- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਖੁਰਾਕ ਸੁਰੱਖਿਆ ਤੇ ਸਟੈਂਡਰਡ ਟ੍ਰਿਬਿਊਨਲ (ਐੱਫਐੱਸਐੱਸਏਆਈ) ਨੇ ਇਸ ਗੰਭੀਰ ਲਾਪਰਵਾਹੀ ’ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਸਵਿਗੀ ਇੰਸਟਾਮਾਰਟ ਨੂੰ ਨੌਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਹ ਕਾਰਵਾਈ ਗਾਹਕਾਂ ਤੋਂ ਮਿਲੀਆਂ ਉਨ੍ਹਾਂ ਦੀਆਂ ਡਰਾਉਣੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ ਜਿਨ੍ਹਾਂ ’ਚ ਗਲਿਆ-ਸੜਿਆ ਤੇ ਐਕਸਪਾਇਰਡ ਖਾਣਾ ਡਲਿਵਰ ਕਰਨ ਦੇ ਦੋਸ਼ ਲਗਾਏ ਗਏ ਹਨ।

ਨਵੀਂ ਦਿੱਲੀ, ਪੀਟੀਆਈ : ਜਦੋਂ ਭੁੱਖ ਲੱਗਦੀ ਹੈ, ਤਾਂ ਲੋਕ ਪੂਰੇ ਭਰੋਸੇ ਦੇ ਨਾਲ ਆਨਲਾਈਨ ਫੂਡ ਡਲਿਵਰੀ ਐਪਸ ਦਾ ਰੁਖ਼ ਕਰਦੇ ਹਨ। ਕੁਝ ਮਿੰਟਾਂ ’ਚ ਸਾਮਾਨ ਘਰ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ ਇਹ ਪਲੇਟਫਾਰਮ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਪਰ ਕੀ ਹੋਵੇ ਜਦੋਂ ਇਸੇ ਭਰੋਸੇ ਦੇ ਬਦਲੇ ਤੁਹਾਡੇ ਪਰਿਵਾਰ ਇੱਥੋਂ ਤੱਕ ਕਿ ਮਾਸੂਮ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਣ ਲੱਗੇ? ਭਾਰਤੀ ਖੁਰਾਕ ਸੁਰੱਖਿਆ ਤੇ ਸਟੈਂਡਰਡ ਟ੍ਰਿਬਿਊਨਲ (ਐੱਫਐੱਸਐੱਸਏਆਈ) ਨੇ ਇਸ ਗੰਭੀਰ ਲਾਪਰਵਾਹੀ ’ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਸਵਿਗੀ ਇੰਸਟਾਮਾਰਟ ਨੂੰ ਨੌਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਹ ਕਾਰਵਾਈ ਗਾਹਕਾਂ ਤੋਂ ਮਿਲੀਆਂ ਉਨ੍ਹਾਂ ਦੀਆਂ ਡਰਾਉਣੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ ਜਿਨ੍ਹਾਂ ’ਚ ਗਲਿਆ-ਸੜਿਆ ਤੇ ਐਕਸਪਾਇਰਡ ਖਾਣਾ ਡਲਿਵਰ ਕਰਨ ਦੇ ਦੋਸ਼ ਲਗਾਏ ਗਏ ਹਨ।
ਮਾਸੂਮਾਂ ਦੀ ਸਿਹਤ ਨਾਲ ਖਿਲਵਾੜ ਤੇ ਸੜਿਆ ਹੋਇਆ ਖਾਣਾ
ਐੱਫਐੱਸਐੱਸਏਆਈ ਮੁਤਾਬਕ, ਗਾਹਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਵਿਗੀ ਦੇ ਕਵਿਕ ਕਾਮਰਸ ਪਲੇਟਫਾਰਮ ਇੰਸਟਾਮਾਰਟ ਜ਼ਰੀਏ ਐਕਸਪਾਇਰਡ, ਦੂਸ਼ਿਤ ਤੇ ਸੜੇ ਹੋਏ ਪਦਾਰਥ ਧੜੱਲੇ ਨਾਲ ਵੇਚੇ ਜਾ ਰਹੇ ਹਨ। ਸਭ ਤੋਂ ਜ਼ਿਆਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਇਕ ਬੱਚੇ ਦੇ ਫੂਡ ਫਾਰਮੂਲੇਸ਼ਨ ਨਾਲ ਜੁੜਿਆ ਹੈ। ਸ਼ਿਕਾਇਤ ਮੁਤਾਬਕ ਇਹ ਬੱਚਿਆਂ ਦਾ ਖਾਣਾ ਬਹੁਤ ਖ਼ਰਾਬ ਤੇ ਅਸੁਰੱਖਿਅਤ ਸਥਿਤੀ ’ਚ ਡਲਿਵਰ ਕੀਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਗਾਹਕ ਵੱਲੋਂ ਇਸ ਦੂਸ਼ਿਤ ਪੈਕਟ ਨੂੰ ਵਾਪਸ ਕਰਨ ਤੋਂ ਬਾਅਦ, ਕੰਪਨੀ ਨੇ ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਹੀ ਖ਼ਰਾਬ ਪ੍ਰੋਡਕਟ ਦੁਬਾਰਾ ਸਪਲਾਈ ਕਰ ਦਿੱਤਾ। ਇਸ ਤੋਂ ਇਲਾਵਾ ‘ਅਕਸ਼ੈਕਲਪ ਆਰਗੈਨਿਕ ਐੱਗ’ ਸੜਿਆ ਹੋਇਆ ਤੇ ਬਦਬੂਦਾਰ ਪਾਇਆ ਗਿਆ ਜਿਹੜਾ ਇਨਸਾਨਾਂ ਦੇ ਖਾਣੇ ਲਾਇਕ ਬਿਲਕੁਲ ਨਹੀਂ ਸੀ। ‘ਕਾਕੇ ਦਾ ਪਰਾਂਠਾ’ ਤੋਂ ਵੀ ਬਦਬੂ ਆ ਰਹੀ ਸੀ ਤੇ ਕਈ ਹੈਲਥ ਸਪਲੀਮੈਂਟਸ ਆਪਣੀ ਐਕਸਪਾਇਰੀ ਡੇਟ ਪਾਰ ਕਰਨ ਤੋਂ ਬਾਅਦ ਵੀ ਗਾਹਕਾਂ ਨੂੰ ਸੌਂਪ ਦਿੱਤੇ ਗਏ।
ਲਾਇਸੈਂਸ ’ਚ ਹੇਰਾ-ਫੇਰ ਤੇ ਸ਼ਿਕਾਇਤਾਂ ’ਤੇ ਚੁੱਪੀ
ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਪਲੇਟਫਾਰਮ ’ਤੇ ਕਈ ਫੂਡ ਬਿਜ਼ਨਸ ਆਪ੍ਰੇਟਰ ਬਿਨਾਂ ਜਾਇਜ਼ ਐੱਫਐੱਸਐੱਸਏਆਈ ਲਾਇਸੈਂਸ ਨੰਬਰ ਜਾਂ ਗ਼ਲਤ ਨਾਂ ਨਾਲ ਲਿਸਟਿਡ ਹਨ। ਆਂਡਿਆਂ ਨੂੰ ਅਜਿਹੇ ਬਰਾਂਡ ਨੇਮ ਤਹਿਤ ਵੇਚਿਆ ਜਾ ਰਿਹਾ ਸੀ ਜਿਹੜੇ ਮਨਜ਼ੂਰ ਸ਼੍ਰੇਣੀਆਂ ’ਚ ਹੀ ਨਹੀਂ ਸਨ। ਦੁਖਦਾਈ ਗੱਲ ਇਹ ਹੈ ਕਿ ਜਦੋਂ ਗਾਹਕਾਂ ਨੇ ਇਨ੍ਹਾਂ ਜਾਨਲੇਵਾ ਲਾਪਰਵਾਹੀਆਂ ਦੀਆਂ ਸ਼ਿਕਾਇਤਾਂ ਕੰਪਨੀ ਨੂੰ ਕੀਤੀਆਂ ਤਾਂ ਕੋਈ ਠੋਸ ਸੁਧਾਰ ਵਾਲਾ ਕਦਮ ਨਹੀਂ ਚੁੱਕਿਆ ਗਿਆ। ਕੁਝ ਮਾਮਲਿਆਂ ’ਚ ਤਾਂ ਸਿਰਫ਼ ਪੈਸੇ ਰਿਫੰਡ ਕਰ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਗਾਹਕਾਂ ਦੀ ਸੁਰੱਖਿਆ ’ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਐੱਫਐੱਸਐੱਸਏਆਈ ਨੇ ਹੁਣ ਸਵਿਗੀ ਇੰਸਟਾਮਾਰਟ ਨੂੰ ਚਿਤਾਵਨੀ ਦਿੰਦੇ ਹੋਏ ਇਕ ਵਿਸਥਾਰਤ ਸਪਸ਼ਟੀਕਰਨ ਤੇ ਨਿਯਮਾਂ ਦੀ ਪਾਲਣਾ ਸਬੰਧੀ ਰਿਪੋਰਟ ਮੰਗੀ ਹੈ। ਜੇ ਕੰਪਨੀ ਮਿੱਥੇ ਸਮੇਂ ਵਿਚ ਤਸੱਲੀਬਖ਼ਸ਼ ਜਵਾਬ ਅਤੇ ਸੁਧਾਰ ਦੇ ਸਬੂਤ ਨਹੀਂ ਦਿੰਦੀ ਹੈ ਤਾਂ ਖੁਰਾਕੀ ਸੁਰੱਖਿਆ ਐਕਟ 2006 ਤਹਿਤ ਉਸ਼ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।