- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ MP ਸ਼ਸ਼ੀ ਥਰੂਰ ਨੇ ਐਕਸ 'ਤੇ ਲਿਖਿਆ, 'ਕੀ ਇਹ 'ਕਵਾਡ' (Quad) ਦੇ ਤਾਬੂਤ 'ਚ ਇਕ ਹੋਰ ਕਿੱਲ ਹੈ?" ਉਨ੍ਹਾਂ ਨੇ ਯੁੱਧ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ ਦਾ ਇਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਆਪਣੇ ਅੱਠ ਸਾਲ ਪੁਰਾਣੇ ਫੈਸਲੇ ਨੂੰ ਪਲਟਦੇ ਹੋਏ ਯੂਐੱਸ ਇੰਡੋ-ਪੈਸੀਫਿਕ ਕਮਾਂਡ ਦਾ ਨਾਂ ਬਦਲ ਕੇ ਫਿਰ ਤੋਂ ਯੂਐੱਸ ਪੈਸੀਫਿਕ ਕਮਾਂਡ ਕਰਨ ਜਾ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਇਹ ਨਾਂ ਕਮਾਂਡ ਦੀਆਂ ਡੂੰਘੀਆਂ ਇਤਿਹਾਸਕ ਜੜ੍ਹਾਂ ਦਾ ਸਨਮਾਨ ਕਰਦਾ ਹੈ ਜਿਸ ਨੂੰ 1947 'ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਸਥਾਪਿਤ ਕੀਤਾ ਸੀ।
ਇਸ ਘਟਨਾਕ੍ਰਮ ਨੇ ਭਾਰਤ 'ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਕਈ ਮਾਹਰਾਂ ਦਾ ਕਹਿਣਾ ਹੈ ਕਿ ਕਮਾਂਡ ਦੇ ਨਾਂ ਤੋਂ 'ਇੰਡੋ' ਸ਼ਬਦ ਹਟਾਉਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਵਾਸ਼ਿੰਗਟਨ ਆਪਣੀ ਇੰਡੋ-ਪੈਸੀਫਿਕ ਰਣਨੀਤੀ ਅਤੇ 'ਕਵਾਡ' (ਜਿਸ ਵਿਚ ਆਸਟ੍ਰੇਲੀਆ, ਭਾਰਤ, ਜਾਪਾਨ ਤੇ ਅਮਰੀਕਾ ਸ਼ਾਮਲ ਹਨ) ਵਰਗੇ ਸਮੂਹਾਂ ਦੀ ਭੂਮਿਕਾ ਨੂੰ ਲੈ ਕੇ ਆਪਣੇ ਸੰਦੇਸ਼ 'ਚ ਬਦਲਾਅ ਕਰ ਰਿਹਾ ਹੈ।
ਇਸ ਐਲਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਐਕਸ 'ਤੇ ਲਿਖਿਆ, 'ਕੀ ਇਹ 'ਕਵਾਡ' (Quad) ਦੇ ਤਾਬੂਤ 'ਚ ਇਕ ਹੋਰ ਕਿੱਲ ਹੈ?" ਉਨ੍ਹਾਂ ਨੇ ਯੁੱਧ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ ਦਾ ਇਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਸਿਰਫ ਨਾਂ ਬਦਲਣ ਤਕ ਹੀ ਸੀਮਤ ਹੈ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਮਾਂਡ ਦਾ ਢਾਂਚਾ, ਜ਼ਿੰਮੇਵਾਰੀਆਂ ਤੇ ਖੇਤਰੀ ਵਚਨਬੱਧਤਾਵਾਂ ਪਹਿਲਾਂ ਵਾਂਗ ਹੀ ਰਹਿਣਗੀਆਂ।
ਯੂਐੱਸ ਪੈਸੀਫਿਕ ਕਮਾਂਡ ਦਾ ਘੇਰਾ ਅਮਰੀਕਾ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤਕ ਫੈਲਿਆ ਹੋਇਆ ਹੈ। ਨਾਂ ਤੋਂ 'ਇੰਡੋ' ਸ਼ਬਦ ਹਟਾਉਣ ਦਾ ਇਹ ਕਦਮ 2018 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੀਤੇ ਗਏ ਉਸ ਬਦਲਾਅ ਨੂੰ ਉਲਟਾ ਦਿੰਦਾ ਹੈ, ਜੋ ਪ੍ਰਤੀਕਾਤਮਕ ਹੋਣ ਦੇ ਨਾਲ-ਨਾਲ ਰਣਨੀਤਕ ਤੌਰ 'ਤੇ ਵੀ ਅਹਿਮ ਸੀ।
ਉਸ ਸਮੇਂ ਵਾਸ਼ਿੰਗਟਨ ਨੇ ਇਹ ਬਦਲਾਅ ਹਿੰਦ ਮਹਾਸਾਗਰ ਖੇਤਰ ਦੇ ਵਧਦੇ ਰਣਨੀਤਕ ਮਹੱਤਵ ਤੇ ਪੈਸੀਫਿਕ ਸੁਰੱਖਿਆ ਵਿਵਸਥਾ ਦੇ ਨਾਲ ਇਸ ਦੇ ਵਧਦੇ ਜੁੜਾਅ ਨੂੰ ਦਿਖਾਉਣ ਲਈ ਕੀਤਾ ਸੀ।
ਹਵਾਈ 'ਚ ਮੁੱਖ ਦਫ਼ਤਰ ਵਾਲਾ ਇਹ ਕਮਾਂਡ ਪ੍ਰਸ਼ਾਂਤ ਮਹਾਸਾਗਰ, ਹਿੰਦ ਮਹਾਸਾਗਰ ਦੇ ਵੱਡੇ ਹਿੱਸੇ, ਪੂਰਬੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ, ਆਸਟ੍ਰੇਲੀਆ ਤੇ ਦੱਖਣੀ ਏਸ਼ੀਆ ਦੇ ਕੁਝ ਹਿੱਸਿਆਂ ਦੇ ਆਸ-ਪਾਸ ਦੇ ਰਣਨੀਤਕ ਇਲਾਕਿਆਂ ਦੀ ਦੇਖਰੇਖ ਕਰਦਾ ਹੈ।
ਪਿਛਲੇ ਕੁਝ ਸਾਲਾਂ 'ਚ ਇਹ ਕਮਾਂਡ ਅਮਰੀਕਾ ਦੇ ਨਾਲ ਰੱਖਿਆ ਸਹਿਯੋਗ ਵਧਾਉਣ ਲਈ ਭਾਰਤ ਵਾਸਤੇ ਮਹੱਤਵਪੂਰਨ ਸੰਸਥਾਗਤ ਮਾਧਿਅਮ ਵਜੋਂ ਉੱਭਰਿਆ ਹੈ। ਵਿਆਪਕ ਇੰਡੋ-ਪੈਸੀਫਿਕ ਢਾਂਚੇ ਤਹਿਤ ਇਸ ਕਮਾਂਡ ਨੇ ਸਾਂਝੇ ਅਭਿਆਸਾਂ, ਸਮੁੰਦਰੀ ਤਾਲਮੇਲ, ਜਾਣਕਾਰੀ ਸਾਂਝੀ ਕਰਨ ਅਤੇ ਵਿਆਪਕ ਰਣਨੀਤਕ ਸਹਿਯੋਗ ਦੇ ਮਾਧਿਅਮ ਨਾਲ ਭਾਰਤ-ਅਮਰੀਕਾ ਵਿਚਕਾਰ ਸੈਨਿਕ ਜੁੜਾਅ ਨੂੰ ਉਤਸ਼ਾਹਿਤ ਕੀਤਾ ਹੈ।