- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸ਼ਾਸਨ ਮੁਤਾਬਕ ਹੁਣ ਗੁਰਦੁਆਰੇ ਵਿਚ ਕੋਈ ਵੀ ਨਿਹੰਗ ਸਿੰਘ ਨਹੀਂ ਹੈ। ਉਹ ਪੰਜਾਬ ਪਰਤ ਗਏ ਹਨ, ਜਿਸ ’ਚ ਸੋਮਵਾਰ ਨੂੰ ਹਿਰਾਸਤ ’ਚ ਲਿਆ ਗਿਆ ਨਿਹੰਗ ਸਿੰਘ ਵੀ ਸ਼ਾਮਲ ਹੈ।

ਜਾਗਰਣ ਸੰਵਾਦਦਾਤਾ, ਰੁਦਰਪ੍ਰਯਾਗ : ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਗੁਰਦੁਆਰਾ ਦਮਦਮਾ ਸਾਹਿਬ ’ਚ ਚਾਰ ਦਿਨਾਂ ਤੋਂ ਅੰਦਰ ਬੈਠੇ ਨਿਹੰਗ ਸਿੰਘ ਪ੍ਰਸ਼ਾਸਨ, ਪੁਲਿਸ ਅਤੇ ਪੰਜਾਬ ਤੋਂ ਆਏ ਵਫ਼ਦ ਦੀ ਵਿਚੋਲਗੀ ਨਾਲ ਹੋਈ ਗੱਲਬਾਤ ਤੋਂ ਬਾਅਦ ਮੰਗਲਵਾਰ ਦੁਪਹਿਰ ਬਾਹਰ ਆ ਗਏ। ਪ੍ਰਸ਼ਾਸਨ ਮੁਤਾਬਕ ਹੁਣ ਗੁਰਦੁਆਰੇ ਵਿਚ ਕੋਈ ਵੀ ਨਿਹੰਗ ਸਿੰਘ ਨਹੀਂ ਹੈ। ਉਹ ਪੰਜਾਬ ਪਰਤ ਗਏ ਹਨ, ਜਿਸ ’ਚ ਸੋਮਵਾਰ ਨੂੰ ਹਿਰਾਸਤ ’ਚ ਲਿਆ ਗਿਆ ਨਿਹੰਗ ਸਿੰਘ ਵੀ ਸ਼ਾਮਲ ਹੈ। ਦਮਦਮਾ ਸਾਹਿਬ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਕ ਬੇਅੰਤ ਸਿੰਘ ਨੇ ਦੱਸਿਆ ਕਿ ਸ਼ਾਮ ਤੋਂ ਗੁਰਦੁਆਰੇ ’ਚ ਗਤੀਵਿਧੀਆਂ ਆਮ ਹੋ ਗਈਆਂ ਹਨ। ਇਸ ਮਾਮਲੇ ਦੀ ਸ਼ੁਰੂਆਤ 16 ਜੂਨ ਨੂੰ ਕਰਨਪ੍ਰਯਾਗ (ਚਮੋਲੀ) ਵਿਚ ਪਾਰਕਿੰਗ ਨੂੰ ਲੈ ਕੇ ਸਥਾਨਕ ਨਿਵਾਸੀਆਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਏ ਵਿਵਾਦ ਨਾਲ ਹੋਈ ਸੀ। ਇਸ ਤੋਂ ਬਾਅਦ ਪਿਛਲੇ ਸ਼ਨਿੱਚਰਵਾਰ ਨੂੰ ਨਿਹੰਗ ਸਿੰਘਾਂ ਨੇ ਦਮਦਮਾ ਸਾਹਿਬ ’ਚ ਦਾਖਲ ਹੋ ਕੇ ਚੌਥੀ ਮੰਜ਼ਿਲ ਤੇ ਛੱਤ ’ਤੇ ਕਬਜ਼ਾ ਕਰ ਲਿਆ ਸੀ, ਇਹ ਦਾਅਵਾ ਕਰਦੇ ਹੋਏ ਕਿ ਉੱਥੋਂ ਦੇ ਸੇਵਾਦਾਰਾਂ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਦੋਂ ਤੋਂ ਉਹ ਗੁਰਦੁਆਰੇ ’ਚ ਹੀ ਡਟੇ ਰਹੇ ਅਤੇ ਪ੍ਰਸ਼ਾਸਨ ਲਈ ਲਗਾਤਾਰ ਚੁਣੌਤੀ ਪੇਸ਼ ਕਰਦੇ ਰਹੇ।
ਮੰਗਲਵਾਰ ਨੂੰ ਪੰਜਾਬ ਤੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੇ ਜਥੇਦਾਰ ਬਾਬਾ ਅਜੀਤ ਸਿੰਘ ਦੀ ਅਗਵਾਈ ਵਿਚ ਅੱਠ ਮੈਂਬਰਾਂ ਦਾ ਵਫ਼ਦ ਨਗਰਾਸੂ ਪਹੁੰਚਿਆ ਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਨਿਹੰਗ ਸਿੰਘਾਂ ਨਾਲ ਗੱਲਬਾਤ ਸ਼ੁਰੂ ਕੀਤੀ। ਦੁਪਹਿਰ 2 ਵਜੇ ਤੱਕ ਲਗਭਗ ਤਿੰਨ ਘੰਟੇ ਚੱਲੀ ਗੱਲਬਾਤ ਤੋਂ ਬਾਅਦ ਨਿਹੰਗ ਗੁਰਦੁਆਰਾ ਛੱਡਣ ’ਤੇ ਸਹਿਮਤ ਹੋ ਗਏ। ਸ਼ਾਮ ਨੂੰ ਕਰੀਬ ਸਾਢੇ ਚਾਰ ਵਜੇ ਪੰਜੇ ਨਿਹੰਗ ਸਿੰਘ ਦੋ ਮੋਟਰਸਾਈਕਲਾਂ ’ਤੇ ਪੰਜਾਬ ਲਈ ਰਵਾਨਾ ਹੋ ਗਏ। ਜਥੇਦਾਰ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਕਰਨਪ੍ਰਯਾਗ ਦੀ ਘਟਨਾ ਕਾਰਨ ਨਿਹੰਗ ਸਿੰਘਾਂ ਵਿਚ ਗੁੱਸਾ ਸੀ ਤੇ ਉਹ ਉਸੇ ਭਾਵਨਾ ਨੂੰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਗੁਰਦੁਆਰੇ ’ਤੇ ਕਬਜ਼ੇ ਦੀ ਗੱਲ ਨੂੰ ਬੇਬੁਨਿਆਦ ਦੱਸਿਆ, ਨਾਲ ਹੀ ਇਹ ਵੀ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਰੁਦਰਪ੍ਰਯਾਗ ਦੇ ਡੀਐੱਮ ਵਿਸ਼ਾਲ ਮਿਸ਼ਰਾ ਨੇ ਕਿਹਾ ਕਿ ਪ੍ਰਸ਼ਾਸਨ ਪੂਰੇ ਘਟਨਾਚੱਕਰ ਨੂੰ ਵਿਸਥਾਰ ਨਾਲ ਜਾਂਚ ਕੇ ਤੱਥਾਂ ਦੇ ਆਧਾਰ ’ਤੇ ਜ਼ਰੂਰੀ ਕਾਰਵਾਈ ਕਰੇਗਾ।