ ਕੋਈ ਨਹੀਂ ਜਾਣਦਾ ਪਰ ਇੱਕ ਗੱਲ ਸਾਫ ਤੇ ਸਪੱਸ਼ਟ ਹੈ ਕਿ ਗੇਟ ਬੰਦ ਰਹਿਣ ਕਾਰਨ ਝੰਡਾ ਉਤਾਰਨ ਰਸਮ ਵੇਖਣ ਆਉਣ ਵਾਲੇ ਦਰਸ਼ਕ ਇਨ੍ਹਾਂ ਪਲਾਂ ’ਤੇ ਮਹਿਰੂਮ ਹੋ ਕੇ ਰਹਿ ਜਾਂਦੇ ਹਨ। ਇਸ ਸਿਲਸਿਲੇ ਨੂੰ ਇੱਕ ਸਾਲ ਤੋਂ ਵੀ ਉੱਪਰ ਤੱਕ ਦਾ ਸਮਾਂ ਹੋ ਚੁੱਕਾ ਹੈ। ਇਸ ਬਦਲਾਅ ਨੂੰ ਦਰਸ਼ਕਾਂ ਵੱਲੋਂ ਮਹਿਸੂਸ ਕੀਤਾ ਜਾਣਾ ਸੁਭਾਵਿਕ ਹੈ। ਇਸ ਤੋਂ ਪਹਿਲਾਂ ਝੰਡਾ ਉਤਾਰਨ ਦੀ ਰਸਮ ਮੌਕੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਇਨ੍ਹਾਂ ਗੇਟਾਂ ਨੂੰ ਖੋਲ ਕੇ ਇੱਕ ਦੂਸਰੇ ਦੇਸ਼ ਦੇ ਖੇਤਰ ਨੂੰ ਵੇਖਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਇਸ ਪ੍ਰਕਿਰਿਆ ਦੌਰਾਨ ਜ਼ੀਰੋ ਲਾਈਨ ’ਤੇ ਬਣੇ ਦੋਵਾਂ ਦੇਸ਼ਾਂ ਦੇ ਗੇਟ ਨਹੀਂ ਖੁੱਲਦੇ, ਜਿਸ ਨੂੰ ਲੈ ਕੇ ਦਰਸ਼ਕਾਂ ਦੇ ਵੱਲੋਂ ਇਸ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਦੋਵਾਂ ਦੇਸ਼ਾਂ ਦੇ ਦਰਸ਼ਕਾਂ ਵੱਲੋਂ ਇਨ੍ਹਾਂ ਖੁੱਲੇ ਗੇਟਾਂ ਰਾਹੀਂ ਦੂਰ ਤੱਕ ਨਜ਼ਰਾਂ ਘੁੰਮਾ ਕੇ ਲਾਹੌਰ ਤੇ ਅੰਮ੍ਰਿਤਸਰ ਦੇ ਨਜ਼ਾਰਿਆਂ ਦੀ ਕਲਪਨਾ ਜ਼ਰੂਰ ਕਰ ਲਈ ਜਾਂਦੀ ਸੀ।