ਯੂਨਾਇਟਡ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਸਾਲਾਨਾ ਡੈਲੀਗੇਟ ਮੀਟਿੰਗ ਸੰਪੰਨ
ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਡੈਲੀਗੇਟ ਮੀਟਿੰਗ ਸੰਪੰਨ
Publish Date: Tue, 09 Jun 2026 05:19 PM (IST)
Updated Date: Wed, 10 Jun 2026 04:05 AM (IST)

13 ਸਤੰਬਰ ਨੂੰ ਜਨਰਲ ਇਜਲਾਸ ਕਰਵਾਉਣ ਦਾ ਐਲਾਨ ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ: ਯੂਨਾਇਟਡ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਸਲਾਨਾ ਡੈਲੀਗੇਟ ਮੀਟਿੰਗ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸਫਲਤਾਪੂਰਵਕ ਸੰਪੰਨ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਵੱਖ-ਵੱਖ ਯੂਨਿਟਾਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਸਾਲਾਨਾ ਕਾਰਜਾਂ, ਪ੍ਰਾਪਤੀਆਂ ਅਤੇ ਗਤੀਵਿਧੀਆਂ ਸਬੰਧੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜਥੇਬੰਦੀ ਦੇ ਵਿਸਥਾਰ, ਮਜ਼ਬੂਤੀ ਅਤੇ ਭਵਿੱਖੀ ਕਾਰਜ-ਯੋਜਨਾਵਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕਰਦਿਆਂ ਆਉਣ ਵਾਲੇ ਸਮੇਂ ਦੀ ਰਣਨੀਤੀ ਉਲੀਕੀ ਗਈ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਵੱਲੋਂ 13 ਸਤੰਬਰ 2026 ਨੂੰ ਯੁਨਾਇਟਡ ਸਿੱਖ ਸਟੂਡੈਂਟਸ ਫੈੱਡਰੇਸ਼ਨ ਦਾ ਜਨਰਲ ਇਜਲਾਸ ਕਰਵਾਉਣ ਸਬੰਧੀ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਮੂਹ ਡੈਲੀਗੇਟਸ ਵੱਲੋਂ ਜੈਕਾਰੇ ਦੀ ਗੂੰਜ ਨਾਲ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਡੈਲੀਗੇਟਸ ਨੇ ਇਸ ਇਜਲਾਸ ਨੂੰ ਜਥੇਬੰਦੀ ਦੇ ਇਤਿਹਾਸ ਦਾ ਮਹੱਤਵਪੂਰਨ ਪੜਾਅ ਕਰਾਰ ਦਿੰਦਿਆਂ ਇਸ ਦੀਆਂ ਤਿਆਰੀਆਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਹਰਮਨਦੀਪ ਸਿੰਘ ਦੌਧਰ ਵੱਲੋਂ ਕੋਰ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਇਸ ਅਨੁਸਾਰ ਭਾਈ ਨਿਰਮਲਜੀਤ ਸਿੰਘ ਨੂੰ ਮੀਤ ਪ੍ਰਧਾਨ, ਭਾਈ ਕੰਵਲਪ੍ਰੀਤ ਸਿੰਘ ਨੂੰ ਮੀਤ ਸਕੱਤਰ ਅਤੇ ਗਿਆਨੀ ਭਾਈ ਮਨਦੀਪ ਸਿੰਘ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਥੇਬੰਦੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਪ੍ਰਬੰਧਕੀ ਕਮੇਟੀ, ਅਨੁਸ਼ਾਸਨੀ ਕਮੇਟੀ ਅਤੇ ਮੀਡੀਆ ਵਿੰਗ ਲਈ ਵੀ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਾਲਾਨਾ ਡੈਲੀਗੇਟ ਮੀਟਿੰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅੰਮ੍ਰਿਤਸਰ, ਡੀਏਵੀ ਯੂਨੀਵਰਸਿਟੀ ਜਲੰਧਰ, ਲਾਇਲਪੁਰ ਖਾਲਸਾ ਕਾਲਜ, ਸੀਟੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਬੰਦਾ ਸਿੰਘ ਬਹਾਦਰ ਕਾਲਜ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਸਮੇਤ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਡੈਲੀਗੇਟਸ ਨੇ ਭਾਗ ਲਿਆ। ਵੱਖ-ਵੱਖ ਬੁਲਾਰਿਆਂ ਨੇ ਵਿਿਦਆਰਥੀ ਮਸਲਿਆਂ, ਸਿੱਖ ਨੌਜਵਾਨਾਂ ਦੀ ਭੂਮਿਕਾ, ਪੰਥਕ ਚੇਤਨਾ ਦੇ ਪ੍ਰਸਾਰ ਅਤੇ ਵਿਦਿਆਰਥੀ ਜਥੇਬੰਦਕ ਲਹਿਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਿਦਆਰਥੀ ਵਰਗ ਨੂੰ ਸਿੱਖੀ ਸਿਧਾਂਤਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਕੌਮੀ ਚੇਤਨਾ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਗਿਆਨੀ ਨਵਤੇਜ ਸਿੰਘ ਮੰਜੀ ਸਾਹਿਬ, ਕਵੀਸ਼ਰੀ ਜਥਾ ਭਾਈ ਲਵਪ੍ਰੀਤ ਸਿੰਘ ਬੈਂਕਾ, ਭਾਈ ਅਵਤਾਰ ਸਿੰਘ ਔਲਖ, ਭਾਈ ਕਰਨਬੀਰ ਸਿੰਘ ਭਾਊ ਅਤੇ ਹੋਰ ਪੰਥਕ ਸ਼ਖ਼ਸੀਅਤਾਂ ਨੇ ਵੀ ਸੰਬੋਧਨ ਕਰਦਿਆਂ ਜਥੇਬੰਦੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਪੰਥ ਅਤੇ ਸਮਾਜ ਦੀ ਚੜ੍ਹਦੀ ਕਲਾ ਲਈ ਸੰਗਠਿਤ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਅੰਤ ਵਿੱਚ ਸਮੂਹ ਡੈਲੀਗੇਟਸ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਵਿਿਦਆਰਥੀ ਵਰਗ ਦੀ ਆਵਾਜ਼ ਬਣਨ ਅਤੇ ਵਿਿਦਆਰਥੀਆਂ ਵਿੱਚ ਪੰਥਕ ਚੇਤਨਾ, ਸਮਾਜਿਕ ਜ਼ਿੰਮੇਵਾਰੀ ਅਤੇ ਲੀਡਰਸ਼ਿਪ ਦੇ ਗੁਣਾਂ ਨੂੰ ਪ੍ਰਫੁੱਲਤ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਲਿਆ।