- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਜਵੀਜ਼ ਮੁਤਾਬਕ, ਕਲਾਸ ਬੀ (ਦਰਮਿਆਨਾ ਜੋਖਮ) ਉਪਕਰਨਾਂ ਜਿਵੇਂ ਬਲੱਡ ਪ੍ਰੈਸ਼ਰ ਮਾਨੀਟਰ, ਹਾਈਪੋਡਰਮਿਕ ਨੀਡਲ ਤੇ ਪਲਸ ਆਕਸੀਮੀਟਰ ਦੇ ਉਤਪਾਦਨ ਲਾਇਸੈਂਸ ਦੀ ਸਮਾਂ ਹੱਦ 140 ਦਿਨਾਂ ਤੋਂ ਘਟਾ ਕੇ 115 ਦਿਨ ਕਰਨ ਦੀ ਤਜਵੀਜ਼ ਹੈ।

ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਮੈਡੀਕਲ ਡਿਵਾਈਸ ਉਦਯੋਗ ਨੂੰ ਰਾਹਤ ਦੇਣ ਲਈ ਮੈਡੀਕਲ ਡਿਵਾਈਸ ਨਿਯਮ, 2017 ਵਿਚ ਸੋਧ ਦਾ ਖਰੜਾ ਜਾਰੀ ਕੀਤਾ ਹੈ। ਤਜਵੀਜ਼ਸ਼ੁਦਾ ਤਬਦੀਲੀਆਂ ਦਾ ਉਦੇਸ਼ ਮੈਡੀਕਲ ਉਪਕਰਨਾਂ ਦੇ ਉਤਪਾਦਨ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਸੁਖਾਲਾ, ਪਾਰਦਰਸ਼ੀ ਤੇ ਸਮਾਂਬੱਧ ਬਣਾਉਣਾ ਹੈ ਤਾਂ ਜੋ ਗੁਣਵੱਤਾ, ਸੁਰੱਖਿਆ ਤੇ ਪ੍ਰਦਰਸ਼ਨ ਸੰਬੰਧੀ ਮਿਆਰਾਂ ਨਾਲ ਸਮਝੌਤਾ ਕੀਤੇ ਬਿਨਾਂ ਉਦਯੋਗ ਨੂੰ ਤੇਜ਼ੀ ਨਾਲ ਮਨਜ਼ੂਰੀ ਮਿਲ ਸਕੇ।
ਸਿਹਤ ਮੰਤਰਾਲੇ ਵੱਲੋਂ ਜਾਰੀ ਖਰੜਾ ਨੋਟੀਫਿਕੇਸ਼ਨ ਅਨੁਸਾਰ, ਜੋਖਮ ਆਧਾਰਤ ਵਰਗੀਕਰਨ ਮੁਤਾਬਕ ਲਾਇਸੈਂਸ ਜਾਰੀ ਕਰਨ ਦੀ ਸਮਾਂ ਹੱਦ ਘਟਾਈ ਜਾਵੇਗੀ। ਮੌਜੂਦਾ ਨਿਯਮਾਂ ਅਨੁਸਾਰ, ਮੈਡੀਕਲ ਡਿਵਾਈਸ ਨੂੰ ਕਲਾਸ ਏ, ਬੀ, ਸੀ ਅਤੇ ਡੀ ਵਿਚ ਵਰਗੀਕ੍ਰਿਤ ਕੀਤਾ ਗਿਆ ਹੈ ਜਿਸ ਵਿਚ ਕਲਾਸ ਡੀ ਸਭ ਤੋਂ ਵੱਧ ਜੋਖਮ ਵਾਲੀ ਸ਼੍ਰੇਣੀ ਹੈ।
ਤਜਵੀਜ਼ ਮੁਤਾਬਕ, ਕਲਾਸ ਬੀ (ਦਰਮਿਆਨਾ ਜੋਖਮ) ਉਪਕਰਨਾਂ ਜਿਵੇਂ ਬਲੱਡ ਪ੍ਰੈਸ਼ਰ ਮਾਨੀਟਰ, ਹਾਈਪੋਡਰਮਿਕ ਨੀਡਲ ਤੇ ਪਲਸ ਆਕਸੀਮੀਟਰ ਦੇ ਉਤਪਾਦਨ ਲਾਇਸੈਂਸ ਦੀ ਸਮਾਂ ਹੱਦ 140 ਦਿਨਾਂ ਤੋਂ ਘਟਾ ਕੇ 115 ਦਿਨ ਕਰਨ ਦੀ ਤਜਵੀਜ਼ ਹੈ। ਇਸ ਦੇ ਨਾਲ ਕਲਾਸ ਸੀ ਅਤੇ ਡੀ ਸ਼੍ਰੇਣੀ ਦੇ ਉੱਚ ਜੋਖਮ ਵਾਲੇ ਉਪਕਰਨਾਂ ਜਿਵੇਂ ਕਾਰਡੀਅਕ ਸਟੈਂਟ ਤੇ ਹਿਪ ਇੰਪਲਾਂਟ ਅਤੇ ਹੋਰ ਆਰਥੋਪੀਡਿਕ ਇੰਪਲਾਂਟਾਂ ਲਈ ਲਾਇਸੈਂਸ ਜਾਰੀ ਕਰਨ ਦੀ ਸਮਾਂ ਹੱਦ 105 ਦਿਨਾਂ ਤੋਂ ਘਟਾ ਕੇ 90 ਦਿਨ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਖਰੜਾ ਸੋਧ ਵਿਚ ਲਾਇਸੈਂਸਿੰਗ ਪ੍ਰਕਿਰਿਆ ਦੇ ਹਰ ਪੜਾਅ ਬਿਨੈ ਦੀ ਜਾਂਚ, ਸੂਚੀਬੱਧ ਸੰਸਥਾਵਾਂ ਵੱਲੋਂ ਆਡਿਟ, ਅਨੁਕੂਲਤਾ ਦੀ ਪੁਸ਼ਟੀ ਅਤੇ ਆਖ਼ਰੀ ਲਾਇਸੈਂਸ ਜਾਰੀ ਕਰਨ ਦੀ ਸਮਾਂ ਹੱਦ ਵੀ ਸਾਫ਼ ਤੌਰ ’ਤੇ ਨਿਰਧਾਰਿਤ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਸਿਹਤ ਮੰਤਰਾਲੇ ਨੇ ਇਸ ਖਰੜੇ ’ਤੇ ਹਿੱਤਧਾਰਕਾਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਹਨ। ਖਰੜਾ ਨੋਟੀਫਿਕੇਸ਼ਨ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਵੈੱਬਸਾਈਟ ’ਤੇ ਉਪਲਬਧ ਹੈ।