- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਆਪ੍ਰੇਸ਼ਨ ਟਾਈਗਰ' ਨੂੰ ਲੈ ਕੇ ਅਟਕਲਾਂ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਸ਼ਿਵਸੈਨਾ ਐਮਐਲਸੀ ਚੰਦਰਕਾਂਤ ਰਘੂਵੰਸ਼ੀ ਨੇ ਦਾਅਵਾ ਕੀਤਾ ਕਿ ਸ਼ਿਵਸੈਨਾ (ਯੂਬੀਟੀ) ਦੇ ਛੇ ਸੰਸਦ ਮੈਂਬਰਾਂ ਨੇ ਸ਼ਿੰਦੇ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਨ੍ਹਾਂ ਦੇ ਧੜੇ 'ਚ ਸ਼ਾਮਲ ਹੋਣ ਲਈ ਤਿਆਰ ਹਨ।

ਡਿਜੀਟਲ ਡੈਸਕ, ਮੁੰਬਈ : ਮਹਾਰਾਸ਼ਟਰ ਦੀ ਰਾਜਨੀਤੀ 'ਚ ਸ਼ਿਵਸੈਨਾ (UBT) ਅਤੇ ਏਕਨਾਥ ਸ਼ਿੰਦੇ ਧੜੇ ਵਿਚਕਾਰ ਇਕ ਵਾਰ ਫਿਰ ਸਿਆਸੀ ਤਣਾਅ ਤੇ ਜ਼ੁਬਾਨੀ ਜੰਗ ਸਿਖਰ 'ਤੇ ਪਹੁੰਚ ਗਈ ਹੈ। ਪਾਰਟੀ ਦੇ 9 ਲੋਕ ਸਭਾ ਸੰਸਦ ਮੈਂਬਰਾਂ 'ਚੋਂ 6 ਦੇ ਸ਼ਿੰਦੇ ਧੜੇ 'ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਤੇ 'ਆਪ੍ਰੇਸ਼ਨ ਟਾਈਗਰ' ਦੀਆਂ ਚਰਚਾਵਾਂ ਦੌਰਾਨ ਸੰਜੇ ਰਾਉਤ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਤਲਖ਼ ਪੋਸਟ ਸਾਂਝੀ ਕੀਤੀ ਹੈ।
ਐਕਸ 'ਤੇ ਇਕ ਪੋਸਟ 'ਚ ਸੰਜੇ ਰਾਉਤ ਨੇ ਇਕ ਇਨਫੋਗ੍ਰਾਫਿਕ ਸਾਂਝਾ ਕੀਤਾ ਜਿਸ ਵਿਚ ਲਿਖਿਆ ਹੈ, "ਕੁਝ ਲੋਕ ਕੁੱਤੇ ਤਾਂ ਹੁੰਦੇ ਹਨ ਪਰ ਵਫ਼ਾਦਾਰ ਨਹੀਂ ਹੁੰਦੇ।" ਉਨ੍ਹਾਂ ਪੋਸਟ ਨੂੰ ਕੈਪਸ਼ਨ ਦਿੱਤਾ "ਜੈ ਮਹਾਰਾਸ਼ਟਰ!"
ਦਰਅਸਲ, ਸੰਜੇ ਰਾਉਤ ਦੀ ਇਹ ਟਿੱਪਣੀ ਏਕਨਾਥ ਸ਼ਿੰਦੇ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਨੇ ਊਧਵ ਖੇਮੇ 'ਤੇ ਤਨਜ਼ ਕੱਸਦਿਆਂ ਕਿਹਾ ਸੀ ਕਿ ਕੁੱਤੇ ਝੁੰਡ ਵਿਚ ਭੌਂਕਦੇ ਹਨ, ਸ਼ੇਰ ਇਕੱਲਾ ਆਉਂਦਾ ਹੈ। ਸ਼ਿੰਦੇ ਨੇ ਆਪਣੇ ਧੜੇ ਨੂੰ ਬਾਲਾ ਸਾਹਿਬ ਠਾਕਰੇ ਦੀ ਸਿਆਸੀ ਵਿਰਾਸਤ ਦਾ ਅਸਲੀ ਉੱਤਰਾਧਿਕਾਰੀ ਦੱਸਣ ਦੀ ਕੋਸ਼ਿਸ਼ ਕੀਤੀ।
ਸ਼ਿੰਦੇ ਨੇ ਉੱਧਵ ਧੜੇ 'ਤੇ ਕਟਾਖਸ਼ ਕਰਦਿਆਂ ਕਿਹਾ, "ਕੁਝ ਕੁੱਤੇ ਭੌਂਕਦੇ ਰਹਿੰਦੇ ਹਨ। ਕੱਲ੍ਹ ਅਤੇ ਪਰਸੋਂ ਵੀ ਉਹ ਭੌਂਕਦੇ ਰਹਿਣਗੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕੁੱਤੇ ਝੁੰਡ ਵਿੱਚ ਭੌਂਕਦੇ ਹਨ, ਪਰ ਸ਼ੇਰ ਇਕੱਲਾ ਆਉਂਦਾ ਹੈ। ਜਦੋਂ ਸ਼ੇਰ ਸ਼ਿਕਾਰ ਕਰਦਾ ਹੈ ਤਾਂ ਕੁੱਤੇ ਭੌਂਕਦੇ ਰਹਿੰਦੇ ਹਨ। ਜਦੋਂ ਸ਼ੇਰ ਦਹਾੜਦਾ ਹੈ ਤਾਂ ਕੁੱਤੇ ਭੌਂਕਦੇ ਰਹਿੰਦੇ ਹਨ। ਇਹੋ ਸ਼ਿਵਸੇਨਾ ਹੈ। ਇਹੋ ਸ਼ਿਵਸੇਨਾ ਹੈ। ਅਤੇ ਅੱਜ ਇਹ ਸ਼ਿਵਸੇਨਾ ਮਹਾਰਾਸ਼ਟਰ ਵਿੱਚ ਮਜ਼ਬੂਤੀ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ।"
ਦੱਸਦੇ ਚੱਲੀਏ ਕਿ ਦੋਵਾਂ ਧੜਿਆਂ 'ਚ ਇਹ ਸਿਆਸੀ ਬਿਆਨਬਾਜ਼ੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ (ਯੂਬੀਟੀ) ਦੇ ਅੰਦਰ ਇਕ ਨਵੀਂ ਵੰਡ ਦੀਆਂ ਵਧਦੀਆਂ ਅਟਕਲਾਂ ਦੇ ਪਿਛੋਕੜ ਵਿੱਚ ਹੋਈ ਹੈ, ਜਦੋਂ ਪਾਰਟੀ ਦੇ ਨੌਂ ਲੋਕ ਸਭਾ ਸੰਸਦ ਮੈਂਬਰਾਂ 'ਚੋਂ ਛੇ ਨੇ ਨਵੀਂ ਦਿੱਲੀ 'ਚ ਇਕ ਮਹੱਤਵਪੂਰਨ ਸੰਸਦੀ ਦਲ ਦੀ ਬੈਠਕ ਵਿੱਚ ਹਿੱਸਾ ਨਹੀਂ ਲਿਆ, ਜਿਸ ਨਾਲ ਇਹ ਅਫ਼ਵਾਹਾਂ ਤੇਜ਼ ਹੋ ਗਈਆਂ ਕਿ ਉਹ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ 'ਚ ਸ਼ਾਮਲ ਹੋ ਸਕਦੇ ਹਨ।
ਇਹ ਤਾਜ਼ਾ ਵਿਵਾਦ ਸੰਜੇ ਰਾਉਤ ਵੱਲੋਂ ਵੀਰਵਾਰ ਨੂੰ ਕੀਤੀ ਗਈ ਉਸ ਘੋਸ਼ਣਾ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਾਰਟੀ ਨੇ ਗ਼ੈਰ-ਹਾਜ਼ਰ ਛੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਸੰਜੇ ਰਾਉਤ ਨੇ ਪੱਤਰਕਾਰਾਂ ਨੂੰ ਕਿਹਾ, "ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਸੀਂ ਉਨ੍ਹਾਂ ਨੂੰ ਅਯੋਗ ਕਰਾਰ ਦੁਆਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਜੇਕਰ ਲੋਕ ਸਭਾ ਸਪੀਕਰ ਨਿਯਮਾਂ, ਕਾਨੂੰਨ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹਨ, ਤਾਂ ਇਹ ਲੋਕ ਅਯੋਗ ਕਰਾਰ ਹੋ ਜਾਣਗੇ।"
'ਆਪ੍ਰੇਸ਼ਨ ਟਾਈਗਰ' ਨੂੰ ਲੈ ਕੇ ਅਟਕਲਾਂ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਸ਼ਿਵਸੈਨਾ ਐਮਐਲਸੀ ਚੰਦਰਕਾਂਤ ਰਘੂਵੰਸ਼ੀ ਨੇ ਦਾਅਵਾ ਕੀਤਾ ਕਿ ਸ਼ਿਵਸੈਨਾ (ਯੂਬੀਟੀ) ਦੇ ਛੇ ਸੰਸਦ ਮੈਂਬਰਾਂ ਨੇ ਸ਼ਿੰਦੇ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਨ੍ਹਾਂ ਦੇ ਧੜੇ 'ਚ ਸ਼ਾਮਲ ਹੋਣ ਲਈ ਤਿਆਰ ਹਨ।
ਇਸ ਸੰਕਟ ਨੇ ਊਧਵ ਠਾਕਰੇ ਖੇਮੇ ਨੂੰ ਇਕ ਹੋਰ ਵੱਡੀ ਵੰਡ ਦੀ ਸੰਭਾਵਨਾ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਹੈ, ਲਗਪਗ ਚਾਰ ਸਾਲਾਂ ਬਾਅਦ ਜਦੋਂ ਸ਼ਿੰਦੇ ਦੀ 2022 ਦੀ ਬਗ਼ਾਵਤ ਦੇ ਕਾਰਨ ਮਹਾ ਵਿਕਾਸ ਅਘਾੜੀ ਸਰਕਾਰ ਦਾ ਪਤਨ ਹੋਇਆ ਸੀ ਅਤੇ ਅੰਤ ਵਿਚ ਸ਼ਿੰਦੇ ਧੜੇ ਨੂੰ ਅਧਿਕਾਰਤ ਸ਼ਿਵਸੈਨਾ ਵਜੋਂ ਮਾਨਤਾ ਮਿਲੀ ਸੀ।