ਯੂਨੀਵਰਸਿਟੀ ਦੀ 51ਵੀਂ ਸਾਲਾਨਾ ਕਾਨਵੋਕੇਸ਼ਨ 12 ਨੂੰ
ਯੂਨੀਵਰਸਿਟੀ ਦੀ 51ਵੀਂ ਸਲਾਨਾ ਕਾਨਵੋਕੇਸ਼ਨ 12 ਜੁਲਾਈ ਨੂੰ
Publish Date: Tue, 09 Jun 2026 05:22 PM (IST)
Updated Date: Wed, 10 Jun 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਸਲਾਨਾ ਕਨਵੋਕੇਸ਼ਨ ਨੂੰ ਸ਼ਾਨਦਾਰ ਅਤੇ ਯਾਦਗਾਰੀ ਢੰਗ ਨਾਲ ਕਰਵਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅੱਜ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿੱਚ ਇਕ ਉੱਚ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕੀਤੀ। ਮੀਟਿੰਗ ਦੌਰਾਨ ਕਨਵੋਕੇਸ਼ਨ ਨਾਲ ਸਬੰਧਿਤ ਸਾਰੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਉੱਚ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ। ਇਨ੍ਹਾਂ ਕਮੇਟੀਆਂ ਨੂੰ ਸਟੇਜ ਪ੍ਰਬੰਧਨ, ਬੈਠਣ ਦੀ ਵਿਵਸਥਾ, ਰੋਸ਼ਨੀ ਅਤੇ ਸਾਊਂਡ ਸਿਸਟਮ, ਸੁਰੱਖਿਆ ਅਤੇ ਅਨੁਸ਼ਾਸਨ, ਸਫ਼ਾਈ, ਸਜਾਵਟ, ਮਹਿਮਾਨਾਂ ਦੀ ਆਵਾਜਾਈ, ਰਿਹਾਇਸ਼, ਭੋਜਨ ਅਤੇ ਪ੍ਰੋਟੋਕੋਲ ਸਬੰਧੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਦੱਸਿਆ ਕਿ ਇਹ 51ਵੀਂ ਸਲਾਨਾ ਕਨਵੋਕੇਸ਼ਨ 12 ਜੁਲਾਈ ਨੂੰ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿਖੇ ਕਰਵਾਈ ਜਾਵੇਗੀ। ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਕਨਵੋਕੇਸ਼ਨ ਭਾਸ਼ਣ ਦੇਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਸਾਬਕਾ ਵਿਿਦਆਰਥੀ ਅਤੇ ਅਮਰੀਕਾ ਵਿੱਚ ਐਟਾਰਨੀ ਐਟ ਲਾ ਵਜੋਂ ਸੇਵਾਵਾਂ ਨਿਭਾਅ ਰਹੇ ਸ. ਜਸਪ੍ਰੀਤ ਸਿੰਘ ਨੂੰ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਤੇ ਯੂਨੀਵਰਸਿਟੀ ਪ੍ਰਤੀ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਨਵੋਕੇਸ਼ਨ ਦੌਰਾਨ ਆਨਰ ਕਾਜ਼ਾ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਵਿਚ ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ ਡਾ. ਕੇਐੱਸ ਚਾਹਲ, ਡੀਨ ਕਾਲਜ ਵਿਕਾਸ ਕੌਂਸਲ ਡਾ. ਸਰੋਜ ਅਰੋੜਾ , ਪ੍ਰੋ. ਇੰਚਾਰਜ ਲੋਕ ਸੰਪਰਕ ਡਾ. ਰਵਿੰਦਰ ਕੁਮਾਰ, ਇੰਚਾਰਜ ਈਵੈਂਟ ਐਂਡ ਹਾਸਪਿਟੈਲਿਟੀ ਡਾ. ਵਿਕਰਮ ਸੰਧੂ, ਜੀਐੱਨਡੀਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ, ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ, ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ, ਡਾਇਰੈਕਟਰ ਲੋਕ ਸੰਪਰਕ ਪ੍ਰਵੀਨ ਪੁਰੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸਮਾਰੋਹ ਦੌਰਾਨ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਖੋਜ ਖੇਤਰ ਵਿੱਚ ਅਹਿਮ ਯੋਗ ਯੋਗਦਾਨ ਪਾਉਣ ਵਾਲੇ ਵਿਿਦਆਰਥੀਆਂ ਨੂੰ ਪੀਐਚਡੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਕਨਵੋਕੇਸ਼ਨ ਨਾਲ ਸਬੰਧਿਤ ਸਾਰੇ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਸਮੇਂ ਸਿਰ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ।