- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੂਰਵਜਾਂ ਨੇ ਟ੍ਰਾਂਸ ਸ਼ਾਰਦਾ ਖੇਤਰ ਵਿਚ ਮਿਲੀ ਜ਼ਮੀਨ ’ਤੇ ਦਿਨ-ਰਾਤ ਪਸੀਨਾ ਵਹਾਇਆ। ਰਾਮਚੰਦਰ ਵੀ ਕਿਸ਼ੋਰ ਅਵਸਥਾ, ਨੌਜਵਾਨ ਅਵਸਥਾ ਤੋਂ ਲੈ ਕੇ ਬਿਰਧ ਅਵਸਥਾ ਤੱਕ ਉਸ ਜ਼ਮੀਨ ਨਾਲ ਭਾਵਨਾਤਮਕ ਤੌਰ ’ਤੇ ਜੁੜਿਆ ਰਿਹਾ।

ਜਾਗਰਣ ਸੰਵਾਦਦਾਤਾ, ਪੀਲੀਭੀਤ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 66 ਸਾਲਾਂ ਦੇ ਇੰਤਜ਼ਾਰ ਬਾਅਦ ਰਾਮਚੰਦਰ ਨੂੰ ਜਿਸ ਜ਼ਮੀਨ ਦਾ ਮਾਲਕੀ ਹੱਕ ਮਿਲਿਆ, ਉਸ ’ਤੇ ਮੰਗਲਵਾਰ ਨੂੰ ਉਸ ਨੇ ਦਮ ਤੋੜ ਦਿੱਤਾ। ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਹੱਥੋਂ ਮਾਲਕੀ ਪ੍ਰਮਾਣ ਪੱਤਰ ਲੈਣ ਤੋਂ ਬਾਅਦ ਰਾਮਚੰਦਰ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ ਖ਼ੁਸ਼ ਸੀ। ਪੱਟੇ ਦੀ ਸਵਾ ਤਿੰਨ ਏਕੜ ਜ਼ਮੀਨ ਹੁਣ ਉਨ੍ਹਾਂ ਦੀ ਹੋ ਗਈ ਸੀ, ਇਹ ਕਹਿੰਦੇ ਹੋਏ ਮੰਗਲਵਾਰ ਸਵੇਰੇ ਚਾਰ ਵਜੇ ਉਹ ਖੇਤ ਵਿਚ ਗਿਆ ਅਤੇ ਚਾਰੋਂ ਪਾਸੇ ਤਸੱਲੀ ਭਰੀ ਨਜ਼ਰ ਦੌੜਾਈ। ਇਕ ਘੰਟੇ ਬਾਅਦ ਉਸੇ ਜ਼ਮੀਨ ਦੇ ਇਕ ਹਿੱਸੇ ਵਿਚ ਬਣੇ ਘਰ ਵਿਚ ਵਾਪਸ ਆਉਣ ’ਤੇ ਮੰਜੇ ’ਤੇ ਲੰਮਾ ਪੈ ਗਿਆ। ਉਸ ਨੂੰ ਕੁਝ ਦੇਰ ਬੇਚੈਨੀ ਮਹਿਸੂਸ ਹੋਈ ਤੇ ਫਿਰ ਸਾਹ ਰੁਕ ਗਏ।
ਪੀਲੀਭੀਤ-ਲਖੀਮਪੁਰ ਖੀਰੀ ਪੁਨਰਵਾਸ ਯੋਜਨਾ ਤਹਿਤ 1960 ਵਿਚ ਰਾਮਚੰਦਰ ਦਾ ਪਰਿਵਾਰ ਦੇਵਰੀਆ ਤੋਂ ਆਇਆ ਸੀ। ਤਤਕਾਲੀ ਸਰਕਾਰ ਨੇ ਤਰਾਈ ਦੀ ਜ਼ਮੀਨ ਨੂੰ ਵਿਕਸਤ ਅਤੇ ਕਿਸਾਨੀ ਯੋਗ ਬਣਾਉਣ ਲਈ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਪੱਟੇ ਦੇ ਕੇ ਵਸਾਇਆ ਸੀ। ਪਰਿਵਾਰ ਅਨੁਸਾਰ ਉਸ ਸਮੇਂ ਰਾਮਚੰਦਰ ਦੀ ਉਮਰ 14 ਸਾਲ ਸੀ। ਪੂਰਵਜਾਂ ਨੇ ਟ੍ਰਾਂਸ ਸ਼ਾਰਦਾ ਖੇਤਰ ਵਿਚ ਮਿਲੀ ਜ਼ਮੀਨ ’ਤੇ ਦਿਨ-ਰਾਤ ਪਸੀਨਾ ਵਹਾਇਆ। ਰਾਮਚੰਦਰ ਵੀ ਕਿਸ਼ੋਰ ਅਵਸਥਾ, ਨੌਜਵਾਨ ਅਵਸਥਾ ਤੋਂ ਲੈ ਕੇ ਬਿਰਧ ਅਵਸਥਾ ਤੱਕ ਉਸ ਜ਼ਮੀਨ ਨਾਲ ਭਾਵਨਾਤਮਕ ਤੌਰ ’ਤੇ ਜੁੜਿਆ ਰਿਹਾ।
ਪੁੱਤਰਾਂ-ਪੁੱਤਰੀਆਂ, ਪੋਤਿਆਂ ਦਾ ਵੀ ਵਿਆਹ ਹੋ ਗਿਆ। ਪਰਿਵਾਰ ਹੋਣ ਦੇ ਬਾਵਜੂਦ ਰਾਮਚੰਦਰ ਨੂੰ ਇਹ ਗ਼ਮ ਸੀ ਕਿ ਜ਼ਮੀਨ ਦਾ ਮਾਲਕੀ ਹੱਕ ਨਹੀਂ ਮਿਲ ਸਕਿਆ। ਮਾਲੀਆ ਵਿਭਾਗ ਜਾਂ ਕਦੇ ਜੰਗਲਾਤ ਵਿਭਾਗ ਦੀ ਟੀਮ ਆ ਕੇ ਸਵਾਲ ਖੜ੍ਹੇ ਕਰਦੀ ਸੀ। ਉਲਝਣਾਂ ਵਿਚਕਾਰ ਰਾਮਚੰਦਰ 80 ਸਾਲ ਦੀ ਉਮਰ ਵਿਚ ਪੁੱਜ ਗਿਆ ਪਰ ਪਿਛਲੀ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਜ਼ਮੀਨ ਦਾ ਮਾਲਕੀ ਹੱਕ ਨਹੀਂ ਦਿੱਤਾ। ਕੁਝ ਸਮਾਂ ਪਹਿਲਾਂ ਪ੍ਰਦੇਸ਼ ਸਰਕਾਰ ਨੇ ਅਜਿਹੇ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ।
ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਤੋਂ ਉੱਜੜ ਕੇ ਆਏ ਅਤੇ ਪੁਨਰਵਾਸ ਯੋਜਨਾ ਦੇ ਲਾਭਾਰਥੀਆਂ ਨੂੰ ਅਧਿਕਾਰ ਦੇਣ ਆਏ ਸਨ। ਉਨ੍ਹਾਂ ਨੇ ਰਾਮਚੰਦਰ ਨੂੰ ਵੀ ਮੰਚ ’ਤੇ ਬੁਲਾਇਆ ਅਤੇ ਜ਼ਮੀਨ ਦੀ ਮਾਲਕੀ ਦਾ ਪ੍ਰਮਾਣ ਪੱਤਰ ਸੌਂਪਿਆ। ਪਰਿਵਾਰ ਮੁਤਾਬਕ, ਮਾਲਕਾਨਾ ਹੱਕ ਦੇ ਕਾਗਜ਼ ਲੈ ਕੇ ਰਾਮਚੰਦਰ ਇੰਨਾ ਖ਼ੁਸ਼ ਸੀ ਕਿ ਮੰਗਲਵਾਰ ਸਵੇਰੇ ਚਾਰ ਵਜੇ ਉੱਠ ਕੇ ਖੇਤ ਦੇਖਣ ਚਲਾ ਗਿਆ। ਉੱਥੋਂ ਇਕ ਘੰਟੇ ਬਾਅਦ ਵਾਪਸ ਆਇਆ ਤੇ ਮੰਜੇ ’ਤੇ ਲੰਮਾ ਪੈ ਕੇ ਪੀਣ ਲਈ ਪਾਣੀ ਮੰਗਿਆ। ਪੋਤਾ ਪਾਣੀ ਲੈ ਕੇ ਆਇਆ। ਇਸ ਦੌਰਾਨ ਉਸ ਦੀ ਤਬੀਅਤ ਖ਼ਰਾਬ ਹੋ ਗਈ। ਪੁੱਤਰ ਉਸ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਰਹੇ ਸਨ ਪਰ ਕੁਝ ਹੀ ਦੇਰ ਵਿਚ ਉਸ ਨੇ ਦਮ ਤੋੜ ਦਿੱਤਾ।