- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛਾਪੇਮਾਰੀ ਦੌਰਾਨ ਪੁਲਿਸ ਨੇ 7,500 ਰੁਪਏ ਦੀ ਕੀਮਤ ਦੇ 500 ਰੁਪਏ ਦੇ 15 ਜਾਅਲੀ ਨੋਟ, ਨੋਟ ਛਾਪਣ 'ਚ ਵਰਤਿਆ ਜਾਣ ਵਾਲਾ ਇਕ ਪ੍ਰਿੰਟਰ-ਕਮ-ਸਕੈਨਰ, ਬਾਂਡ ਪੇਪਰ ਦੀਆਂ 100 ਸ਼ੀਟਾਂ, ਕੱਟੇ ਹੋਏ ਕਾਗਜ਼ ਦੇ ਟੁਕੜੇ, ਕੈਂਚੀ, ਸਟੀਲ ਦੇ ਰੂਲਰ, ਇਕ ਸਪਾਰਕਲ ਪੈਨ ਅਤੇ ਬਿਨਾਂ ਰਜਿਸਟ੍ਰੇਸ਼ਨ ਵਾਲਾ ਪਲਸਰ ਮੋਟਰਸਾਈਕਲ ਜ਼ਬਤ ਕੀਤਾ।

ਡਿਜੀਟਲ ਡੈਸਕ, ਹੈਦਰਾਬਾਦ: ਤੇਲੰਗਾਨਾ ਪੁਲਿਸ ਨੇ ਜਾਅਲੀ ਨੋਟ ਛਾਪਣ ਵਾਲੇ ਇਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ ਜਿਸ ਨੇ ਯੂਟਿਊਬ ਦੇਖ ਕੇ ਨਕਲੀ ਨੋਟ ਛਾਪਣੇ ਸਿੱਖੇ ਸਨ। ਪੁਲਿਸ ਨੇ 38 ਸਾਲ ਦੇ ਬੇਜਾਵਾੜਾ ਰਾਜੀਵ ਉਰਫ਼ ਰਾਜੂ ਤੇ ਉਸਦੀ 26 ਸਾਲਾ ਪਤਨੀ ਦੁਰਗਮ ਪਾਵਨੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਜਾਅਲੀ ਨੋਟ, ਇਕ ਪ੍ਰਿੰਟਰ-ਸਕੈਨਰ, ਕਾਗਜ਼ ਦਾ ਸਟਾਕ ਅਤੇ 500 ਰੁਪਏ ਦੇ ਜਾਅਲੀ ਨੋਟ ਬਣਾਉਣ 'ਚ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਜ਼ਬਤ ਕੀਤਾ ਹੈ। ਮੁਲਜ਼ਮਾਂ ਨੇ ਆਨਲਾਈਨ ਵੀਡੀਓਜ਼ ਤੋਂ ਤਕਨੀਕੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜਾਅਲੀ ਨੋਟ ਛਾਪਣ ਦਾ ਇਕ ਛੋਟਾ ਜਿਹਾ ਧੰਦਾ ਸ਼ੁਰੂ ਕੀਤਾ ਸੀ।
ਇਸ ਮਾਮਲੇ ਬਾਰੇ ਨਲਗੋਂਡਾ ਦੇ ਡੀਐਸਪੀ (DSP) ਕੇ. ਸ਼ਿਵਰਾਮ ਰੈੱਡੀ ਨੇ ਕਿਹਾ, 'ਮੁਲਜ਼ਮਾਂ ਨੇ ਯੂਟਿਊਬ ਵੀਡੀਓਜ਼ ਤੋਂ ਜਾਅਲੀ ਨੋਟ ਛਾਪਣ ਦਾ ਤਰੀਕਾ ਸਿੱਖਿਆ। ਉਨ੍ਹਾਂ ਨੇ ਆਨਲਾਈਨ ਐਚਪੀ ਪ੍ਰਿੰਟਰ, ਬਾਂਡ ਪੇਪਰ ਅਤੇ ਹੋਰ ਸਾਮਾਨ ਖਰੀਦਿਆ ਅਤੇ ਆਪਣੇ ਘਰ ਵਿੱਚ ਹੀ 500 ਰੁਪਏ ਦੇ ਜਾਅਲੀ ਨੋਟ ਛਾਪਣ ਲੱਗੇ।'
ਜਾਂਚਕਰਤਾਵਾਂ ਮੁਤਾਬਕ, ਮੁਲਜ਼ਮ ਨੇ ਚੰਗੀ ਕੁਆਲਿਟੀ ਵਾਲੇ ਬਾਂਡ ਪੇਪਰ 'ਤੇ ਜਾਅਲੀ ਨੋਟ ਛਾਪੇ, ਕੈਂਚੀ ਅਤੇ ਸਟੀਲ ਦੇ ਰੂਲਰ ਨਾਲ ਉਨ੍ਹਾਂ ਨੂੰ ਅਸਲੀ ਨੋਟਾਂ ਦੇ ਸਾਈਜ਼ ਵਿਚ ਕੱਟਿਆ ਤੇ ਜਨਤਕ ਥਾਵਾਂ 'ਤੇ ਚਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਅਸਲੀ ਨੋਟਾਂ ਵਰਗਾ ਦਿਖਾਉਣ ਦੀ ਕੋਸ਼ਿਸ਼ ਕੀਤੀ।
ਡੀਐਸਪੀ ਨੇ ਅੱਗੇ ਕਿਹਾ, "ਇਹ ਗੈਂਗ ਖ਼ਾਸ ਤੌਰ 'ਤੇ ਭੀੜ-ਭੜੱਕੇ ਵਾਲੀਆਂ ਦੁਕਾਨਾਂ, ਹਫ਼ਤਾਵਾਰੀ ਬਾਜ਼ਾਰਾਂ ਤੇ ਅਜਿਹੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿੱਥੇ ਲੈਣ-ਦੇਣ ਤੇਜ਼ੀ ਨਾਲ ਹੁੰਦਾ ਹੈ ਅਤੇ ਜਾਅਲੀ ਨੋਟਾਂ ਦਾ ਤੁਰੰਤ ਪਤਾ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ। ਬਜ਼ੁਰਗ ਦੁਕਾਨਦਾਰ ਉਨ੍ਹਾਂ ਦੇ ਪਸੰਦੀਦਾ ਨਿਸ਼ਾਨੇ ਹੁੰਦੇ ਸਨ।"
ਇਹ ਰੈਕਟ ਉਦੋਂ ਸਾਹਮਣੇ ਆਇਆ ਜਦੋਂ ਅਵੁਲਾ ਕਿਰਨ ਨਾਮ ਦੇ ਇਕ ਦੁੱਧ ਵਾਲੇ ਨੂੰ 500 ਰੁਪਏ ਦਾ ਜਾਅਲੀ ਨੋਟ ਮਿਲਿਆ ਤੇ ਉਸਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮਾਂ ਦਾ ਪਤਾ ਲਗਾਉਣ ਲਈ ਇਕ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ 15 ਜੂਨ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਫੜ ਲਿਆ।
ਛਾਪੇਮਾਰੀ ਦੌਰਾਨ ਪੁਲਿਸ ਨੇ 7,500 ਰੁਪਏ ਦੀ ਕੀਮਤ ਦੇ 500 ਰੁਪਏ ਦੇ 15 ਜਾਅਲੀ ਨੋਟ, ਨੋਟ ਛਾਪਣ 'ਚ ਵਰਤਿਆ ਜਾਣ ਵਾਲਾ ਇਕ ਪ੍ਰਿੰਟਰ-ਕਮ-ਸਕੈਨਰ, ਬਾਂਡ ਪੇਪਰ ਦੀਆਂ 100 ਸ਼ੀਟਾਂ, ਕੱਟੇ ਹੋਏ ਕਾਗਜ਼ ਦੇ ਟੁਕੜੇ, ਕੈਂਚੀ, ਸਟੀਲ ਦੇ ਰੂਲਰ, ਇਕ ਸਪਾਰਕਲ ਪੈਨ ਅਤੇ ਬਿਨਾਂ ਰਜਿਸਟ੍ਰੇਸ਼ਨ ਵਾਲਾ ਪਲਸਰ ਮੋਟਰਸਾਈਕਲ ਜ਼ਬਤ ਕੀਤਾ।
ਫਿਲਹਾਲ ਪੁਲਿਸ ਇਸ ਆਪ੍ਰੇਸ਼ਨ ਦੇ ਦਾਇਰੇ ਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਜਾਂਚ ਕਰ ਰਹੀ ਹੈ। ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਰਾਜੀਵ ਇਕ ਪੁਰਾਣਾ ਅਪਰਾਧੀ ਹੈ ਅਤੇ ਉਸਦਾ ਲੰਬਾ ਅਪਰਾਧਿਕ ਇਤਿਹਾਸ ਰਿਹਾ ਹੈ। ਇਸ ਵਿਚ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ 'ਚ ਦਰਜ ਹੱਤਿਆ ਦਾ ਇਕ ਮਾਮਲਾ, ਹੱਤਿਆ ਦੀ ਕੋਸ਼ਿਸ਼ ਦਾ ਇਕ ਮਾਮਲਾ ਅਤੇ ਜਾਅਲੀ ਨੋਟਾਂ ਦੇ ਸੱਤ ਮਾਮਲੇ ਸ਼ਾਮਲ ਹਨ।