- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
World Bicycle Day 2026 : ਸਾਈਕਲ ਕਮਾਲ ਦੀ ਸਵਾਰੀ ਹੈ ਜਿਸ ਵਿਚ ਸਵਾਰ ਖੁਦ ਹੀ ਇੰਜਣ ਜਾਂ ‘ਪਾਵਰ’ ਹੁੰਦਾ ਹੈ। ਸਾਈਕਲ ਗਤੀ ਦਾ ਪ੍ਰਤੀਕ ਹੈ। ਚੱਲਦੇ ਰਹਿਣਾ ਹੀ ਜ਼ਿੰਦਗੀ ਹੈ। ਖੜੋਤ, ਸੜਿਹਾਂਦ ਹੈ, ਬਸ ਮੌਤ ਹੀ ਸਮਝੋ। ਇਸ ਵਾਰ ਦਾ ਥੀਮ 'ਸਾਈਕਲਿੰਗ ਫਾਰ ਅ ਗ੍ਰੀਨਰ ਫਿਊਚਰ' (Cycling for a Greener Future) ਹੈ।

World Bicycle Day 2026 : ਗੱਲ 65-66 ਸਾਲ ਪਹਿਲਾਂ ਦੀ ਹੈ। ਉਦੋਂ ਸਾਰੇ ਪਿੰਡ ਵਿਚ ਇਕ-ਅੱਧ ਸਾਈਕਲ ਹੀ ਹੁੰਦਾ ਸੀ। ਇਸ ਬਾਇ-ਸਾਈਕਲ ਨੂੰ ਉਦੋਂ ਸਾਰੇ ‘ਸ਼ੈਕਲ’ ਆਖਦੇ ਸਨ। ਕਈ ਬਜ਼ੁਰਗ ਇਸ ਨੂੰ ‘ਲੋਹੇ ਦਾ ਘੋੜਾ’ ਵੀ ਕਹਿੰਦੇ ਸਨ। ਪਿੰਡ ਦੇ ਇਕ ਟੱਬਰ ਦਾ ਮੁਖੀ ਕੀਨੀਆ ਗਿਆ ਹੋਇਆ ਸੀ। ਉਸ ਨੇ ਆਪਣੇ ਬੇਟੇ ਲਈ ਰੈਲੇ ਸਾਈਕਲ ਲਿਆਂਦਾ। ਸਾਈਕਲ ਕਾਹਦਾ ਸੀ, ਅੱਜ-ਕੱਲ਼੍ਹ ਦੀ ਮਹਿੰਗੀ ਕਾਰ ਬਰਾਬਰ ਹੀ ਸਮਝੋ। ਬੜੀ ਟੌਹਰ ਸੀ ਸਾਈਕਲ ਦੀ ਤੇ ਬਹੁਤ ਟਸ਼ਨ ਸੀ ਉਸ ਨੂੰ ਬੜੇ ਹੀ ‘ਸਵੈਗ’ ਨਾਲ ਚਲਾਉਣ ਵਾਲੇ ਦਾ। ਚੇਨ ਕਵਰ ਤੇ ਅੱਗੇ ਲਾਈਟ ਲਈ ਲੱਗੇ ਡਾਇਨਮੋ ਵਾਲਾ ਇਹ ਸਾਈਕਲ ਮੇਰੇ ਬਚਪਨ ਦਾ ਪਹਿਲਾ ਸੁਪਨਾ ਸੀ। ਸੋਚਦਾ ਕਿ ਕਦੀ ਚਾਰ ਪੈਸੇ ਕਮਾਉਣ ਜੋਗੇ ਹੋਏ ਤਾਂ ਇਹੋ ਜਿਹਾ ਸਾਈਕਲ ਖਰੀਦੂੰ। ਸਕੂਟਰ ਜਾਂ ਕਾਰ ਵਾਰੇ ਤਾਂ ਉਦੋਂ ਸੁਪਨੇ ਵਿਚ ਵੀ ਸੁਪਨਾ ਨਹੀਂ ਸੀ ਲਿਆ।
ਖ਼ੈਰ ! ਇਕ ਦਿਨ ਸਾਈਕਲ ਖਰੀਦਣ ਜੋਗੇ ਹੋ ਗਏ। ਮੈਂ ਆਪਣਾ ਪਹਿਲਾ ਸਾਈਕਲ ਕਾਲਜ 'ਚ ਪ੍ਰਾ-ਅਧਿਆਪਕ ਲੱਗਣ ਉਪਰੰਤ ਲਿਆ ਤੇ ਉਹ ਵੀ ਕਿਸ਼ਤਾਂ 'ਤੇ। 1974 'ਚ ਮਿਲੀ ਨੌਕਰੀ ਦੀ 450 ਰੁਪਏ ਮਹੀਨਾ ਤਨਖਾਹ ਸੀ ਤੇ ਸਾਈਕਲ ਦੀ ਕੀਮਤ ਕਰੀਬ 200 ਰੁਪਏ ਸੀ। ਲਗਪਗ ਅੱਧੀ ਤਨਖਾਹ। ਸੋ ਸਾਈਕਲ 20 ਰੁਪਏ ਮਹੀਨਾ ਕਿਸ਼ਤਾਂ 'ਤੇ ਲਿਆ।
ਮੇਰਾ ਕੱਦ ਦਰਮਿਆਨਾ ਹੈ। ਮੇਰੇ ਪਿਤਾ ਜੀ ਦਾ ਕੱਦ ਕਰੀਬ 6 ਫੁੱਟ ਸੀ। ਜਦ ਸਾਈਕਲ ਖਰੀਦਣ ਗਏ ਤਾਂ ਮੈਂ 22 ਇੰਚੀ ਸਾਈਕਲ ਲੈਣਾ ਚਾਹਿਆ ਪਰ ਪਿਤਾ ਜੀ 24 ਇੰਚੀ ਦਾ ਪੱਖ ਪੂਰਨ। ਉਹ ਇਸ ਲਈ ਕਿ ਖੁਦ ਉਹ ਵੀ ਉਸ ਨੂੰ ਚਲਾ ਲਿਆ ਕਰਨ। ਸਾਈਕਲ ਦੀ ਦੁਕਾਨ ਉਪਰ ਇਸ ਮੁੱਦੇ ਉਪਰ ਸਾਡੀ ਪਿਉ-ਪੁੱਤ ਦੀ ਮਿੱਠੀ-ਮਿੱਠੀ ਬਹਿਸ ਛਿੜ ਪਈ। ਮੈਂ ਕਹਾਂ ਕਿ 22 ਇੰਚੀ ਸਾਈਕਲ ਖਰੀਦਣਾ ਹੈ ਕਿਉਂਕਿ 24 ਇੰਚੀ ਉਪਰ ਮੇਰੇ ਪੈਰ ਧਰਤੀ ਨਾਲ ਨਹੀਂ ਲਗ ਸਕਣੇ। ਦੁਕਾਨ ਦੇ ਮਾਲਕ, ਜੋ ਪਿਤਾ ਜੀ ਦੇ ਦੋਸਤ ਸਨ, ਨੇ ਦਖਲ ਦੇ ਕੇ ਗੱਲ ਨਬੇੜੀ। ਉਸ ਨੇ ਮੇਰੇ ਪਿਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ‘ਮੁੰਡੇ ਨੂੰ ਚਾਅ ਪੂਰਾ ਕਰ ਲੈਣਦੇ, ਤੂੰ ਜ਼ਿਦ ਨਾ ਕਰ’।
ਸੋ, ਅਸੀਂ ਬਾਈ ਇੰਚੀ ਦਾ ਨਵਾਂ ਨਕੋਰ ਲਿਸ਼ਕਾਂ ਮਾਰਦਾ ਸਾਈਕਲ ਲੈ ਕੇ ਆਪਣੇ ਪਿੰਡ ਆ ਗਏ ਜਿਵੇਂ ਸਾਈਕਲ 'ਤੇ ਨਾ ਆਏ ਹੋਈਏ ਕਿਸੇ ‘ਵਾਯੂਦੂਤ’ ਉਪਰ ਚੜ੍ਹ ਕੇ ਉੱਡ ਕੇ ਆਏ ਹੋਈਏ। ਹਵਾ ਨਾਲ ਗੱਲਾਂ ਕਰਦੇ ਉੱਡਦੇ ਜਾਂਦੇ ਸਾਈਕਲ ਨੂੰ ਚਲਾਉਂਦਿਆਂ ਇਕ ਲੋਕਬੋਲੀ ਗੁਣਗੁਣਾਉਣ ਲਗ ਪਏ-“ਟੱਲੀਆਂ ਵਜਾਉਂਦਾ ਜਾਊਂ ਬਹਿ ਜਾ ਸਾਈਕਲ ਤੇ’!
ਸਾਈਕਲ ਦੀ ਸਾਡੇ ਜੀਵਨ 'ਚ ਕਿੰਨੀ ਮਹੱਤਤਾ ਹੈ, ਇਸ ਬਾਰੇ ਐਲਬਰਟ ਆਇੰਸਟਾਈਨ ਦੀਆਂ ਸਤਰਾਂ ਹਨ- ਜੀਵਨ ਬਾਇ-ਸਾਈਕਲ ਉੱਪਰ ਸਵਾਰ ਹੋਣ ਵਾਂਗ ਹੈ, ਆਪਣਾ ਸੰਤੁਲਨ ਕਾਇਮ ਰਖਣ ਲਈ ਤੁਹਾਨੂੰ ਚਲਦੇ ਰਹਿਣਾ ਪੈਂਦੈ”।
ਸ਼ਬਦ-ਵਿਗਿਆਨ ਅਨੁਸਾਰ ਬਾਇ-ਸਾਈਕਲ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ- ਬਾਇ+ ਸਾਈਕਲ। ਅੰਗਰੇਜ਼ੀ ਨੇ ਇਹ ਸ਼ਬਦ ਉਨੀਵੀਂ ਸਦੀ ਦੇ ਮੱਧ 'ਚ ਫਰੈਂਚ ਭਾਸ਼ਾ ਤੋਂ ਲਿਆ।‘ਬਾਇ’ ਇਕ ਅਗੇਤਰ ਹੈ ਜੋ ਲਾਤੀਨੀ ਭਾਸ਼ਾ ਤੋਂ ਆਇਐ। ਇਸ ਦਾ ਅਰਥ ਦੋ ਜਾਂ ਦੋ ਗੁਣਾ ਜਾਂ ਦੋ ਵਾਰ ਹੋਣ ਵਾਲਾ ਹੈ। ‘ਸਾਈਕਲ’ ਸ਼ਬਦ ਯੂਨਾਨੀ ਮੂਲ ਦੇ ਸ਼ਬਦ ‘ਸਾਈਕਲੋਸ’ ਤੋਂ ਆਇਆ ਹੈ ਜਿਸ ਦਾ ਅਰਥ ‘ਸਰਕਲ’ ਭਾਵ ਦਾਇਰਾ ਜਾਂ ਪਹੀਆ ਹੈ। ਸੋ ਬਾਇ-ਸਾਈਕਲ ਦਾ ਅਰਥ ਦੋ-ਪਹੀਆਂ ਵਾਲਾ ਪੈਡਲਦਾਰ ਵਾਹਨ ਹੈ।
ਬੇਸ਼ਕ ਬਾਇ-ਸਾਈਕਲ ਦੀ ਕਾਢ ਵਾਰੇ ਵੱਖ ਵੱਖ ਵਿਚਾਰ ਹਨ ਪਰ ਵਿੱਕੀਪੀਡੀਆ ਅਨੁਸਾਰ ਮੌਜੂਦਾ ਵੇਲਿਆਂ ਦੇ ਸਾਈਕਲ ਦਾ ‘ਫੋਰ-ਰਨਰ’ ਸਾਈਕਲ ਬਿਨਾਂ ਪੈਡਲਾਂ ਦਾ ਸੀ। ਇਸ ਨੂੰ 1817 'ਚ ਜਰਮਨੀ ਦੇ ਜੰਗਲਾਤ ਮਹਿਕਮੇਂ ਦੇ ਅਫਸਰ ਕਾਰਲ ਵਾਨ ਡਰੇਸ ਨੇ ਬਣਾਇਆ ਸੀ ।ਬੰਦੇ ਵਲੋਂ ਪਹਿਲਾਂ ਇਸ ਨੂੰ ਆਪ ਦੌੜਾ ਕੇ ਫਿਰ ਉੱਪਰ ਬੈਠਣਾ ਪੈਂਦਾ ਸੀ। ਗਰੇਸ ਨੇ 1818 'ਚ ਇਸ ਨੂੰ ‘ਪੇਂਟੈਂਟ’ ਕਰਵਾਇਆ ਸੀ।
ਸਾਈਕਲ ਕਮਾਲ ਦੀ ਸਵਾਰੀ ਹੈ ਜਿਸ ਵਿਚ ਸਵਾਰ ਖੁਦ ਹੀ ਇੰਜਣ ਜਾਂ ‘ਪਾਵਰ’ ਹੁੰਦਾ ਹੈ। ਸਾਈਕਲ ਗਤੀ ਦਾ ਪ੍ਰਤੀਕ ਹੈ। ਚੱਲਦੇ ਰਹਿਣਾ ਹੀ ਜ਼ਿੰਦਗੀ ਹੈ। ਖੜੋਤ, ਸੜਿਹਾਂਦ ਹੈ, ਬਸ ਮੌਤ ਹੀ ਸਮਝੋ।
ਇਸ ਵਾਰ ਦਾ ਥੀਮ 'ਸਾਈਕਲਿੰਗ ਫਾਰ ਅ ਗ੍ਰੀਨਰ ਫਿਊਚਰ' (Cycling for a Greener Future) ਹੈ। ਇਹ ਵਿਸ਼ਾ ਪ੍ਰਦੂਸ਼ਣ, ਟਰੈਫਿਕ ਜਾਮ, ਪੌਣ-ਪਾਣੀ ਪਰਿਵਰਤਨ ਤੇ ਖ਼ਰਾਬ ਜੀਵਨ ਸ਼ੈਲੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਦੁਨੀਆ 'ਚ ਸਾਈਕਲ ਚਲਾਉਣ ਦੇ ਵਾਤਾਵਰਣਕ ਮਹੱਤਵ ਨੂੰ ਉਜਾਗਰ ਕਰਦਾ ਹੈ। ਇਹ ਵਿਸ਼ਾ ਮੁੱਖ ਤੌਰ 'ਤੇ ਸਾਈਕਲ ਨੂੰ ਸਾਫ਼-ਸੁਥਰੇ ਆਵਾਜਾਈ ਦੇ ਵਿਕਲਪ ਵਜੋਂ ਉਤਸ਼ਾਹਿਤ ਕਰਨਾ, ਬਾਲਣ (ਪੈਟਰੋਲ-ਡੀਜ਼ਲ) 'ਤੇ ਚੱਲਣ ਵਾਲੇ ਵਾਹਨਾਂ 'ਤੇ ਨਿਰਭਰਤਾ ਨੂੰ ਘਟਾਉਣਾ, ਰੋਜ਼ਾਨਾ ਜੀਵਨ 'ਚ ਸਿਹਤਮੰਦ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ, ਸਾਈਕਲ ਚਲਾਉਣ ਲਈ ਸੁਰੱਖਿਅਤ ਬੁਨਿਆਦੀ ਢਾਂਚਾ ਤਿਆਰ ਕਰਨਾ, ਸਥਿਰ ਅਤੇ ਟਿਕਾਊ ਸ਼ਹਿਰੀ ਵਿਕਾਸ ਦਾ ਸਮਰਥਨ ਕਰਨਾ, ਲੋਕਾਂ ਨੂੰ ਵਾਤਾਵਰਨ ਪੱਖੀ ਸਫ਼ਰ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਆਦਿ ਬਿੰਦੂਆਂ 'ਤੇ ਕੇਂਦ੍ਰਿਤ ਹੈ।
ਮਹਾਭਾਰਤ ਟੀਵੀ ਸੀਰੀਅਲ 'ਚ ਇਕ ਵੱਡਾ ਸਾਰਾ ਪਹੀਆ ਘੁੰਮਦੈ ਤੇ ਕਹਿੰਦੈ-‘ਮੈਂ ਸਮਯ ਹੂੰ…’। ਜਿਵੇਂ ਸਮਾਂ ਬਦਲਦਾ ਰਹਿੰਦਾ ਹੈ, ਉਵੇਂ ਹੀ ਜ਼ਿੰਦਗੀ 'ਚ ਬਦਲਾਅ ਆਉਂਦਾ ਰਹਿੰਦਾ। ਕਦੀ ਧੁੱਪ, ਕਦੀ ਛਾਂ, ਕਦੀ ਚੜ੍ਹਤ, ਕਦੀ ਨਿਵਾਣ! ਪਹੀਏ ਦਾ ਚਲਨ ਹੀ ਚਲਣਾ ਅਤੇ ਘੁੰਮਣਾ ਹੈ,ਇਸ ਨੇ ਜੇ ਉਪਰ ਜਾਣਾ ਹੈ ਤਾਂ ਹੇਠਾਂ ਵਲ ਵੀ ਆਉਣਾ ਹੈ।
ਕਿਸੇ ਵੇਲੇ ਸਾਈਕਲ ਇਕ ਸਟੇਟਸ ਸਿੰਬਲ ਹੁੰਦਾ ਸੀ। ਰੈਲੇ ਤੇ ਰੋਬਿਨਹੁੱਡ ਸਾਈਕਲ ਤਾਂ ਉਦੋਂ ਅੱਜ ਦੀਆਂ ਮਹਿੰਗੀਆਂ-2 ਕਾਰਾਂ ਵਾਲੀ ਠੁੱਕ-ਠਾਠ ਰਖਦੇ ਸਨ। ਖਾਸ ਕਰਕੇ ‘ਰੈਲੇ’ ਸਾਈਕਲ ਦਾ ਤਾਂ ਕਰੇਜ਼ ਐਨਾ ਹੁੰਦਾ ਸੀ ਕਿ ਜੇ ਪਿੰਡ ਵਿਚ ਕਿਸੇ ਇਕ-ਅੱਧੇ ਕੋਲ ਇਹ ਸਾਈਕਲ ਹੋਣਾ ਤਾਂ ਸਮਝੋ ਅੱਜ ਕਲ੍ਹ ਦੀ ਕੋਈ ਐਸਯੂਵੀ ਹੋਣ ਦੇ ਬਰਾਬਰ ਹੁੰਦਾ ਸੀ। ਪਹਿਲਿਆਂ ਵੇਲਿਆਂ 'ਚ ਜੇ ਕਿਸੇ ਨੇ ਆਪਣੀ ਧੀ ਦੇ ਦਾਜ ਵਿਚ ਸਾਈਕਲ ਦੇ ਦੇਣਾ ਤਾਂ ਐਨੀ ਬੱਲੇ ਬੱਲੇ ਹੋ ਜਾਂਦੀ ਸੀ ਜਿੰਨੀ ਅੱਜ ਕਲ੍ਹ ਲਗਜ਼ਰੀ ਕਾਰ ਦੇਣ ਵੇਲੇ ਵੀ ਨਹੀਂ ਹੁੰਦੀ।
ਸਾਈਕਲ ਦੀ ਟੱਲੀ ਬੜੀ ਕੰਮ ਦੀ ਚੀਜ਼ ਹੈ। ਦਹਾਕਿਆਂ ਪਹਿਲਾਂ ਮੈਂ ਕਈ ਨਸ਼ੇੜੀ ਇਸ ਨਾਲ ਰਾਹ ਵਿਚ ਵਿਕਦੀ ਦੇਸੀ ਦਾਰੂ ਪੀਂਦੇ ਦੇਖੇ ਹਨ। ਜੁਗਾੜੂ ਤਾਂ ਪੰਜਾਬੀ ਹਨ ਹੀ। ਘੰਟੀ ਲਾਹ ਕੇ, ਉਸ ਵਿਚਕਾਰਲੀ ਮੋਰੀ ਹੇਠਾਂ ਹੱਥ ਦਾ ਅੰਗੂਠਾ ਜਾਂ ਉਂਗਲ ਰਖ ਕੇ, ਘੰਟੀ ਦੀ ਕੌਲੀ/ਕੱਪ ਬਣਾ ਕੇ ਦਾਰੂ ਲਈ ਵਰਤ ਲੈਂਦੇ ਸਨ। ਸਾਈਕਲ ਦੀ ਘੰਟੀ ਆਸ਼ਕਾਂ ਲਈ ਵੀ ਬੜੀ ਫਾਇਦੇਮੰਦ ਹੈ। ਪ੍ਰੇਮਿਕਾ ਦੇ ਘਰ ਅੱਗਿਓਂ ਲੰਘਣ ਵੇਲੇ ਇਸ਼ਾਰੇਦਾਰ ਘੰਟੀ ਵਜਾਉਣ ਨਾਲ ਸੱਜਣੀ ਦੇ ਦਰਸ਼ਨ ਹੋ ਜਾਂਦੇ ਸਨ।
ਸਾਈਕਲ ਦਾ ਅਗਲਾ ਡੰਡਾ ਵੀ ਕਈ ਕੰਮ ਦਿੰਦੈ। ਪੁਰਾਣੇ ਸਮੇਂ ਘਰਾਂ 'ਚ ਬੜੀ ਸਖਤੀ ਹੁੰਦੀ ਸੀ। ਸੱਜ-ਵਿਆਹੀ ਦੁਲਹਨ ਵੀ ਆਪਣੇ ਪਤੀ ਨਾਲ ਖੁੱਲ੍ਹ ਕੇ ਹੱਸ-ਖੇਡ ਨਹੀਂ ਸੀ ਸਕਦੀ। ਪੇਕੇ ਜਾਂ ਵਾਂਢੇ ਜਾਣ ਵੇਲੇ ਘਰੋਂ ਤੁਰਨ ਲਗਿਆਂ ਵਹੁਟੀ ਪਿਛਲੀ ਸੀਟ ਉਪਰ ਬਿਠਾ ਲੈਣੀ ਪਰ ਪਿੰਡ ਟਪਦਿਆਂ ਹੀ ਅਗੇ ਡੰਡੇ ਉਪਰ ਬਿਠਾ ਕੇ ਧੁਰ ਤੀਕ ਚੋਹਲ-ਮੋਹਲ ਕਰਦੇ ਜਾਣਾ। ਕਈ ਇਸ ਡੰਡੇ ਉਪਰ ਕੱਪੜਾ ਵੀ ਬੰਨ੍ਹ ਲੈਂਦੇ ਸੀ। ਬੱਚਿਆਂ ਨੂੰ ਬਿਠਾਉਣ ਲਈ ਇਕ ਨਿੱਕੀ ਜਿਹੀ ਸੀਟ ਵੀ ਲੁਆ ਲੈਂਦੇ ਸੀ।
ਪਿਛਲੀ ਸੀਟ ਜਿਸ ਨੂੰ ਕੈਰੀਅਰ ਆਖਦੇ ਹਨ, ਆਮ ਨਾਲੋਂ ਵਧੇਰੇ ਚੌੜੀ ਕਰਵਾ ਕੇ ਪੱਠਿਆਂ ਦੀ ਪੰਡ/ਭਰੀ ਰਖ ਕੇ ਲੈ ਆਉਂਦੇ ਸੀ।ਡੱਗੀਆਂ ਵਾਲੇ ਕੱਪੜੇ ਦੀ ਭਾਰੀ ਗਠੜੀ ਰਖ ਕੇ ਪਿੰਡਾਂ ਵਿਚ ਕਪੜੇ ਵੇਚਣ ਜਾਂਦੇ ਸਨ।ਕਈ ਜਣੇ ਮੂਹਰੇ ਟੌਕਰੀ ਲਗਵਾ ਲੈਂਦੈ ਸਨ ਤਾਂ ਕਿ ਸੌਦਾ-ਪੱਤਾ ਰਖਿਆ ਜਾ ਸਕੇ।ਫਟੀ ਕਾਠੀ ਦਾ ਨੰਗ ਕੱਜਣ ਲਈ ਇਕ ਭਾਰਾ ਜਿਹਾ ਕੱਪੜਾ ਲਪੇਟ ਲਈਦਾ ਸੀ। ਸਾਈਕਲ ਦੀ ਚੇਨ ਨਾਲ ਲਗੀ ਗਰੀਸ ਤੇ ਕਾਲਖ ਤੋਂ ਪਜਾਮਾ ਬਚਾਉਣ ਲਈ ਸੱਜੇ ਪੌਂਚੇੇ ਉਪਰ ਰੱਸੀ ਬੰਨ ਕੇ ਪੌਂਚਾ ਟਾਈਟ ਕਰ ਲੈਂਦੇ ਸੀ ਤਾਂ ਕਿ ਕੱਪੜਾ ਚੇਨ ਨਾਲ ਘਿਸਰ ਨਾ ਸਕੇ।ਫਿਰ ਇਕ ਕਲਿੱਪ ਜਿਹਾ ਵੀ ਆ ਗਿਆ ਜੋ ਪੌਂਚੇ ਤੇ ਬੰਨ ਲੈਂਦੇ ਸੀ।ਚੇਨ-ਕਵਰ ਵਾਲਾ ਸਾਈਕਲ ਹਾਰੀ ਸਾਰੀ ਕੋਲ ਨਹੀਂ ਸੀ ਹੁੰਦਾ।
ਸਾਈਕਲ ਦੇ ਪੁਰਾਣੇ ਚੱਕੇ ਜਾਂ ਟਾਇਰਾਂ ਨੂੰ ਧੁੱਦਲ-ਅੱਟੀ ਫਿਰਨੀ ਉਪਰ ਤੇਜ਼-ਤੇਜ਼ ਰੋੜ੍ਹਨਾ ਸਾਡੇ ਬਚਪਨ ਦੀਆਂ ਖੇਡਾਂ ਵਿਚ ਸ਼ਾਮਲ ਸੀ। ਇਕ ਸਾਈਕਲ ਉਪਰ ਤਿੰਨ ਜਣੇ ਸੌਖੇ ਹੀ ਚੜ੍ਹ ਜਾਂਦੇ ਹਨ-ਚਲਾਉਣ ਵਾਲਾ, ਪਿੱਛੇ ਤੇ ਅੱਗੇ ਬੈਠਣ ਵਾਲਾ/ਵਾਲੀ। ਲੇਡੀ ਸਾਈਕਲ ਬੰਦਿਆਂ ਵਾਲੇ ਸਾਈਕਲ ਤੋਂ ਵਖਰੀ ਸ਼ਕਲ ਦੀ ਹੁੰਦਾ ਹੈ।
ਪਹਿਲਾਂ ਪੰਜਾਬ ਵਿਚ ਸਾਈਕਲ ਦੇ ਕਾਗਜ਼-ਪੱਤਰ ਬਣਦੇ ਸਨ। ਬਾਕਾਇਦਾ ਰਜਿਸਟ੍ਰਸ਼ਨ ਹੁੰਦੀ ਸੀ। ਇਕ ਰੁਪਿਆ ਫੀਸ ਲੈ ਕੇ ਸਾਈਕਲ 'ਤੇ ਇਕ ਟੋਕਨ ਜੜ ਦਿਤਾ ਜਾਂਦਾ ਸੀ। ਇਸ ਦੀ ਗੈਰਹਾਜ਼ਰੀ 'ਚ ਚਲਾਨ ਹੋ ਜਾਂਦਾ ਸੀ। ਫਿਰ ਜਦ ਸਕੂਟਰ, ਮੋਟਰਸਾਈਕਲ, ਕਾਰਾਂ ਤੇ ਹੋਰ ਚੀਜ਼ਾਂ ਆ ਗਈਆਂ ਤਾਂ ਸਾਈਕਲ ‘ਵਿਚਾਰਾ’ ਜਿਹਾ ਹੋ ਗਿਆ।
ਹਰ ਰੋਜ਼ ਮਹਿੰਗੇ ਹੋ ਰਹੇ ਪੈਟਰੋਲ ਉਪਰ ਹੁੰਦਾ ਖਰਚਾ ਬਚਦਾ ਹੈ। ਅਜੋਕੇ ਵਿਸ਼ਵ-ਵਿਆਪੀ ਊਰਜਾ ਸੰਕਟ ਕਾਰਨ ਪੈਟਰੋਲ ਦੇ ਰੇਟ ਵਧਣ ਸਮੇਂ ਤਾਂ ਇਸ ਦਾ ਮਹੱਤਵ ਹੋਰ ਵੀ ਵਧ ਜਾਂਦੈ। ਇਸ ਦੀ ਵਰਤੋਂ ਨਾਲ ਪ੍ਰਦੂਸ਼ਨ ਅਤੇ ਸ਼ੋਰ ਘਟਦਾ ਹੈ। ਵਾਤਾਵਰਨ ਠੀਕ ਰਹਿੰਦੈ। ਟਰੈਫਿਕ ਦੇ ਘੜਮੱਸ ਵਿਚੋਂ ਸਾਈਕਲ ਚਲਾਉਣ ਵਾਲਾ ਇੰਝ ਲੰਘ ਜਾਂਦੈ ਜਿਵੇਂ ਕੋਈ ਹਵਾ ਦਾ ਬੁੱਲਾ। ਨਾ ਭੀੜ ਦਾ ਡਰ, ਨਾ ਟਰੈਫਿਕ ਜਾਮਾਂ ਦਾ ਖੌਫ। ਫਿਰ ਪਾਰਕਿੰਗ ਦਾ ਵੀ ਕੋਈ ਬਹੁਤਾ ਬਖੇੜਾ ਨਹੀਂ।
ਬਾਹਰਲੇ ਮੁਲਕਾਂ 'ਚ ਤਾਂ ਕਈ ਥਾਈਂ ਸਾਈਕਲ ਚਲਾਉਣ ਵਾਲਿਆਂ ਲਈ ਵੱਖਰੇ ਟਰੈਕ ਹਨ। ਸਾਈਕਲ ਕਿਰਾਏ 'ਤੇ ਮਿਲਦੇ ਹਨ। ਕਈ ਮੁਲਕਾਂ ਦੇ ਤਾਂ ਮੁਖੀ ਤਕ ਸਾਈਕਲ ਚਲਾਉਂਦੇ ਹਨ। ਸਾਡੇ ਵੀ ਇਧਰ ਕਈ ਸ਼ਹਿਰਾਂ ਵਿਚ ਟਰੈਕ ਬਣਾਉਣ ਦਾ ਰੁਝਾਨ ਹੋ ਰਿਹੈ।
ਸਾਈਕਲ ਕਲੱਬ ਵੀ ਬੜੇ ਬਣੇ ਹੋਏ ਹਨ। ਹਰਿਆ-ਭਰਿਆ ਆਲਾ-ਦੁਆਲਾ(‘ਗੋ-ਗਰੀਨ’) ਰੱਖਣ ਦਾ ਰੁਝਾਨ ਵਧ ਰਿਹਾ ਹੈ। ਸਾਈਕਲ ਰੈਲੀਆਂ ਹੋ ਰਹੀਆਂ ਹਨ।
ਹੌਲੈਂਡ 'ਚ ਸਾਈਕਲਿੰਗ ਦਾ ਸ਼ੌਕ ਪੂਰੇ ਯੂਰਪ ਬਲਕਿ ਵਿਸ਼ਵ ਭਰ ਨਾਲੋਂ ਵਧੇਰੇ ਹੈ। ਉੱਥੇ ਹਰ ਥਾਂ ਸਾਈਕਲ ਰੂਟਾਂ ਦਾ ਜਾਲ ਵਿਛਿਆ ਹੋਇਆ ਹੈ ਤੇ ਹਰ ਉਮਰ ਦੇ ਲੋਕ ਸਾਈਕਲਿੰਗ ਕਰਦੇ ਹਨ।
ਸਾਈਕਲਿੰਗ ਦੀਆਂ ਇਨ੍ਹਾਂ ਖੂਬੀਆਂ ਦੇ ਮੱਦੇਨਜ਼ਰ ਹੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 12 ਅਪ੍ਰੈਲ 2018 ਨੂੰ ਇਕ ਮਤੇ ਰਾਹੀਂ 3 ਜੂਨ ਨੂੰ ‘ਕੌਮਾਂਤਰੀ ਬਾਇ-ਸਾਈਕਲ ਦਿਵਸ’ ਐਲਾਨਿਆ ਹੈ ਤਾਂ ਕਿ ਪੂਰੇ ਸੰਸਾਰ 'ਚ ਇਹ ਸੰਦੇਸ਼ ਜਾ ਸਕੇ ਕਿ ਸਾਈਕਲ ਸਮੁੱਚੀ ਮਨੁੱਖਤਾ ਦਾ ਹੈ ਤੇ ਉਸ ਦੀ ਸੇਵਾ ਕਰਦੈ।
ਅਸੀਂ ਸਾਈਕਲ ਚਲਾਉਣਾ 64-65 ਸਾਲ ਪਹਿਲਾਂ ਬਚਪਨ 'ਚ ਸਿੱਖਿਆ ਸੀ, ਬੜੇ ਅਜੀਬ ਢੰਗ ਨਾਲ। ਡੰਗਰਾਂ ਵਾਲੇ ਅੰਦਰ ਸਾਈਕਲ ਦਾ ਇਕ ਪਿੰਜਰ ਪਿਆ ਹੁੰਦਾ ਸੀ। ਪਹੀਏ ਸੀ ਪਰ ਟਾਇਰ ਨਹੀਂ ਸਨ, ਕਾਠੀ ਸੀ ਪਰ ਸਿਰਫ ਸਪਰਿੰਗ, ਕਵਰ ਤੋਂ ਸੱਖਣੀ, ਪੈਡਲ ਸਨ ਪਰ ਉਪਰ ਰਬੜਾਂ ਨਹੀਂ ਸਨ, ਬਸ ਲੋਹੇ ਦੀਆਂ ਕੀਲ਼ੀਆਂ ਜਿਹੀਆਂ ਹੀ ਸਨ। ਸਮਝੋ ਬਾਬਾ ਆਦਮ ਵੇਲੇ ਦਾ ਕਬਾੜ ਸੀ। ਕੱਚੀ ਫਿਰਨੀ ਉੱਪਰ ਇਕ ਪੈਰ ਕੀਲੀ ਉਪਰ ਰਖ ਕੇ ਅਤੇ ਦੂਜੇ ਪੈਰ ਨੂੰ ਧਰਤੀ ਉਪਰ ਮਾਰ-ਮਾਰ ਉਸ ਪਿੰਜਰ ਨੂੰ ਰੇੜ੍ਹਦਾ ਸੀ ਤੇ ਫਿਰ ਦੂਜਾ ਪੈਰ ਵੀ ਕੀਲੀ ਉਪਰ ਰੱਖ ਲੈਂਦਾ ਸੀ। ਕਈ ਵਾਰ ਦੋਸਤਾਂ ਨੇ ਧੱਕਾ ਲਾ ਦੇਣਾ। ਗਿੱਟੇ-ਗੋਡੇ-ਕੂਹਣੀਆਂ ਛਿਲਾ ਕੇ ਇਸ ‘ਇਕ-ਪੈਡਲ ਸਟਾਈਲ ਸਾਈਕਲਿੰਗ’ ਨਾਲ ਸੰਤੁਲਨ ਕਰਨਾ ਆ ਗਿਆ। ਸਾਡੇ ਵੇਲੇ ਹੁਣ ਵਾਂਗ ਸਾਈਡ-ਸਪੋਰਟਾਂ ਵਾਲੇ ਸਾਈਕਲ ਨਹੀਂ ਸਨ ਆਏ।
ਫਿਰ ਪਿਤਾ ਜੀ ਦੇ ਸਾਈਕਲ ਨਾਲ ‘ਕੈਂਚੀ ਸਟਾਈਲ ਸਾਈਕਲਿੰਗ’ ਰਾਹੀਂ ਸਾਈਕਲ ਚਲਾਉਣਾ ਸ਼ੁਰੂ ਕੀਤਾ। ਇਸ ਨਿਰਾਲੀ ਸ਼ੈਲੀ 'ਚ ਖੱਬਾ ਪੈਰ ਖੱਬੇ ਪੈਡਲ ਉੱਪਰ ਰੱਖ ਕੇ ਸੱਜਾ ਪੈਰ ਸਾਈਕਲ ਦੇ ਤਿਕੋਨੇ ਫਰੇਮ 'ਚ ਦੀ ਆਰ-ਪਾਰ ਕਰ ਕੇ ਦੂਸਰੇ ਪਾਸੇ ਦੇ ਪੈਡਲ ਉੱਪਰ ਰੱਖ ਲਈਦਾ ਸੀ। ਫਿਰ ਪੈਡਲ ਮਾਰੀਦੇ ਸਨ। ਛੋਟੇ ਹੋਣ ਕਾਰਨ ਪੈਡਲ ਪੂਰੇ ਨਹੀਂ ਸਨ ਵੱਜਦੇ, ਬਸ ਅੱਧੇ-ਅੱਧੇ ਹੀ ਮਾਰ ਕੇ ਕੰਮ ਸਾਰ ਲਈਦਾ ਸੀ,ਇਸ ਨੂੰ ਅੱਧੀ ਕੈਂਚੀ ਕਹਿੰਦੇ ਸਨ। ਇਸ ਤੋਂ ਹੀ ‘ਪੂਰੀ ਕੈਂਚੀ’ ਦੀ ਮੁਹਾਰਤ ਹੋ ਜਾਂਦੀ ਸੀ। ਫਿਰ ਕਾਠੀ ਉੱਪਰ ਬੈਠਣ ਦਾ ਅਭਿਆਸ ਕੀਤਾ। ਕੱਦ ਛੋਟਾ ਹੋਣ ਕਾਰਨ ਪੈਰ ਪੂਰੇ ਨਹੀਂ ਸਨ ਪਹੁੰਚਦੇ। ਸੋ ਪੈਡਲ ਜਦ ਉਪਰ ਆਉਂਦੇ ਤਾਂ ਪੈਰ ਮਾਰ ਦੇਣੇ ਤੇ ਫਿਰ ਛਡ ਦੇਣਾ। ਹੁਜਕੇ ਜਿਹੇ ਵਜਦੇ ਰਹਿਣੇ ਪਰ ਸਾਈਕਲ ਚਲਦਾ ਰਹਿਣਾ।
ਹੋਰ ਵਡੇ ਹੋਏ ਤਾਂ ਰੇਸਾਂ ਲਾਉਣੀਆਂ। ਵਧੇਰੇ ਜ਼ੋਰ ਨਾਲ ਚਲਾਉਣ ਲਈ ‘ਰਿਕਸ਼ਾ-ਸਟਾਈਲ ਸਾਈਕਲਿੰਗ’ ਸ਼ੈਲੀ ਅਪਨਾਉਣੀ। ਇਸ ਤਹਿਤ ਹੈਂਡਲਾਂ ਉਪਰ ਹੱਥਾਂ ਦਾ ਭਾਰ ਪਾ ਕੇ ਪੈਡਲਾਂ ਤੇ ਖੜ੍ਹ ਜਾਣਾ ਅਤੇ ਹੇਠਾਂ-ਉਪਰ ਹੁੰਦਿਆਂ ਰਿਕਸ਼ਾ ਚਲਾਉਣ ਵਾਲਿਆਂ ਵਾਂਗ ਸਾਈਕਲ ਚਲਾਉਣਾ। ਕਈ ਜਣੇ ਤਾਂ ਪਿਛਲੀ ਕਾਠੀ(ਕੈਰੀਅਰ) ਉੱਪਰ ਬੈਠ ਕੇ ਵੀ ਸਾਈਕਲ ਚਲਾਉਂਦੇ ਸਨ,ਜਾਣੀ ‘ਬੈਕ-ਸੀਟ ਡਰਾਈਵਿੰਗ’। ਆਖਿਰ 'ਚ ਇਹੀ ਕਹਾਂਗਾ ਕਿ ਸਾਈਕਲ ਮਗਰੋਂ ਸਕੂਟਰ-ਕਾਰ ਵੀ ਲਏ ਪਰ ਜੋ ਬਹਿਸ਼ਤੀ ਹੁਲਾਰੇ ਉਸ ਬਾਈ ਇੰਚੀ ਸਾਈਕਲ ‘ਤੇ ਆਏ ਉਹ ਮੁੜ ਕਦੀ ਨਹੀਂ ਆਏ,ਕਾਰ ਤੇ ਵੀ ਨਹੀਂ।
ਲੇਖਕ : ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ-98766-55055