- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਨਤ ਤਕਨੀਕੀ ਵਿਸ਼ਲੇਸ਼ਣ ਤੇ ਫੋਰੈਂਸਿਕ ਉਪਕਰਨਾਂ ਦੀ ਵਰਤੋਂ ਕਰਦੇ ਹੋਏ ਜਾਂਚਕਰਤਾਵਾਂ ਨੇ ਇਸ ਸਾਈਬਰ ਅਪਰਾਧ ਦੇ ਪੂਰੇ ਬੁਨਿਆਦੀ ਢਾਂਚੇ ਦੀ ਪਛਾਣ ਕੀਤੀ ਹੈ, ਜੋ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਚੱਲ ਰਿਹਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਨੇ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਨਹੀਂ, ਸਗੋਂ ਕਈ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਸੀਬੀਆਈ ਨੇ ਡਿਜੀਟਲ ਅਰੈੱਸਟ (Digital Arrest) ਦੀ ਧਮਕੀ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਵੱਡੇ ਸਾਈਬਰ ਕਰਾਈਮ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ 'ਚ ਸੀਬੀਆਈ ਨੇ 16 ਸੂਬਿਆਂ 'ਚ 80 ਤੋਂ ਵੱਧ ਥਾਵਾਂ 'ਤੇ ਵੱਡੀ ਛਾਪੇਮਾਰੀ ਮੁਹਿੰਮ ਚਲਾਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਸੰਗਠਿਤ ਨੈੱਟਵਰਕ ਨੇ 200 ਤੋਂ ਵੱਧ ਮਾਮਲਿਆਂ 'ਚ ਲੋਕਾਂ ਨੂੰ ਧੋਖਾ ਦੇਣ ਲਈ ਭਾਰਤ ਦੇ ਸੁਪਰੀਮ ਕੋਰਟ ਦੀ ਇੱਕ ਫ਼ਰਜ਼ੀ ਵੈੱਬਸਾਈਟ ਦਾ ਸਹਾਰਾ ਲਿਆ ਸੀ।
ਇਹ ਪੂਰੀ ਕਾਰਵਾਈ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪ੍ਰਾਪਤ ਇਕ ਸ਼ਿਕਾਇਤ ਦੇ ਅਧਾਰ 'ਤੇ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਸੀਬੀਆਈ ਨੇ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਵਿਸਤ੍ਰਿਤ ਜਾਂਚ ਸ਼ੁਰੂ ਕੀਤੀ। ਜਾਂਚ ਏਜੰਸੀ ਨੇ ਇਕ ਅਜਿਹੀ ਫ਼ਰਜ਼ੀ ਵੈੱਬਸਾਈਟ ਦਾ ਖੁਲਾਸਾ ਕੀਤਾ ਜਿਸ ਦਾ ਵੈੱਬ ਐਡਰੈੱਸ ਬਿਲਕੁਲ ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ ਵਰਗਾ ਸੀ।
ਜਾਲਸਾਜ਼ ਇਸੇ ਡੋਮੇਨ ਦੀ ਵਰਤੋਂ ਕਰ ਕੇ ਕਾਨੂੰਨੀ ਅਧਿਕਾਰ ਹੋਣ ਦਾ ਝੂਠਾ ਦਿਖਾਵਾ ਕਰਦੇ ਸਨ ਅਤੇ ਪੀੜਤਾਂ ਨੂੰ ਡਿਜੀਟਲ ਅਰੈੱਸਟ ਦੀਆਂ ਧਮਕੀਆਂ ਦੇ ਕੇ ਡਰਾਉਂਦੇ ਸਨ। ਆਪਣੀ ਧੋਖਾਧੜੀ ਨੂੰ ਅਸਲੀ ਦਿਖਾਉਣ ਲਈ ਮੁਲਜ਼ਮ ਫ਼ਰਜ਼ੀ ਅਦਾਲਤੀ ਹੁਕਮ ਅਤੇ ਜਾਂਚ ਏਜੰਸੀਆਂ ਦੇ ਜਾਅਲੀ ਦਸਤਾਵੇਜ਼ ਵੀ ਅਪਲੋਡ ਕਰਦੇ ਸਨ।
ਇਸ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਸੀਬੀਆਈ ਨੇ ਆਪਰੇਸ਼ਨ ਚੱਕਰ-VI ਤਹਿਤ 60 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਨੇ ਪੰਜਾਬ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਅਸਾਮ, ਪੱਛਮੀ ਬੰਗਾਲ, ਮਨੀਪੁਰ, ਕਰਨਾਟਕ ਅਤੇ ਓਡੀਸ਼ਾ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ। ਇਸ ਮੁਹਿੰਮ ਦੌਰਾਨ ਚੇਨਈ ਤੋਂ ਬੀ. ਨਰੇਸ਼ ਅਤੇ ਕੋਲਕਾਤਾ ਤੋਂ ਸੰਜੀਬ ਸਾਹਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ, ਇਹ ਦੋਵੇਂ ਸ਼ੈੱਲ ਕੰਪਨੀਆਂ ਬਣਾਉਣ ਅਤੇ ਮਿਊਲ ਬੈਂਕ ਖਾਤੇ ਖੋਲ੍ਹਣ ਤੇ ਚਲਾਉਣ ਵਿੱਚ ਸ਼ਾਮਲ ਸਨ, ਜਿਨ੍ਹਾਂ ਦੀ ਵਰਤੋਂ ਅਪਰਾਧ ਰਾਹੀਂ ਕਮਾਏ ਗਏ ਲਗਭਗ 2 ਕਰੋੜ ਰੁਪਏ ਦੀ ਹੇਰਾਫੇਰੀ ਲਈ ਕੀਤੀ ਗਈ ਸੀ।
ਉੱਨਤ ਤਕਨੀਕੀ ਵਿਸ਼ਲੇਸ਼ਣ ਤੇ ਫੋਰੈਂਸਿਕ ਉਪਕਰਨਾਂ ਦੀ ਵਰਤੋਂ ਕਰਦੇ ਹੋਏ ਜਾਂਚਕਰਤਾਵਾਂ ਨੇ ਇਸ ਸਾਈਬਰ ਅਪਰਾਧ ਦੇ ਪੂਰੇ ਬੁਨਿਆਦੀ ਢਾਂਚੇ ਦੀ ਪਛਾਣ ਕੀਤੀ ਹੈ, ਜੋ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਚੱਲ ਰਿਹਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਨੇ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਨਹੀਂ, ਸਗੋਂ ਕਈ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਕਈ ਇਤਰਾਜ਼ਯੋਗ ਸਮੱਗਰੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਵਿੱਚ ਡਿਜੀਟਲ ਉਪਕਰਨ, ਮੋਬਾਈਲ ਫੋਨ ਅਤੇ ਬੈਂਕ ਲੈਣ-ਦੇਣ ਦੇ ਅਹਿਮ ਰਿਕਾਰਡ ਸ਼ਾਮਲ ਹਨ। ਇਨ੍ਹਾਂ ਸਭ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਵਿਦੇਸ਼ੀ ਨਾਗਰਿਕਾਂ ਦੇ ਵੀ ਠੱਗੇ ਜਾਣ ਦੇ ਪੁਖ਼ਤਾ ਖ਼ਦਸ਼ਿਆਂ ਨੂੰ ਦੇਖਦੇ ਹੋਏ ਸੀਬੀਆਈ ਉਚਿਤ ਮਾਧਿਅਮਾਂ ਰਾਹੀਂ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪ੍ਰਾਸੰਗਿਕ ਜਾਣਕਾਰੀ ਸਾਂਝੀ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਵੱਡੇ ਨੈੱਟਵਰਕ ਦੀ ਜਾਂਚ ਅਜੇ ਜਾਰੀ ਹੈ। ਜਿਵੇਂ-ਜਿਵੇਂ ਜਾਂਚ ਦੀਆਂ ਪਰਤਾਂ ਖੁੱਲ੍ਹਣਗੀਆਂ ਅਤੇ ਨੈੱਟਵਰਕ ਦੇ ਹੋਰ ਲੋਕਾਂ ਦਾ ਪਤਾ ਲੱਗੇਗਾ, ਭਵਿੱਖ ਵਿੱਚ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਪੂਰੀ ਸੰਭਾਵਨਾ ਹੈ।