ਏਬੀਵੀਪੀ ਵੱਲੋਂ 600 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਏਬੀਵੀਪੀ ਵੱਲੋਂ 600 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
Publish Date: Tue, 09 Jun 2026 06:09 PM (IST)
Updated Date: Wed, 10 Jun 2026 04:06 AM (IST)

ਵਿਦਿਆਰਥੀ ਜੀਵਨ ਰਾਸ਼ਟਰ ਨਿਰਮਾਣ ਦੀ ਨੀਂਹ : ਅਕਸ਼ੈ ਸ਼ਰਮਾ ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਵੱਲੋਂ ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ ਵਿਖੇ ਸ਼ਾਨਦਾਰ ‘ਪ੍ਰਤਿਭਾ ਸਨਮਾਨ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਮੁੱਖ ਉਦੇਸ਼ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਉੱਚੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਦੌਰਾਨ 20 ਸਕੂਲਾਂ ਦੇ 600 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਿੱਖਿਆ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਉਦਯੋਗਪਤੀ ਪਰਮਜੀਤ ਸਿੰਘ ਗਿੱਲ ਸਨ, ਜਦਕਿ ਸਮਾਗਮ ਦੀ ਪ੍ਰਧਾਨਗੀ ਬੀਬੀਕੇ ਡੀਏਵੀ ਕਾਲਜ ਦੇ ਚੇਅਰਮੈਨ ਸੁਦਰਸ਼ਨ ਕਪੂਰ ਵੱਲੋਂ ਕੀਤੀ ਗਈ। ਸਮਾਗਮ ਦੇ ਮੁੱਖ ਵਕਤਾ ਏਬੀਵੀਪੀ ਉੱਤਰੀ ਖੇਤਰ ਦੇ ਖੇਤਰੀ ਸੰਗਠਨ ਮੰਤਰੀ ਗੌਰਵ ਅਤਰੀ ਸਨ। ਵਿਸ਼ੇਸ਼ ਮਹਿਮਾਨਾਂ ਵਜੋਂ ਨੌਜਵਾਨ ਸਮਾਜ ਸੇਵਕ ਅਤੇ ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ, ਸੀਨੀਅਰ ਐਡਵੋਕੇਟ ਐਡਵੋਕੇਟ ਭਸੀਨ, ਬੀਬੀਕੇ ਡੀਏਵੀ ਕਾਲਜ ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਏਬੀਵੀਪੀ ਪੰਜਾਬ ਦੀ ਪ੍ਰਾਂਤ ਸਹਿ ਮੰਤਰੀ ਨੰਦਿਤਾ ਗੁਪਤਾ, ਰਾਜੀਵ ਅਨੇਜਾ ਅਤੇ ਮਹਾਨਗਰ ਮੰਤਰੀ ਪ੍ਰਦਯੁਮਨ ਦੇਵਗਨ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਦੀਪ ਰੌਸ਼ਨ ਕਰ ਕੇ ਅਤੇ ਮਾਤਾ ਸਰਸਵਤੀ ਨੂੰ ਫੁੱਲ ਭੇਟ ਕਰਕੇ ਕੀਤੀ ਗਈ। ਸਵਾਗਤੀ ਭਾਸ਼ਣ ਦੌਰਾਨ ਪ੍ਰਾਂਤ ਸਹਿ ਮੰਤਰੀ ਨੰਦਿਤਾ ਗੁਪਤਾ ਨੇ ਪਰਿਸ਼ਦ ਦੀਆਂ ਗਤੀਵਿਧੀਆਂ ਅਤੇ ਸਮਾਗਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਸਮਰਪਣ ਨਾਲ ਜੀਵਨ ਵਿਚ ਅੱਗੇ ਵੱਧਣ ਦਾ ਸੰਦੇਸ਼ ਦਿੱਤਾ। ਆਪਣੇ ਸੰਬੋਧਨ ’ਚ ਅਕਸ਼ੈ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਰਾਸ਼ਟਰ ਨਿਰਮਾਣ ਦੀ ਨੀਂਹ ਹੈ ਅਤੇ ਨੌਜਵਾਨਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਮੁੱਖ ਵਕਤਾ ਗੌਰਵ ਅਤਰੀ ਨੇ ਕਿਹਾ ਕਿ ਪ੍ਰਤਿਭਾ ਤਦ ਹੀ ਸਾਰਥਕ ਹੁੰਦੀ ਹੈ ਜਦੋਂ ਉਸ ਦਾ ਇਸਤੇਮਾਲ ਸਮਾਜ ਅਤੇ ਰਾਸ਼ਟਰ ਦੇ ਹਿੱਤ ਵਿਚ ਕੀਤਾ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ‘ਰਾਸ਼ਟਰ ਪਹਿਲ’ ਦੀ ਭਾਵਨਾ ਨਾਲ ਲੀਡਰਸ਼ਿਪ ਯੋਗਤਾਵਾਂ ਵਿਕਸਿਤ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਦਿਆਰਥੀ ਪਰਿਸ਼ਦ ਸਿਰਫ਼ ਇੱਕ ਵਿਦਿਆਰਥੀ ਸੰਗਠਨ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦਾ ਇਕ ਮਜ਼ਬੂਤ ਅਭਿਆਨ ਹੈ। ਮੁੱਖ ਮਹਿਮਾਨ ਪਰਮਜੀਤ ਸਿੰਘ ਗਿੱਲ ਨੇ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਨੌਜਵਾਨ ਹੀ ਭਾਰਤ ਦੇ ਉਜਲੇ ਭਵਿੱਖ ਦਾ ਨਿਰਮਾਤਾ ਹੈ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦਾ ਹੈ। ਸਨਮਾਨਿਤ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਤੇ ਨਿਰੰਤਰ ਮਿਹਨਤ ਨੂੰ ਦਿੱਤਾ। ਸਮਾਗਮ ਦੇ ਸੰਯੋਜਕ ਸੌਰਭ ਰਾਏ ਸਨ, ਜਦਕਿ ਮੰਚ ਸੰਚਾਲਨ ਹਰਪ੍ਰੀਤ ਚੌਹਾਨ ਅਤੇ ਜੈ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਦੇਸ਼ ਸੰਗਠਨ ਮੰਤਰੀ ਸ਼ਮਸ਼ੇਰ ਸਿੰਘ, ਰਾਸ਼ਟਰੀ ਮੰਤਰੀ ਆਦਿਤਿਆ ਤਕੀਆਰ, ਨਿਤਿਨ ਮਹੇਸ਼ਵਰੀ, ਸ਼ਾਲੂ ਸ਼ਰਮਾ, ਅਜੀਤ, ਜੁਝਾਰ ਗੋਰਸੀ, ਤੇਜਿੰਦਰ ਸਿੰਘ, ਸਰਵਗਿਆ ਮਹਾਜਨ, ਰਾਘਵ ਮਹਾਜਨ, ਆਯੁਸ਼, ਪ੍ਰਿਯੰਕਾ ਸ਼ਰਮਾ, ਆਸ਼ੀਸ਼ ਰਾਣਾ, ਸਕਸ਼ਮ ਸ਼ਰਮਾ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਮੁੱਖ ਵਿਅਕਤੀ ਮੌਜੂਦ ਸਨ। ਸਮਾਗਮ ਦੇ ਅੰਤ ਵਿਚ ਮਹਾਂਨਗਰ ਮੰਤਰੀ ਪ੍ਰਦਯੁਮਨ ਦੇਵਗਨ ਨੇ ਸਾਰੇ ਮਹਿਮਾਨਾਂ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸਮਾਪਨ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਦੇ ਜੈਕਾਰਿਆਂ ਨਾਲ ਹੋਇਆ।