- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਨਸੂਨ ਚਾਰ ਜੂਨ ਨੂੰ ਤਿੰਨ ਦਿਨ ਦੀ ਦੇਰੀ ਨਾਲ ਕੇਰਲਮ ਪੁੱਜਾ ਸੀ। ਸ਼ੁਰੂਆਤੀ ਦਿਨਾਂ ’ਚ ਇਸ ਦੀ ਚਾਲ ਤੇਜ਼ ਰਹੀ ਤੇ ਅੱਠ ਜੂਨ ਤੱਕ ਇਹ ਮਹਾਰਾਸ਼ਟਰ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਤੱਕ ਪੁੱਜ ਗਿਆ, ਪਰ ਇਸ ਤੋਂ ਬਾਅਦ ਅਚਾਨਕ ਇਸ ਦੀ ਰਫ਼ਤਾਰ ਹੌਲੀ ਪੈ ਗਈ।

ਜਾਗਰਣ ਬਿਊਰੋ, ਨਵੀਂ ਦਿੱਲੀ : ਮੌਨਸੂਨ ਦੀ ਰਫ਼ਤਾਰ ਰੁਕਣ ਨਾਲ ਸੋਕੇ ਵਰਗੇ ਹਾਲਾਤ ਦਾ ਸ਼ੱਕ ਵਧਣ ਲੱਗਾ ਹੈ। ਜੂਨ ਦੇ ਤੀਜੇ ਹਫ਼ਤੇ ਤੱਕ ਆਮ ਤੌਰ ’ਤੇ ਮੌਨਸੂਨ ਦੇਸ਼ ਦੇ ਵੱਡੇ ਹਿੱਸੇ ਨੂੰ ਕਵਰ ਕਰ ਲੈਂਦਾ ਹੈ, ਪਰ ਇਸ ਵਾਰ ਪਿਛਲੇ ਲਗਪਗ 12 ਦਿਨਾਂ ਤੋਂ ਇਸ ਦੀ ਪ੍ਰਗਤੀ ਰੁਕੀ ਹੋਈ ਹੈ। ਇਸ ਦਾ ਸਿੱਧਾ ਅਸਰ ਬਾਰਿਸ਼ ਦੇ ਅੰਕੜਿਆਂ ’ਚ ਦਿਖਾਈ ਦੇ ਰਿਹਾ ਹੈ। ਅੱਧੇ ਦੇਸ਼ ’ਚ ਸੋਕੇ ਵਰਗੇ ਹਾਲਾਤ ਹਨ। ਇਕ ਜੂਨ ਤੋਂ 19 ਜੂਨ ਵਿਚਾਲੇ ਦੇਸ਼ ਭਰ ’ਚ ਆਮ ਤੋਂ 41 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਘੱਟ ਬਾਰਿਸ਼ ਕਾਰਨ ਸਾਉਣੀ ਦੀਆਂ ਫ਼ਸਲਾਂ ਦੀ ਬੁਆਈ, ਮਿੱਟੀ ਦੀ ਨਮੀ, ਪੀਣ ਵਾਲੇ ਪਾਣੀ ਦੀ ਉਪਲਬਧਤਾ ਤੇ ਜਲਗਾਹਾਂ ਦੇ ਪਾਣੀ ਦੇ ਪੱਧਰ ’ਤੇ ਦਬਾਅ ਵਧਣ ਲੱਗਾ ਹੈ।
ਮੌਨਸੂਨ ਚਾਰ ਜੂਨ ਨੂੰ ਤਿੰਨ ਦਿਨ ਦੀ ਦੇਰੀ ਨਾਲ ਕੇਰਲਮ ਪੁੱਜਾ ਸੀ। ਸ਼ੁਰੂਆਤੀ ਦਿਨਾਂ ’ਚ ਇਸ ਦੀ ਚਾਲ ਤੇਜ਼ ਰਹੀ ਤੇ ਅੱਠ ਜੂਨ ਤੱਕ ਇਹ ਮਹਾਰਾਸ਼ਟਰ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਤੱਕ ਪੁੱਜ ਗਿਆ, ਪਰ ਇਸ ਤੋਂ ਬਾਅਦ ਅਚਾਨਕ ਇਸ ਦੀ ਰਫ਼ਤਾਰ ਹੌਲੀ ਪੈ ਗਈ। ਪੱਛਮੀ ਭਾਰਤ ’ਚ ਅੱਠ ਜੂਨ ਤੇ ਪੂਰਬੀ ਭਾਰਤ ’ਚ 12 ਜੂਨ ਤੋਂ ਬਾਅਦ ਤੋਂ ਮੌਨਸੂਨ ਅੱਗੇ ਨਹੀਂ ਵਧ ਸਕਿਆ ਹੈ।
ਮਹਾਰਾਸ਼ਟਰ, ਝਾਰਖੰਡ, ਬਿਹਾਰ, ਓਡੀਸ਼ਾ ਤੇ ਛੱਤੀਸਗੜ੍ਹ ਦੇ ਹਿੱਸੇ ਹੁਣ ਵੀ ਚੰਗੀ ਬਾਰਿਸ਼ ਦੀ ਉਡੀਕ ਕਰ ਰਹੇ ਹਨ। ਸਕਾਈਮੇਟ ਦਾ ਮੰਨਣਾ ਹੈ ਕਿ ਅਲਨੀਨੋ ਦੇ ਅਸਰ ਨਾਲ ਸ਼ੁਰੂਆਤੀ ਸੰਕੇਤ ਮੌਨਸੂਨ ’ਤੇ ਦਿਖਾਈ ਦੇਣ ਲੱਗੇ ਹਨ, ਪਰ 23 ਜੂਨ ਤੋਂ 24 ਜੂਨ ਤੱਕ ਬੰਗਾਲ ਦੀ ਖਾੜੀ ’ਚ ਹਾਲਾਤ ਢੁੱਕਵੇਂ ਹੋ ਸਕਦੇ ਹਨ। ਇਸ ਦੇ ਅਸਰ ਨਾਲ ਮਹਾਰਾਸ਼ਟਰ, ਓਡੀਸ਼ਾ, ਝਾਰਖੰਡ, ਬਿਹਾਰ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ’ਚ ਮੌਨਸੂਨ ਅੱਗੇ ਵਧ ਸਕਦਾ ਹੈ। ਦਿੱਲੀ ’ਚ ਮੌਨਸੂਨ ਦੋ ਜੁਲਾਈ ਤੱਕ ਪੁੱਜ ਸਕਦਾ ਹੈ।
ਫ਼ਿਲਹਾਲ ਦੇਸ਼ ਦੇ ਲਗਪਗ ਅੱਧੇ ਹਿੱਸੇ ’ਚ ਬਾਰਿਸ਼ ਦੀ ਭਾਰੀ ਕਮੀ ਹੈ। ਮੌਸਮ ਮਾਹਿਰਾਂ ਮੁਤਾਬਕ ਦੇਸ਼ ਦਾ ਲਗਪਗ 48 ਫ਼ੀਸਦੀ ਖੇਤਰ ਘੱਟ ਬਾਰਿਸ਼ ਤੇ 24 ਫ਼ੀਸਦੀ ਖੇਤਰ ਬਹੁਤ ਘੱਟ ਬਾਰਿਸ਼ ਦੇ ਵਰਗ ’ਚ ਪੁੱਜ ਚੁੱਕਾ ਹੈ। ਮੱਧ ਭਾਰਤ ’ਚ ਆਮ ਤੋਂ 64 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਗੁਜਰਾਤ ’ਚ 90 ਫ਼ੀਸਦੀ, ਕੋਂਕਣ ਅਤੇ ਗੋਆ ’ਚ 84 ਫ਼ੀਸਦੀ ਤੇ ਮੱਧ ਮਹਾਰਾਸ਼ਟਰ ’ਚ 81 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਝਾਰਖੰਡ ’ਚ ਲਗਪਗ 70 ਫ਼ੀਸਦੀ, ਬਿਹਾਰ ’ਚ 40 ਫ਼ੀਸਦੀ ਤੇ ਉੱਤਰ ਪ੍ਰਦੇਸ਼ ’ਚ 24 ਫ਼ੀਸਦੀ ਤੱਕ ਬਾਰਿਸ਼ ਦੀ ਕਮੀ ਬਣੀ ਹੋਈ ਹੈ।
ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ’ਚ ਗਰਮ ਹਵਾਵਾਂ ਚੱਲਣ ਦਾ ਖ਼ਦਸ਼ਾ
ਕਈ ਸੂਬਿਆਂ ’ਚ ਲੂ ਦਾ ਪ੍ਰਕੋਪ ਜਾਰੀ ਰਹਿ ਸਕਦਾ ਹੈ। ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ, ਬਿਹਾਰ, ਤੇਲੰਗਾਨਾ, ਵਿਦਰਭ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਅਗਲੇ ਕੁਝ ਦਿਨਾਂ ਤੱਕ ਗਰਮ ਹਵਾਵਾਂ ਚੱਲਣ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸਾਉਣੀ ਸੀਜ਼ਨ ਲਈ ਜੂਨ ਦਾ ਆਖ਼ਰੀ ਹਫ਼ਤਾ ਫ਼ੈਸਲਾਕੁਨ ਹੋ ਸਕਦਾ ਹੈ। ਜੇ ਮੌਨਸੂਨ ਸਰਗਰਮ ਹੁੰਦਾ ਹੈ ਤਾਂ ਹਾਲਾਤ ਸੰਭਲ ਸਕਦੇ ਹਨ। ਸੁਸਤ ਚਾਲ ਜਾਰੀ ਰਹੀ ਤਾਂ ਖੇਤੀ, ਪੇਂਡੂ ਅਰਥਚਾਰੇ ਤੇ ਜਲ ਉਪਲਬਧਤਾ ’ਤੇ ਵਿਆਪਕ ਅਸਰ ਪੈ ਸਕਦਾ ਹੈ।
ਖੇਤਾਂ ਦੀ ਨਮੀ ਖ਼ਤਮ ਹੋ ਰਹੀ ਹੈ, ਫ਼ਸਲਾਂ ਪ੍ਰਭਾਵਿਤ
ਘੱਟ ਬਾਰਿਸ਼ ਦਾ ਸਭ ਤੋਂ ਵੱਡਾ ਅਸਰ ਖੇਤੀ ’ਤੇ ਪੈ ਰਿਹਾ ਹੈ। ਖੇਤਾਂ ਦੀ ਨਮੀ ਖ਼ਤਮ ਹੋ ਰਹੀ ਹੈ। ਫ਼ਸਲਾਂ ਪ੍ਰਭਾਵਿਤ ਹੋਣ ਲੱਗੀਆਂ ਹਨ। ਪਾਣੀ ਦੇ ਭੰਡਾਰਨ ’ਤੇ ਵੀ ਅਸਰ ਦਿਖਾਈ ਦੇ ਰਿਹਾ ਹੈ। ਕੇਂਦਰੀ ਜਲ ਆਯੋਗ ਮੁਤਾਬਕ 18 ਜੂਨ ਤੱਕ ਦੇਸ਼ ਦੀਆਂ 166 ਮੁੱਖ ਜਲਗਾਹਾਂ ’ਚ ਕੁੱਲ ਸਮਰੱਥਾ ਦਾ ਸਿਰਫ਼ 27.5 ਫ਼ੀਸਦੀ ਪਾਣੀ ਹੀ ਉਪਲਬਧ ਹੈ। ਹਾਲਾਂਕਿ, ਇਹ ਪੱਧਰ ਲੰਬੇ ਸਮੇਂ ਦੀ ਔਸਤ ਤੋਂ ਥੋੜ੍ਹਾ ਬਿਹਤਰ ਹੈ। ਪਰ, ਜੇ ਮੌਨਸੂਨ ਦੀ ਸੁਸਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਪੀਣ ਵਾਲੇ ਪਾਣੀ ਤੇ ਸਿੰਚਾਈ ਦੋਵਾਂ ਮੋਰਚਿਆਂ ’ਤੇ ਦਬਾਅ ਵਧ ਸਕਦਾ ਹੈ।