- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਟੀ ਦੇ ਨੌਜਵਾਨ ਚਿਹਰਿਆਂ ਨੂੰ ਮੰਤਰੀ ਮੰਡਲ ਵਿਚ ਅਹਿਮ ਅਹੁਦੇ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁਝ ਮੰਤਰੀਆਂ ਨੂੰ ਪਾਰਟੀ ਵਿਚ ਅਹੁਦੇ ਦੇਣ ਤੇ ਦੂਜੇ ਪਾਸੇ ਪਾਰਟੀ ਦੇ ਅਹੁਦੇਦਾਰਾਂ ਨੂੰ ਮੋਦੀ ਸਰਕਾਰ ਵਿਚ ਸ਼ਾਮਲ ਕਰਨ ਦੀ ਵੀ ਸੰਭਾਵਨਾ ਹੈ

ਨਵੀਂ ਦਿੱਲੀ (ਪੀਟੀਆਈ) : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚ ਨਵੇਂ ਮੰਤਰੀ ਨਾਮਜ਼ਦ ਦੀ ਚਰਚਾ ਤੇਜ਼ ਹੋ ਗਈ ਹੈ। ਸੱਤਾਧਾਰੀ ਪਾਰਟੀ ਦੇ ਸੂਤਰਾਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਇਹ ਬਦਲਾਅ ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਇਹ ਸੈਸ਼ਨ ਜੁਲਾਈ ਦੇ ਤੀਜੇ ਹਫ਼ਤੇ ਦੌਰਾਨ ਸ਼ੁਰੂ ਹੁੰਦਾ ਹੈ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਮੰਡਲ ਵਿਚ ਬਦਲਾਅ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਵਿਚ ਨਵੀਂ ਟੀਮ ਦੇ ਐਲਾਨ ਨਾਲ ਕੀਤਾ ਜਾਵੇਗਾ।
ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਲੀਡਰਸ਼ਿਪ ਅਹੁਦੇਦਾਰਾਂ ਦੀ ਸੂਚੀ ਨੂੰ ਆਖ਼ਰੀ ਰੂਪ ਦੇ ਚੁੱਕੀ ਹੋਈ ਹੈ ਤੇ ‘ਨਿਤਿਨ ਨਬੀਨ ਦੀ ਟੀਮ’ ਬਾਰੇ ਐਲਾਨ ਜਲਦੀ ਹੋਣ ਦੀ ਸੰਭਾਵਨਾ ਹੈ। ਪਾਰਟੀ ਦੇ ਨੌਜਵਾਨ ਚਿਹਰਿਆਂ ਨੂੰ ਮੰਤਰੀ ਮੰਡਲ ਵਿਚ ਅਹਿਮ ਅਹੁਦੇ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁਝ ਮੰਤਰੀਆਂ ਨੂੰ ਪਾਰਟੀ ਵਿਚ ਅਹੁਦੇ ਦੇਣ ਤੇ ਦੂਜੇ ਪਾਸੇ ਪਾਰਟੀ ਦੇ ਅਹੁਦੇਦਾਰਾਂ ਨੂੰ ਮੋਦੀ ਸਰਕਾਰ ਵਿਚ ਸ਼ਾਮਲ ਕਰਨ ਦੀ ਵੀ ਸੰਭਾਵਨਾ ਹੈ। ਕੁਝ ਮੰਤਰੀਆਂ ਦੇ ਵਿਭਾਗ ਬਦਲਣ ਦੀਆਂ ਵੀ ਅਟਕਲਾਂ ਹਨ। ਸੂਤਰਾਂ ਮੁਤਾਬਕ ਸਰਕਾਰ ਵਿਚ ਇਹ ਧਾਰਨਾ ਪ੍ਰਗਟ ਹੋ ਰਹੀ ਹੈ ਕਿ ਅਹਿਮ ਮੰਤਰਾਲਿਆਂ ਵਿਚ ਨਵੇਂ ਚਿਹਰਿਆਂ ਦੀ ਲੋੜ ਹੈ। ਇਸ ਦੇ ਨਾਲ-ਨਾਲ, ਖੇਤਰ, ਸੂਬਾ, ਜਾਤ ਅਧਾਰਤ ਅਤੇ ਰਾਜਨੀਤਕ ਨਿਸ਼ਾਨਿਆਂ ਦੇ ਅਧਾਰ ’ਤੇ ਮੰਤਰੀ ਮੰਡਲ ਵਿਚ ਸੰਤੁਲਨ ਬਣਾਉਣ ਦੀਆਂ ਰਾਜਨੀਤਕ ਜ਼ਰੂਰਤਾਂ ਵੀ ਹਨ। ਦੋ ਕੇਂਦਰੀ ਮੰਤਰੀਆਂ, ਪੰਕਜ ਚੌਧਰੀ ਤੇ ਹਰਸ਼ ਮਲਹੋਤਰਾ ਨੂੰ ਉੱਤਰ ਪ੍ਰਦੇਸ਼ ਤੇ ਦਿੱਲੀ ਦੀ ਜ਼ਿੰਮੇਵਾਰੀ ਦਿੱਤੀ ਜਾ ਚੁੱਕੀ ਹੈ।
ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਤੋਂ ਵੱਧ ਪ੍ਰਤੀਨਿਧੀਆਂ ਨੂੰ ਮੋਦੀ ਸਰਕਾਰ ਵਿਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਅਗਲੇ ਸਾਲ ਇਨ੍ਹਾਂ ਤਿੰਨ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੰਗਾਲ ਵਿਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਸੂਬੇ ਤੋਂ ਕੁਝ ਸੰਸਦ ਮੈਂਬਰਾਂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਮੰਤਰੀ ਮੰਡਲ ਵਿਚ ਬਦਲਾਅ ਦੀਆਂ ਅਟਕਲਾਂ ਉਸ ਸਮੇਂ ਤੇਜ਼ ਹੋਈਆਂ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 23 ਜੂਨ ਨੂੰ ਰਾਸ਼ਟਰਪਤੀ ਭਵਨ ਵਿਚ ਪਦਮ ਇਨਾਮ ਵੰਡ ਸਮਾਗਮ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਤੋਂ ਦੋ ਦਿਨ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਨੇ ਇਨ੍ਹਾਂ ਅਟਕਲਾਂ ਨੂੰ ਹੋਰ ਮਜ਼ਬੂਤੀ ਦਿੱਤੀ ਸੀ।