- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਰੋਬਾਰ ਨਾਲ ਜੁੜੇ ਜ਼ਰੂਰੀ ਕੰਮ ਦਾ ਹਵਾਲਾ ਦਿੰਦੇ ਹੋਏ ਮੁਲਾਜ਼ਮ ਨੂੰ ਤੱਤਕਾਲ ਆਰਟੀਜੀਐੱਸ ਜ਼ਰੀਏ ਰਕਮ ਟਰਾਂਸਫਰ ਕਰਨ ਲਈ ਕਿਹਾ ਗਿਆ। ਸੰਦੇਸ਼ ਨੂੰ ਅਸਲੀ ਸਮਝ ਕੇ ਮੁਲਾਜ਼ਮ ਨੇ ਚਾਰ ਦਿਨਾਂ ’ਚ ਚਾਰ ਵੱਖ-ਵੱਖ ਟਰਾਂਜ਼ੈਕਸ਼ਨ ਕਰ ਦਿੱਤੇ। ਮੋਟੀ ਰਕਮ ਟਰਾਂਸਫਰ ਕਰਨ ਤੋਂ ਬਾਅਦ ਜਦੋਂ ਇਸਦੀ ਸੱਚਾਈ ਦਾ ਪਤਾ ਲੱਗਾ, ਤਾਂ ਪਿਛਲੇ ਮੰਗਲਵਾਰ ਨੂੰ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਯੂਨਿਟ ’ਚ ਈ-ਐੱਫਆਈਆਰ ਦਰਜ ਕਰਾ ਦਿੱਤੀ ਗਈ।

ਜਾ. ਸ, ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ, ਸਾਬਕਾ ਰਾਜ ਸਭਾ ਮੈਂਬਰ ਤੇ ਮਸ਼ਹੂਰ ਉਦਯੋਗਪਤੀ ਨਰੇਸ਼ ਗੁਜਰਾਲ ਨਾਲ 7.68 ਕਰੋੜ ਰੁਪਏ ਦੀ ਸਾਈਬਰ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਨਰੇਸ਼ ਗੁਜਰਾਲ ਦੀ ਡਿਸਪਲੇ ਪਿਕਚਰ (ਡੀਪੀ) ਦੀ ਵਰਤੋਂ ਕਰ ਕੇ ਆਨਲਾਈਨ ਮੈਸੇਜਿੰਗ ਪਲੇਟਫਾਰਮ ’ਤੇ ਇਕ ਅਕਾਊਂਟ ਬਣਾਇਆ ਤੇ ਇਸਦੇ ਇਸਤੇਮਾਲ ਕਰ ਕੇ ਉਨ੍ਹਾਂ ਦੀ ਕੰਪਨੀ ’ਚ ਹੀ ਫਾਈਨਾਂਸ ਦਾ ਕੰਮ ਦੇਖਣ ਵਾਲੇ ਇਕ ਮੁਲਾਜ਼ਮ ਨੂੰ ਪੈਸੇ ਟਰਾਂਸਫਰ ਕਰਨ ਲਈ ਉਕਸਾਇਆ। ਕਾਰੋਬਾਰ ਨਾਲ ਜੁੜੇ ਜ਼ਰੂਰੀ ਕੰਮ ਦਾ ਹਵਾਲਾ ਦਿੰਦੇ ਹੋਏ ਮੁਲਾਜ਼ਮ ਨੂੰ ਤੱਤਕਾਲ ਆਰਟੀਜੀਐੱਸ ਜ਼ਰੀਏ ਰਕਮ ਟਰਾਂਸਫਰ ਕਰਨ ਲਈ ਕਿਹਾ ਗਿਆ। ਸੰਦੇਸ਼ ਨੂੰ ਅਸਲੀ ਸਮਝ ਕੇ ਮੁਲਾਜ਼ਮ ਨੇ ਚਾਰ ਦਿਨਾਂ ’ਚ ਚਾਰ ਵੱਖ-ਵੱਖ ਟਰਾਂਜ਼ੈਕਸ਼ਨ ਕਰ ਦਿੱਤੇ। ਮੋਟੀ ਰਕਮ ਟਰਾਂਸਫਰ ਕਰਨ ਤੋਂ ਬਾਅਦ ਜਦੋਂ ਇਸਦੀ ਸੱਚਾਈ ਦਾ ਪਤਾ ਲੱਗਾ, ਤਾਂ ਪਿਛਲੇ ਮੰਗਲਵਾਰ ਨੂੰ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਯੂਨਿਟ ’ਚ ਈ-ਐੱਫਆਈਆਰ ਦਰਜ ਕਰਾ ਦਿੱਤੀ ਗਈ।
ਡੀਸੀਪੀ ਵਿਨੀਤ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਬੈਂਕ ਖਾਤਿਆਂ ’ਚ ਜਮ੍ਹਾ 4.28 ਕਰੋੜ ਰੁਪਏ ਫਰੀਜ਼ ਕਰਾ ਦਿੱਤੇ ਹਨ। ਠੱਗੀ ਦੀ ਇਹ ਵਾਰਦਾਤ 12 ਤੋਂ 16 ਜੂਨ ਦੌਰਾਨ ਹੋਈ। 16 ਜੂਨ ਨੂੰ ਇਸ ਟਰਾਂਜ਼ੈਕਸ਼ਨ ਦੇ ਬਾਰੇ ਨਰੇਸ਼ ਗੁਜਰਾਲ ਦੀ ਬੇਟੀ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਆਪਣੇ ਪਿਤਾ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਸੇ ਨੂੰ ਵੀ ਪੈਸੇ ਭੇਜਣ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਤੇ ਕੰਪਨੀ ਦੇ ਮੁਲਾਜ਼ਮਾਂ ਨੂੰ ਅਹਿਸਾਸ ਹੋਇਆ ਕਿ ਉਹ ਲੋਕ ਸਾਈਬਰ ਠੱਗਾਂ ਦੇ ਸ਼ਿਕਾਰ ਬਣ ਗਏ ਹਨ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਹੁਣ ਮਨੀ ਟ੍ਰੇਲ ਦਾ ਪਤਾ ਲਗਾ ਰਹੀ ਹੈ ਤੇ ਸਾਈਬਰ ਠੱਗਾਂ ਦੀ ਪਛਾਣ ਕਰ ਰਹੀ ਹੈ. ਪੁਲਿਸ ਨੇ ਜਦੋਂ ਬੈਂਕ ਤੋਂ ਗ਼ੈਰ ਸਧਾਰਨ ਰੂਪ ਨਾਲ ਵੱਡੀ ਰਕਮ ਟਰਾਂਸਫਰ ਹੋਣ ’ਤੇ ਕੰਪਨੀ ਦੇ ਸੀਐੱਫਓ ਤੋਂ ਮਨਜ਼ੂਰੀ ਮੰਗਣ ਦੀ ਜਾਣਕਾਰੀ ਮੰਗੀ ਤਾਂ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸੀਐੱਫਓ ਨੇ ਇਹ ਮੰਨਦੇ ਹੋਏ ਇਜਾਜ਼ਤ ਦੇ ਦਿੱਤੀ ਕਿ ਨਿਰਦੇਸ਼ ਖੁਦ ਨਰੇਸ਼ ਗੁਜਰਾਲ ਵਲੋਂ ਆਏ ਹਨ।
ਠੱਗਾਂ ਨੇ ਮੁਲਾਜ਼ਮ ਦਾ ਫੋਨ ਕੀਤਾ ਹੈਕ
ਜਾਂਚ ’ਛ ਇਹ ਵੀ ਸਾਹਮਣੇ ਆਇਆ ਕਿ ਠੱਗਾਂ ਨੇ ਇਕ ਮਾਲੀਸ਼ੀਅਸ ਫਾਈਲ ਭੇਜ ਕੇ ਮੁਲਾਜ਼ਮ ਦਾ ਫੋਨ ਹੈਕ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁਲਾਜ਼ਮ ਦੇ ਫੋਨ ’ਚ ਸੇਵ ਨਰੇਸ਼ ਗੁਜਰਾਲ ਦਾ ਨੰਬਰ ਬਦਲ ਕੇ ਆਪਣਾ ਨੰਬਰ ਪਾ ਦਿੱਤਾ। ਇਸ ਨੰਬਰ ’ਤੇ ਨਰੇਸ਼ ਗੁਜਰਾਲ ਦੀ ਫੋਟੋ ਲਈ ਸੀ, ਜਿਸ ਨਾਲ ਧੋਖਾਧੜੀ ਲੰਬੇ ਸਮੇਂ ਤੱਕ ਪਕੜ ’ਚ ਨਹੀਂ ਆਈ। ਪੁਲਿਸ ਜਾਂਚ ’ਚ ਪਤਾ ਲੱਗਾ ਕਿ ਚਾਰੋ ਟਰਾਂਜ਼ੈਕਸ਼ਨਾਂ ਦੀ ਰਕਮ ਮਹਾਰਾਸ਼ਟਰ ਤੇ ਆਂਧਰ ਪ੍ਰਦੇਸ਼ ਸਮੇਤ ਅਲੱਗ-ਅਲੱਗ ਸੂਬਿਆਂ ਦੇ ਬੈਂਕ ਖਾਤਿਆਂ ’ਚ ਭੇਜੀ ਗਈ। ਦੱਸਣਯੋਗ ਹੈ ਕਿ 78 ਸਾਲਾ ਨਰੇਸ਼ ਗੁਜਰਾਲ, ਮਰਹੂਮ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਹਨ, ਜਿਹੜੇ 1997 ਤੋਂ 1998 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਨ।