ਵਿਸ਼ਾਲ ਖੂਨਦਾਨ ਅਤੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ
ਵਿਸ਼ਾਲ ਖੂਨਦਾਨ ਅਤੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ
Publish Date: Tue, 16 Jun 2026 05:39 PM (IST)
Updated Date: Wed, 17 Jun 2026 04:04 AM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਸ਼ਵ ਖੂਨਦਾਨ ਦਿਵਸ ਮੌਕੇ ਸਰਹੱਦੀ ਲੋਕ ਸੇਵਾ ਸਮਿਤੀ ਅੰਮ੍ਰਿਤਸਰ ਵੱਲੋਂ ਮਨੁੱਖੀ ਸੇਵਾ ਅਤੇ ਲੋਕ ਭਲਾਈ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਅਤੇ ਮੁਫਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸਮਾਜ ਸੇਵਕਾਂ, ਨੌਜਵਾਨਾਂ, ਔਰਤਾਂ ਅਤੇ ਖੇਤਰ ਦੇ ਪਤਵੰਤੇ ਨਾਗਰਿਕਾਂ ਨੇ ਭਾਗ ਲੈ ਕੇ ਸੇਵਾ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੀ ਪ੍ਰਧਾਨਗੀ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਭਾਨੂ ਪ੍ਰਕਾਸ਼ ਘਈ ਨੇ ਕੀਤੀ। ਸਾਰੇ ਮਹਿਮਾਨਾਂ ਨੇ ਖੂਨਦਾਨੀਆਂ ਦਾ ਹੌਸਲਾ ਵਧਾਉਂਦੇ ਹੋਏ ਸਮਾਜ ਵਿੱਚ ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ। ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਮੁਫਤ ਸਿਹਤ ਜਾਂਚ ਕੀਤੀ ਗਈ ਅਤੇ ਲੋੜਵੰਦ ਲੋਕਾਂ ਨੂੰ ਮੁੱਢਲੇ ਇਲਾਜ ਲਈ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਯਮਤ ਤੌਰ ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਕਿ ਖੂਨਦਾਨ ਕਿਉਂ ਕੀਤਾ ਜਾਂਦਾ ਹੈੈ, ਖੂਨਦਾਨ ਨੂੰ ਮਨੁੱਖਤਾ ਦੀਆਂ ਸਭ ਤੋਂ ਵੱਡੀਆਂ ਸੇਵਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਿਸੇ ਦੁਰਘਟਨਾ, ਗੰਭੀਰ ਬਿਮਾਰੀ, ਆਪ੍ਰੇਸ਼ਨ, ਜਣੇਪਾ ਜਾਂ ਥੈਲੇਸੀਮੀਆ ਵਰਗੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮਿਲਣਾ ਜੀਵਨ ਅਤੇ ਮੌਤ ਵਿਚਕਾਰ ਦਾ ਫਰਕ ਸਾਬਤ ਹੋ ਸਕਦਾ ਹੈ। ਇਕ ਯੂਨਿਟ ਖੂਨਦਾਨ ਨਾਲ ਤਿੰਨ ਲੋਕਾਂ ਤੱਕ ਦੀ ਜਾਨ ਬਚਾਈ ਜਾ ਸਕਦੀ ਹੈ ਕਿਉਂਕਿ ਖੂਨ ਦੇ ਵੱਖਖ਼ਵੱਖ ਹਿੱਸਿਆਂ ਦੀ ਵਰਤੋਂ ਵੱਖ-ਵੱਖ ਮਰੀਜ਼ਾਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਖੂਨਦਾਨ ਕਰਨ ਨਾਲ ਨਾ ਸਿਰਫ ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਦਾ ਹੈ, ਸਗੋਂ ਖੂਨਦਾਨੀ ਦੇ ਸਿਹਤ ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਕਮੇਟੀ ਦੇ ਸਾਰੇ ਅਧਿਕਾਰੀਆਂ, ਸਵੈਮ ਸੇਵਕਾਂ ਅਤੇ ਖੂਨਦਾਨੀਆਂ ਦੇ ਸਹਿਯੋਗ ਨਾਲ ਇਹ ਆਯੋਜਨ ਬਹੁਤ ਸਫਲ ਰਿਹਾ ਅਤੇ ਹਾਜ਼ਰ ਲੋਕਾਂ ਨੇ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਪ੍ਰੋਗਰਾਮਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਸੰਕਲਪ ਲਿਆ। ਖੂਨਦਾਨ–ਮਹਾਦਾਨ, ਜੀਵਨਦਾਨ ਦੇ ਸੰਦੇਸ਼ ਨਾਲ ਸਮਾਗਮ ਦਾ ਸਮਾਪਨ ਹੋਇਆ ਅਤੇ ਸਾਰਿਆਂ ਨੇ ਮਨੁੱਖੀ ਸੇਵਾ ਦੇ ਇਸ ਅਭਿਆਨ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ। ਇਸ ਮੌਕੇ ਐਡਵੋਕੇਟ ਸੁਮਿਤ ਸ਼ਰਮਾ ਪ੍ਰਧਾਨ ਅੰਮ੍ਰਿਤਸਰ ਮਹਾਨਗਰ, ਸ਼ਰਧਾ ਜਾਗਰਣ ਪ੍ਰਾਂਤ ਪ੍ਰਮੁਖ ਗੌਸੇਵਕ ਪੰਡਤ ਅਵਨ ਪਰਾਸ਼ਰ, ਨੀਰਜ ਢੋਲਾ ਪ੍ਰਾਂਤ ਮੰਤਰੀ, ਰਾਜ ਕੁਮਾਰ ਪ੍ਰਾਂਤ ਸਹਿ ਪ੍ਰਚਾਰ ਪ੍ਰਮੱੁਖ, ਰਾਜਿੰਦਰ ਸੇਠ, ਲਵਕੁਸ਼, ਸੰਜੇ ਅਰੋੜਾ, ਗੁਰਪ੍ਰੀਤ ਸਿੰਘ ਰਾਜਾ, ਸਮੇਤ ਕਈ ਸਮਾਜਿਕ ਕਾਰਕੁਨ ਅਤੇ ਪਤਵੰਤੇ ਹਾਜ਼ਰ ਸਨ।