ਮੁਫ਼ਤ ਪਸ਼ੂ ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹਿੰਮ ਆਯੋਜਿਤ
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹਿੰਮ ਆਯੋਜਿਤ
Publish Date: Tue, 09 Jun 2026 05:26 PM (IST)
Updated Date: Wed, 10 Jun 2026 04:06 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਿਸ਼ਵ ਵੈਟਰਨਰੀ ਦਿਵਸ ਨੂੰ ਸਮਰਪਿਤ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਐੱਚਕੇ ਵਰਮਾ ਦੇ ਸਹਿਯੋਗ ਨਾਲ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ ‘ਵੈਟਰਨਰੀਅਨ: ਗਾਰਡੀਅਨਜ਼ ਫੂਡ ਐਂਡ ਹੈਲਥ’ ਵਿਸ਼ੇ ’ਤੇ ਕਰਵਾਏ ਇਸ ਸਮਾਗਮ ਮੌਕੇ ਪਸ਼ੂਆਂ ਲਈ ਐਂਟੀ-ਰੇਬੀਜ਼ ਟੀਕਾਕਰਨ, ਕੀੜੇ ਮਾਰਨ ਦੀ ਦਵਾਈ (ਡੀਵਰਮਿੰਗ) ਅਤੇ ਐਂਟੀ-ਟਿੱਕ ਬਾਥ ਮੁਫ਼ਤ ਉਪਲੱਬਧ ਕਰਵਾਏ ਗਏ। ਇਸ ਸਮਾਗਮ ਦਾ ਉਦਘਾਟਨ ਪ੍ਰਿੰ: ਡਾ. ਵਰਮਾ ਨੇ ਮੈਨੇਜਿੰਗ ਡਾਇਰੈਕਟਰ ਡਾ. ਐੱਸਕੇ ਨਾਗਪਾਲ, ਡਾਇਰੈਕਟਰ ਕਲੀਨਿਕਸ ਡਾ. ਪੀਐੱਸ ਮਾਵੀ ਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ’ਚ ਕੀਤਾ। ਇਸ ਮੌਕੇ ਪਸ਼ੂਆਂ ਲਈ ਐਂਟੀ-ਰੇਬੀਜ਼ ਟੀਕਾਕਰਨ, ਕੀੜੇ ਮਾਰਨ ਦੀ ਦਵਾਈ (ਡੀਵਰਮਿੰਗ) ਅਤੇ ਐਂਟੀ-ਟਿੱਕ ਬਾਥ ਮੁਫ਼ਤ ਉਪਲਬਧ ਕਰਵਾਏ ਗਏ। ਇਹ ਸੇਵਾਵਾਂ ਪੂਰੇ ਹਫ਼ਤੇ ਲਈ ਜਾਰੀ ਰੱਖੀਆਂ ਗਈਆਂ। ਇਸ ਤੋਂ ਇਲਾਵਾ ਵੈਟਰਨਰੀ ਮਾਹਿਰਾਂ ਵੱਲੋਂ ਪਸ਼ੂ ਸਿਹਤ, ਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਮੁਫ਼ਤ ਸਲਾਹ-ਮਸ਼ਵਰਾ ਦਿੱਤਾ ਗਿਆ, ਜਿਸ ਰਾਹੀਂ ਜ਼ਿੰਮੇਵਾਰ ਪਾਲਤੂ ਪਸ਼ੂ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਡਾਕਟਰ ਨਾ ਸਿਰਫ਼ ਪਸ਼ੂਆਂ ਦੀ ਸਿਹਤ ਦੇ ਰਖਵਾਲੇ ਹਨ, ਸਗੋਂ ਜਨਤਕ ਸਿਹਤ ਦੀ ਸੁਰੱਖਿਆ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ, ਬਿਮਾਰੀਆਂ ਦੀ ਰੋਕਥਾਮ ਅਤੇ ਸਮਾਜ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ ’ਚ ਵੈਟਰਨਰੀ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਵੈਟਰਨਰੀ ਪੇਸ਼ੇਵਰਾਂ ਦੀ ਸਮਰਪਣ ਭਾਵਨਾ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਿਹਤਮੰਦ ਅਤੇ ਸੁਰੱਖਿਅਤ ਸਮਾਜ ਦੀ ਉਸਾਰੀ ’ਚ ਪਸ਼ੂ ਸਿਹਤ ਸੰਭਾਲ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ। ਇਸ ਮੌਕੇ ਡਾ. ਨਾਗਪਾਲ ਨੇ ਵੈਟਰਨਰੀ ਪੇਸ਼ੇ ਪ੍ਰਤੀ ਸਮਾਜ ਦੇ ਬਦਲਦੇ ਨਜ਼ਰੀਏ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਪੇਸ਼ੇ ਨੂੰ ਇਕ ਸਧਾਰਨ ਪੱਧਰ ਤੋਂ ਅੱਜ ਸਮਾਜ ਦੇ ਸਭ ਤੋਂ ਵੱਧ ਮੰਗ ਵਾਲੇ ਪੇਸ਼ਿਆਂ ’ਚ ਸ਼ਾਮਿਲ ਹੁੰਦੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵੈਟਰਨਰੀ ਡਾਕਟਰਾਂ ਨੂੰ ਸਮਾਜ ’ਚ ਵਿਸ਼ੇਸ਼ ਸਨਮਾਨ ਅਤੇ ਮਹੱਤਤਾ ਪ੍ਰਾਪਤ ਹੈ। ਉਹ ਤੰਦਰੁਸਤ ਪਸ਼ੂਧਨ ਅਤੇ ਪੋਲਟਰੀ ਦੀ ਸੰਭਾਲ ਰਾਹੀਂ ਮਨੁੱਖਤਾ ਲਈ ਪੋਸ਼ਣ ਸੁਰੱਖਿਆ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਵੈਟਰਨਰੀ ਪੇਸ਼ਾ ਇੱਕ ਨੇਕ ਅਤੇ ਸੋਨੇ ਵਰਗਾ ਪੇਸ਼ਾ ਹੈ, ਜਿਸ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਵੇਲੇ 20 ਤੋਂ 25 ਤੱਕ ਵੱਖ-ਵੱਖ ਸੰਸਥਾਵਾਂ ਨਵੇਂ ਵੈਟਰਨਰੀ ਡਾਕਟਰਾਂ ਦੀ ਉਡੀਕ ਕਰ ਰਹੀਆਂ ਹਨ। ਇਨ੍ਹਾਂ ’ਚ ਪਸ਼ੂ ਪਾਲਣ ਵਿਭਾਗ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਵੈਟਰਨਰੀ ਹਸਪਤਾਲ, ਦੁੱਧ ਅਤੇ ਮੀਟ ਪ੍ਰੋਸੈਸਿੰਗ ਉਦਯੋਗ, ਫਾਰਮਾਸਿਊਟੀਕਲ ਕੰਪਨੀਆਂ, ਫੌਜ ਅਤੇ ਅਰਧ-ਸੈਨਿਕ ਬਲ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਵੱਡੇ ਪਸ਼ੂ ਫਾਰਮਾਂ ਨੂੰ ਵੀ ਹਮੇਸ਼ਾਂ ਯੋਗ ਵੈਟਰਨਰੀ ਡਾਕਟਰਾਂ ਦੀ ਲੋੜ ਰਹਿੰਦੀ ਹੈ। ਡਾ. ਵਰਮਾ ਨੇ ਕਿਹਾ ਕਿ ਭਾਰਤ ’ਚ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਪਸ਼ੂਧਨ ਉਤਪਾਦਾਂ, ਖ਼ਾਸ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਅਹਿਮ ਭੂਮਿਕਾ ਹੈ, ਕਿਉਂਕਿ ਦੇਸ਼ ਦੀ ਵੱਡੀ ਅਬਾਦੀ ਸ਼ਾਕਾਹਾਰੀ ਹੈ। ਇਹ ਤਦ ਹੀ ਸੰਭਵ ਹੈ, ਜਦੋਂ ਪਸ਼ੂ ਉਤਪਾਦ ਸੁਰੱਖਿਅਤ, ਗੁਣਵੱਤਾ ਭਰਪੂਰ ਅਤੇ ਹਾਨੀਕਾਰਕ ਤੱਤਾਂ ਤੋਂ ਰਹਿਤ ਹੋਣ। ਇਸ ਲਈ ਪਸ਼ੂ ਪਾਲਕਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਪਸ਼ੂ ਪਾਲਣ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਸਿਖਲਾਈ ਦੇਣੀ ਬਹੁਤ ਜ਼ਰੂਰੀ ਹੈ। ਇਸ ਕੰਮ ’ਚ ਵੈਟਰਨਰੀ ਡਾਕਟਰ ਕਿਸਾਨਾਂ ਦਾ ਮਾਰਗਦਰਸ਼ਨ ਕਰਦੇ ਹੋਏ ਸਮਾਜ ਅਤੇ ਦੇਸ਼ ਦੀ ਸੇਵਾ ਕਰਦੇ ਹਨ। ਇਸ ਮੌਕੇ ਡਾ. ਵਰਮਾ ਨੇ ਸਮੂਹ ਵੈਟਰਨਰੀ ਡਾਕਟਰਾਂ ਨੂੰ ਉਨ੍ਹਾਂ ਦੀ ਲਗਨ, ਮਿਹਨਤ ਅਤੇ ਸਮਾਜ ਪ੍ਰਤੀ ਯੋਗਦਾਨ ਲਈ ਵਧਾਈ ਦਿੰਦਿਆਂ ਸ਼ਲਾਘਾ ਕੀਤੀ। ਇਸ ਮੌਕੇ ਡਾ. ਮਾਵੀ ਨੇ ਸਮਾਗਮ ਦਾ ਸਫਲ ਆਯੋਜਨ ਅਤੇ ਤਾਲਮੇਲ ਕੀਤਾ। ਪ੍ਰੋਗਰਾਮ ਦਾ ਸਮਾਪਨ ਪਸ਼ੂਆਂ ’ਚ ਬਿਮਾਰੀਆਂ ਦੀ ਰੋਕਥਾਮ ਅਤੇ ਉੱਚ ਗੁਣਵੱਤਾ ਵਾਲੇ ਪਸ਼ੂ ਉਤਪਾਦਾਂ ਦੇ ਉਤਪਾਦਨ ਲਈ ਹੋਰ ਜ਼ਿਆਦਾ ਯਤਨ ਕਰਨ ਦੇ ਸੰਕਲਪ ਨਾਲ ਕੀਤਾ ਗਿਆ।