- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਲਿੰਗ ਪੁਲ ਦੇ ਪੂਰੀ ਤਰ੍ਹਾਂ ਨੁਕਸਾਨੇ ਜਾਣ ਤੇ ਟੁੱਟਣ ਕਾਰਨ ਖੇਤਰ 'ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਇਸ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਹੈ।

ਜਾਗਰਣ ਸੰਵਾਦਦਾਤਾ, ਕਿੰਨੌਰ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਇਕ ਪੁਲ ਟੁੱਟ ਗਿਆ। ਘਟਨਾ ਦੌਰਾਨ ਇਕ ਟਰੱਕ ਉੱਪਰੋਂ ਲੰਘ ਰਿਹਾ ਸੀ, ਉਹ ਵੀ ਹੇਠਾਂ ਜਾ ਡਿੱਗਿਆ। ਸੈਰ-ਸਪਾਟਾ ਸੀਜ਼ਨ ਦੌਰਾਨ ਇਕ ਮਹੱਤਵਪੂਰਨ ਮਾਰਗ ਰੁਕ ਗਿਆ ਹੈ। ਚੋਲਿੰਗ ਪੁਲ ਦੇ ਪੂਰੀ ਤਰ੍ਹਾਂ ਨੁਕਸਾਨੇ ਜਾਣ ਤੇ ਟੁੱਟਣ ਕਾਰਨ ਖੇਤਰ 'ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਇਸ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਹੈ। ਇਹ ਪੁਲ ਲਾਹੌਲ-ਸਪੀਤੀ ਦੇ ਕਾਜ਼ਾ ਅਤੇ ਸ਼ਿਮਲਾ ਜ਼ਿਲ੍ਹੇ ਨੂੰ ਕਿੰਨੌਰ ਨਾਲ ਜੋੜਦਾ ਸੀ। ਤਿੰਨ ਜ਼ਿਲ੍ਹਿਆਂ ਦਾ ਸੰਪਰਕ ਪ੍ਰਭਾਵਿਤ ਹੋਇਆ ਹੈ।
ਚੋਲਿੰਗ ਪੁਲ ਇਕਾਂਗੀ ਖੇਤਰ ਤੋਂ ਕਰੀਬ 24 ਕਿਲੋਮੀਟਰ ਪਹਿਲਾਂ ਸਥਿਤ ਹੈ। ਪੁਲ ਟੁੱਟਣ ਤੋਂ ਬਾਅਦ ਹੁਣ ਸਾਰੇ ਵਾਹਨਾਂ ਨੂੰ ਉਰਨੀ-ਢਾਂਕ ਵੈਕਲਪਿਕ ਮਾਰਗ ਤੋਂ ਹੋ ਕੇ ਲੰਘਣਾ ਪੈ ਰਿਹਾ ਹੈ, ਇਸ ਨਾਲ ਯਾਤਰੀਆਂ ਨੂੰ ਕਰੀਬ 8 ਤੋਂ 10 ਕਿਲੋਮੀਟਰ ਵਾਧੂ ਦੂਰੀ ਤੈਅ ਕਰਨੀ ਪਵੇਗੀ, ਜਦੋਂ ਕਿ ਯਾਤਰਾ ਵਿੱਚ ਲਗਭਗ ਇੱਕ ਘੰਟੇ ਦਾ ਵਾਧੂ ਸਮਾਂ ਲੱਗ ਰਿਹਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲ ਦੇ ਨੁਕਸਾਨੇ ਜਾਣ ਨਾਲ ਨਾ ਸਿਰਫ਼ ਆਮ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਸਗੋਂ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਅਤੇ ਵਪਾਰਕ ਗਤੀਵਿਧੀਆਂ 'ਤੇ ਵੀ ਅਸਰ ਪੈ ਰਿਹਾ ਹੈ। ਕਈ ਪਿੰਡਾਂ ਦੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੰਬਾ ਚੱਕਰ ਲਗਾਉਣਾ ਪੈ ਰਿਹਾ ਹੈ।
ਦੂਜੇ ਪਾਸੇ, ਕਿੰਨੌਰ 'ਚ ਅੱਜਕਲ੍ਹ ਸੈਰ-ਸਪਾਟਾ ਸੀਜ਼ਨ ਸਿਖਰ 'ਤੇ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੈਲਾਨੀ ਜ਼ਿਲ੍ਹੇ ਦੀਆਂ ਖੂਬਸੂਰਤ ਵਾਦੀਆਂ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਪਹੁੰਚ ਰਹੇ ਹਨ। ਅਜਿਹੇ ਸਮੇਂ ਪੁਲ ਟੁੱਟਣ ਨਾਲ ਸੈਲਾਨੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਕਲਪਿਕ ਮਾਰਗ ਤੋਂ ਸਫ਼ਰ ਕਰਨ ਕਾਰਨ ਯਾਤਰਾ ਦਾ ਸਮਾਂ ਵਧ ਗਿਆ ਹੈ ਅਤੇ ਕਈ ਥਾਵਾਂ 'ਤੇ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਉਰਨੀ-ਢਾਂਕ ਮਾਰਗ ਦੀ ਵਰਤੋਂ ਕਰਨ ਅਤੇ ਯਾਤਰਾ ਦੌਰਾਨ ਸਤਰਕਤਾ ਵਰਤਣ ਦੀ ਅਪੀਲ ਕੀਤੀ ਹੈ। ਨਾਲ ਹੀ ਪੁਲ ਦੇ ਨੁਕਸਾਨ ਦਾ ਮੁਲਾਂਕਣ ਕਰਕੇ ਜਲਦ ਲੋੜੀਂਦੇ ਕਦਮ ਚੁੱਕਣ ਦੀ ਗੱਲ ਕਹੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਲ ਦੀ ਜਲਦ ਮੁਰੰਮਤ ਜਾਂ ਮੁੜ-ਨਿਰਮਾਣ ਦੀ ਮੰਗ ਕੀਤੀ ਹੈ ਤਾਂ ਜੋ ਆਵਾਜਾਈ ਵਿਵਸਥਾ ਜਲਦ ਆਮ ਵਾਂਗ ਹੋ ਸਕੇ।