
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਹਿਰੂ ਨੇ ਫ਼ੋਨ ਚੁੱਕਿਆ… ਟਰੰਕ ਕਾਲ ਦੀ ਲਾਈਨ ਇੰਨੀ ਖ਼ਰਾਬ ਸੀ ਕਿ ਨਹਿਰੂ ਨੇ ਫ਼ੋਨ ਕਰ ਰਹੇ ਸ਼ਖ਼ਸ ਨੂੰ ਕਿਹਾ ਕਿ ਤੁਸੀਂ ਜੋ ਕੁੱਝ ਵੀ ਕਿਹਾ ਹੈ ਉਸ ਨੂੰ ਰਿਪੀਟ ਕਰੋ। ਨਹਿਰੂ ਨੇ ਫ਼ੋਨ ਰੱਖਿਆ, ਉਨ੍ਹਾਂ ਦਾ ਚਿਹਰਾ ਪੀਲਾ ਪੈ ਗਿਆ। ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਦੱਸਿਆ ਕਿ ਫ਼ੋਨ ਲਾਹੌਰ ਤੋਂ ਸੀ।

ਗੁਰਪ੍ਰੀਤ ਚੀਮਾ, ਨਵੀਂ ਦਿੱਲੀ : 15 ਅਗਸਤ 2026 ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਜਦੋਂ ‘ਵੰਦੇ ਮਾਤਰਮ’ ਗੂੰਜੇਗਾ ਤਾਂ ਇਸ ਨੂੰ ਆਜ਼ਾਦੀ ਦਿਵਸ ਦੇ ਇਤਿਹਾਸ 'ਚ ਪਹਿਲੀ ਵਾਰ ਹੋਣ ਵਾਲੀ ਘਟਨਾ ਵਜੋਂ ਯਾਦ ਕੀਤਾ ਜਾਵੇਗਾ। ਪਹਿਲੀ ਵਾਰ ਦੇਸ਼ ਦੇ ਆਜ਼ਾਦੀ ਦਿਵਸ ਸਮਾਰੋਹ 'ਚ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਲਗਾਤਾਰ 13ਵੇਂ ਸਾਲ ਤਿਰੰਗਾ ਫਹਿਰਾਉਣਗੇ ਤਾਂ ਇਸ ਤੋਂ ਪਹਿਲਾਂ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਹੋਵੇਗੀ। ਪਰ ਇਸ ਕਹਾਣੀ 'ਚ ਇਕ ਅਜਿਹਾ ਪੰਨਾ ਹੈ, ਜਿਸ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਆਜ਼ਾਦੀ ਦੇ ਠੀਕ 79 ਸਾਲ ਪਹਿਲਾਂ ਵੀ ‘ਵੰਦੇ ਮਾਤਰਮ’ ਹੀ ਉਸ ਇਤਿਹਾਸਕ ਰਾਤ ਦੀ ਪਹਿਲੀ ਆਵਾਜ਼ ਬਣਿਆ ਸੀ।
ਤਰੀਕ ਸੀ 14 ਅਗਸਤ 1947। ਵਕਤ ਰਾਤ ਦੇ 11 ਵਜੇ। ਦਿੱਲੀ 'ਚ ਹਰ ਤਰਫ਼ ਇਕ ਬੇਚੈਨੀ ਸੀ। ਕੁਝ ਘੰਟਿਆਂ ਬਾਅਦ ਭਾਰਤ ਆਜ਼ਾਦ ਹੋਣ ਵਾਲਾ ਸੀ। ਸੰਸਦ ਭਵਨ ਦਾ ਸੈਂਟਰਲ ਹਾਲ ਰੋਸ਼ਨੀ ਨਾਲ ਜਗਮਗਾ ਰਿਹਾ ਸੀ ਅਤੇ ਸੰਵਿਧਾਨ ਸਭਾ ਦੇ ਮੈਂਬਰ ਉਸ ਇਤਿਹਾਸਕ ਪਲ ਦੇ ਇੰਤਜ਼ਾਰ 'ਚ ਆਪਣੀ-ਆਪਣੀ ਜਗ੍ਹਾ ਲੈ ਰਹੇ ਸਨ।
ਜਿਨ੍ਹਾਂ ਫ੍ਰੇਮਾਂ 'ਚ ਕੁਝ ਦਿਨ ਪਹਿਲਾਂ ਤਕ ਬ੍ਰਿਟਿਸ਼ ਵਾਇਸਰਾਏ ਦੀਆਂ ਤਸਵੀਰਾਂ ਲੱਗੀਆਂ ਸਨ, ਉਨ੍ਹਾਂ ਵਿਚ ਹੁਣ ਭਾਰਤੀ ਤਿਰੰਗਾ ਦਿਖਾਈ ਦੇ ਰਿਹਾ ਸੀ। ਇਸੇ ਹਾਲ 'ਚ ਕੁਝ ਦੇਰ ਬਾਅਦ ਜੋ ਭਾਸ਼ਣ ਹੋਣ ਵਾਲਾ ਸੀ, ਉਸ ਦੀ ਤਿਆਰੀ ਪਰਦੇ ਦੇ ਪਿੱਛੇ ਕਈ ਦਿਨਾਂ ਤੋਂ ਚੱਲ ਰਹੀ ਸੀ।
ਜਵਾਹਰ ਲਾਲ ਨਹਿਰੂ ਉਸ ਭਾਸ਼ਣ ਨੂੰ ਲੈ ਕੇ ਬੇਹੱਦ ਗੰਭੀਰ ਸਨ। ਉਹ ਜਾਣਦੇ ਸਨ ਕਿ ਆਜ਼ਾਦੀ ਦੇ ਐਲਾਨ ਦੇ ਉਸ ਪਲ ਵਿਚ ਬੋਲੇ ਗਏ ਸ਼ਬਦ ਸਿਰਫ਼ ਉਸ ਰਾਤ ਲਈ ਨਹੀਂ ਹੋਣਗੇ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਪੜ੍ਹਨਗੀਆਂ, ਸੁਣਨਗੀਆਂ ਅਤੇ ਯਾਦ ਰੱਖਣਗੀਆਂ।
ਨਹਿਰੂ ਦੇ ਸਕੱਤਰ ਐੱਮਓ ਮਥਾਈ ਨੇ ਬਾਅਦ 'ਚ ਆਪਣੀ ਕਿਤਾਬ ‘ਰੇਮਿਨਿਸੈਂਸੇਜ਼ ਆਫ਼ ਨਹਿਰੂ ਏਜ’ ਵਿਚ ਉਸ ਭਾਸ਼ਣ ਦੇ ਬਣਨ ਦੀ ਦਿਲਚਸਪ ਕਹਾਣੀ ਲਿਖੀ। ਨਹਿਰੂ ਨੇ ਭਾਸ਼ਣ ਦਾ ਡਰਾਫਟ ਤਿਆਰ ਕੀਤਾ ਸੀ। ਜਦੋਂ ਉਸ ਦੀ ਟਾਈਪ ਕੀਤੀ ਹੋਈ ਇਕ ਕਾਪੀ ਮਥਾਈ ਕੋਲ ਪਹੁੰਚੀ ਤਾਂ ਉਨ੍ਹਾਂ ਦੀ ਨਜ਼ਰ ਸ਼ੁਰੂਆਤੀ ਸਤਰ 'ਤੇ ਗਈ ਜਿੱਥੇ ਲਿਖਿਆ ਸੀ Date with Destiny।
ਮਥਾਈ ਨੂੰ ਲੱਗਿਆ ਕਿ ਇਹ ਸ਼ਬਦ ਇਸ ਇਤਿਹਾਸਕ ਮੌਕੇ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਰੋਜ਼ੇਟ ਦੇ ਇੰਟਰਨੈਸ਼ਨਲ ਥਿਸੌਰਸ ਨੂੰ ਦੇਖਿਆ ਤੇ ਫਿਰ ਨਹਿਰੂ ਨਾਲ ਗੱਲ ਕੀਤੀ। ਉਨ੍ਹਾਂ ਦਾ ਤਰਕ ਸੀ ਕਿ ਅਮਰੀਕੀ ਅੰਗਰੇਜ਼ੀ 'ਚ ‘Date’ ਸ਼ਬਦ ਦਾ ਇਕ ਅਜਿਹਾ ਪ੍ਰਚਲਿਤ ਅਰਥ ਬਣ ਚੁੱਕਾ ਸੀ ਜੋ ਕਿਸੇ ਔਰਤ ਜਾਂ ਲੜਕੀ ਨਾਲ ਮਿਲਣ-ਜੁਲਣ ਨਾਲ ਜੁੜਿਆ ਸੀ। ਆਜ਼ਾਦੀ ਦੇ ਐਲਾਨ ਵਰਗੇ ਗੰਭੀਰ ਮੌਕੇ ਲਈ ਇਹ ਸ਼ਬਦ ਅਣਚਾਹਿਆ ਅਰਥ ਪੈਦਾ ਕਰ ਸਕਦਾ ਸੀ। ਮਥਾਈ ਨੇ ਦੋ ਵਿਕਲਪ ਦਿੱਤੇ— ‘Rendezvous’ ਜਾਂ ‘Tryst’।
ਫਿਰ 'ਰੌਂਡੇਵੂ' ਸੁਣਦੇ ਹੀ ਇਕ ਹੋਰ ਗੱਲ ਸਾਹਮਣੇ ਆਈ। ਮਥਾਈ ਨੇ ਨਹਿਰੂ ਨੂੰ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਫ੍ਰੈਂਕਲਿਨ ਡੀ. ਰੂਜ਼ਵੈਲਟ ਆਪਣੀ ਇਕ ਚਰਚਿਤ ਵਾਰ-ਟਾਈਮ ਸਪੀਚ ਵਿਚ ਰੌਂਡੇਵੂ ਸ਼ਬਦ ਦਾ ਇਸਤੇਮਾਲ ਕਰ ਚੁੱਕੇ ਸਨ। ਨਹਿਰੂ ਕੁਝ ਪਲ ਚੁੱਪ ਰਹੇ। ਫਿਰ ਉਨ੍ਹਾਂ ਨੇ ਟਾਈਪ ਕੀਤੇ ਹੋਏ ਡਰਾਫਟ 'ਚ ‘Date’ ਸ਼ਬਦ ਕੱਟ ਦਿੱਤਾ ਅਤੇ ਉਸ ਦੀ ਜਗ੍ਹਾ ਆਪਣੇ ਹੱਥ ਨਾਲ ਲਿਖ ਦਿੱਤਾ ‘Tryst’।
ਅਤੇ ਇੱਥੋਂ ਹੀ ਇਸ ਲਾਈਨ ਦਾ ਜਨਮ ਹੋਇਆ— “A Tryst with Destiny”। ਮਥਾਈ ਦੇ ਮੁਤਾਬਕ, ਨਹਿਰੂ ਦੀ ਲਿਖਾਵਟ ਵਾਲਾ ਮੂਲ ਡਰਾਫਟ ਬਾਅਦ 'ਚ ਨਹਿਰੂ ਮਿਊਜ਼ੀਅਮ ਐਂਡ ਲਾਇਬ੍ਰੇਰੀ ਨੂੰ ਸੌਂਪ ਦਿੱਤਾ ਗਿਆ। ਉਸ ਮੂਲ ਪਾਂਡੂਲਿਪੀ (Manuscript) 'ਚ ‘Date’ ਕੱਟ ਕੇ ‘Tryst’ ਕੀਤੇ ਜਾਣ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ।
ਹਾਲਾਂਕਿ ਉਸ ਵਕਤ ਸੈਂਟਰਲ ਹਾਲ 'ਚ ਬੈਠੇ ਲੋਕਾਂ ਨੂੰ ਇਸ ਸ਼ਬਦ ਦੇ ਪਿੱਛੇ ਦੀ ਇਹ ਛੋਟੀ ਜਿਹੀ ਕਹਾਣੀ ਪਤਾ ਨਹੀਂ ਸੀ। ਉਨ੍ਹਾਂ ਦੇ ਸਾਹਮਣੇ ਬੱਸ ਇਕ ਵੱਡਾ ਸਵਾਲ ਸੀ, ਅੱਧੀ ਰਾਤ ਕਦੋਂ ਹੋਵੇਗੀ?
14 ਅਗਸਤ ਦੀ ਰਾਤ ਸੰਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਚੁੱਕਾ ਸੀ। ਸੁਚੇਤਾ ਕ੍ਰਿਪਲਾਨੀ, ਜੋ ਕਿ ਅੱਗੇ ਚੱਲ ਕੇ ਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ, ਨੇ ਗੀਤਾਂ ਰਾਹੀਂ ਉਸ ਰਾਤ ਨੂੰ ਆਵਾਜ਼ ਦਿੱਤੀ। ‘ਵੰਦੇ ਮਾਤਰਮ’ ਦੀ ਧੁਨ ਸੰਸਦ ਭਵਨ 'ਚ ਗੂੰਜੀ। ਹੁਣ 2026 ਵਿੱਚ ਪਹਿਲੀ ਵਾਰ ਇਹੋ ਗੀਤ ਸੁਤੰਤਰਤਾ ਦਿਵਸ ਦੇ ਮੁੱਖ ਸਮਾਰੋਹ ਦਾ ਹਿੱਸਾ ਬਣਨ ਜਾ ਰਿਹਾ ਹੈ।
ਅਜੇ ਤੁਹਾਡੇ ਦਿਮਾਗ 'ਚ ਹੋ ਸਕਦਾ ਹੈ ਇਕ ਸਵਾਲ ਚੱਲ ਰਿਹਾ ਹੋਵੇ ਕਿ ਪ੍ਰੋਗਰਾਮ 15 ਅਗਸਤ ਦੀ ਬਜਾਏ 14 ਅਗਸਤ ਦੀ ਰਾਤ ਹੀ ਸ਼ੁਰੂ ਕਿਉਂ ਕੀਤਾ ਗਿਆ। ਅਸਲ ਵਿਚ, ਕਈ ਜੋਤਸ਼ੀਆਂ ਨੇ 15 ਅਗਸਤ ਦਾ ਦਿਨ ਅਸ਼ੁੱਭ ਦੱਸਿਆ ਸੀ। ਇਸ ਲਈ ਆਜ਼ਾਦੀ ਦੇ ਜਸ਼ਨ ਨੂੰ 14 ਅਗਸਤ ਦੀ ਰਾਤ ਤੋਂ ਸ਼ੁਰੂ ਕਰਨ ਦਾ ਰਸਤਾ ਕੱਢਿਆ ਗਿਆ।
ਹਾਲਾਂਕਿ, 14 ਅਗਸਤ ਦੀ ਰਾਤ ਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਅਜਿਹਾ ਹੋਇਆ ਕਿ ਜਵਾਹਰ ਲਾਲ ਨਹਿਰੂ ਟੁੱਟ ਗਏ। ਜਵਾਹਰ ਲਾਲ ਨਹਿਰੂ ਖਾਣੇ ਦੇ ਟੇਬਲ 'ਤੇ ਬੈਠੇ ਸਨ। ਨਾਲ ਹੀ ਇੰਦਰਾ ਗਾਂਧੀ, ਫ਼ਿਰੋਜ਼ ਗਾਂਧੀ ਅਤੇ ਪਦਮਜਾ ਨਾਇਡੂ ਵੀ ਮੌਜੂਦ ਸਨ। ਨਾਲ ਦੇ ਕਮਰੇ 'ਚ ਟੈਲੀਫ਼ੋਨ ਦੀ ਘੰਟੀ ਖੜਕੀ।
ਨਹਿਰੂ ਨੇ ਫ਼ੋਨ ਚੁੱਕਿਆ… ਟਰੰਕ ਕਾਲ ਦੀ ਲਾਈਨ ਇੰਨੀ ਖ਼ਰਾਬ ਸੀ ਕਿ ਨਹਿਰੂ ਨੇ ਫ਼ੋਨ ਕਰ ਰਹੇ ਸ਼ਖ਼ਸ ਨੂੰ ਕਿਹਾ ਕਿ ਤੁਸੀਂ ਜੋ ਕੁੱਝ ਵੀ ਕਿਹਾ ਹੈ ਉਸ ਨੂੰ ਰਿਪੀਟ ਕਰੋ। ਨਹਿਰੂ ਨੇ ਫ਼ੋਨ ਰੱਖਿਆ, ਉਨ੍ਹਾਂ ਦਾ ਚਿਹਰਾ ਪੀਲਾ ਪੈ ਗਿਆ। ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਦੱਸਿਆ ਕਿ ਫ਼ੋਨ ਲਾਹੌਰ ਤੋਂ ਸੀ।
ਉਹੀ ਲਾਹੌਰ ਜਿੱਥੇ ਉਨ੍ਹਾਂ ਦੀ ਮਾਂ ਦਾ ਬਚਪਨ ਬੀਤਿਆ ਸੀ ਤੇ ਜਿੱਥੇ ਨਹਿਰੂ ਨੇ ਖ਼ੁਦ ਆਪਣੇ ਜੀਵਨ ਦੇ ਸ਼ੁਰੂਆਤੀ ਸਾਲਾਂ ਦਾ ਇਕ ਹਿੱਸਾ ਬਿਤਾਇਆ ਸੀ। ਉਹ ਉਸ ਵਕਤ ਬਲ ਰਿਹਾ ਸੀ। ਸ਼ਹਿਰ 'ਤੇ ਨਵੇਂ ਪ੍ਰਸ਼ਾਸਨ ਦਾ ਕਬਜ਼ਾ ਹੁੰਦੇ ਹੀ ਹਿੰਦੂ ਅਤੇ ਸਿੱਖ ਮੁਹੱਲਿਆਂ ਦੀ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਸੀ।
ਜੋ ਮਾਂਵਾਂ ਤੇ ਮਾਸੂਮ ਬੱਚੇ ਸੁੱਕਦੇ ਸੰਘ ਦੀ ਪਿਆਸ ਬੁਝਾਉਣ ਲਈ ਮਜਬੂਰੀ ਵਿਚ ਘਰਾਂ ਤੋਂ ਬਾਹਰ ਕਦਮ ਰੱਖਦੇ, ਉਨ੍ਹਾਂ 'ਤੇ ਘਾਤ ਲਗਾ ਕੇ ਬੈਠੇ ਲੋਕ ਨਿਸ਼ਾਨਾ ਸਾਧਦੇ ਅਤੇ ਉਨ੍ਹਾਂ ਨੂੰ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰ ਦਿੰਦੇ।
ਲਗਪਗ ਫੁਸਫ਼ੁਸਾਉਂਦੇ ਹੋਏ ਨਹਿਰੂ ਨੇ ਟੁੱਟੇ ਮਨ ਨਾਲ ਕਿਹਾ, ‘ਮੈਂ ਅੱਜ ਰਾਤ ਇਸ ਦੇਸ਼ ਨੂੰ ਕਿਵੇਂ ਸੰਬੋਧਨ ਕਰ ਸਕਾਂਗਾ? ਮੈਂ ਦੁਨੀਆ ਸਾਹਮਣੇ ਇਹ ਕਿਵੇਂ ਜਤਾ ਸਕਾਂਗਾ ਕਿ ਮੈਂ ਇਸ ਦੇਸ਼ ਦੀ ਆਜ਼ਾਦੀ 'ਤੇ ਖ਼ੁਸ਼ ਹਾਂ... ਜਦੋਂ ਮੈਨੂੰ ਮਲੂਮ ਹੈ ਕਿ ਮੇਰਾ ਲਾਹੌਰ, ਮੇਰਾ ਖ਼ੂਬਸੂਰਤ ਲਾਹੌਰ ਇਸ ਵਕਤ ਧੂੰਏਂ ਤੇ ਅੱਗ ਦੀਆਂ ਲਪਟਾਂ ਵਿੱਚ ਬਲ ਰਿਹਾ ਹੈ?’
‘ਵੰਦੇ ਮਾਤਰਮ’ ਤੋਂ ਬਾਅਦ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ ਨੇ ਸੰਬੋਧਨ ਕੀਤਾ, ਫਿਰ ਆਜ਼ਾਦੀ ਦੀ ਲੜਾਈ 'ਚ ਕੁਰਬਾਨੀ ਦੇਣ ਵਾਲਿਆਂ ਦੀ ਯਾਦ 'ਚ ਮੌਨ ਰੱਖਿਆ ਗਿਆ। ਅੱਧੀ ਰਾਤ ਦੇ ਨੇੜੇ ਜਵਾਹਰ ਲਾਲ ਨਹਿਰੂ ਖੜ੍ਹੇ ਹੋਏ। ਉਨ੍ਹਾਂ ਦੇ ਸਾਹਮਣੇ ਉਹ ਪਲ ਸੀ, ਜਿਸ ਨੂੰ ਲੈ ਕੇ ਉਹ ਘਬਰਾ ਰਹੇ ਸਨ, ਕਿਉਂਕਿ ਉਨ੍ਹਾਂ ਦੇ ਦਿਮਾਗ ਵਿੱਚ ਲਾਹੌਰ ਚੱਲ ਰਿਹਾ ਸੀ।ਹੁਣ ਸੈਂਟਰਲ ਹਾਲ 'ਚ ਸਭ ਦੀਆਂ ਨਜ਼ਰਾਂ ਨਹਿਰੂ 'ਤੇ ਸਨ।
ਘੜੀ ਅੱਧੀ ਰਾਤ ਵੱਲ ਵਧ ਰਹੀ ਸੀ। ਬ੍ਰਿਟਿਸ਼ ਰਾਜ ਦਾ ਅੰਤ ਹੁਣ ਸਿਰਫ਼ ਕੁਝ ਮਿੰਟ ਦੂਰ ਸੀ। ਨਹਿਰੂ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ। ਸੈਂਟਰਲ ਹਾਲ 'ਚ ਠੀਕ 11 ਵਜ ਕੇ 55 ਮਿੰਟ 'ਤੇ ਨਹਿਰੂ ਨੇ ਸਪੀਚ ਪੜ੍ਹੀ।
ਨਹਿਰੂ ਆਪਣੀ ਸਪੀਚ ਵਿਚ ਕਹਿੰਦੇ ਹਨ, ‘ਬਹੁਤ ਸਾਲ ਪਹਿਲਾਂ ਅਸੀਂ ਨੀਅਤੀ ਨਾਲ ਇੱਕ ਵਾਅਦਾ ਕੀਤਾ ਸੀ। ਅੱਧੀ ਰਾਤ ਦੇ ਸਮੇਂ ਜਦੋਂ ਪੂਰੀ ਦੁਨੀਆ ਸੌਂ ਰਹੀ ਹੈ, ਭਾਰਤ ਆਜ਼ਾਦੀ ਦਾ ਸਾਹ ਲੈ ਰਹਾ ਹੈ।’
ਹਾਲਾਂਕਿ, ਸਪੀਚ ਤੋਂ ਬਾਅਦ ਨਹਿਰੂ ਨੇ ਆਪਣੀ ਭੈਣ ਵਿਜੈਲਕਸ਼ਮੀ ਨਾਲ ਇਸ ਗੱਲ ਨੂੰ ਲੈ ਕੇ ਚਰਚਾ ਵੀ ਕੀਤੀ। ਉਨ੍ਹਾਂ ਕਿਹਾ ਉਸ ਰਾਤ ਉਨ੍ਹਾਂ ਦੇ ਦਿਮਾਗ ਵਿੱਚ ਆਪਣੇ ਭਾਸ਼ਣ ਦੇ ਸ਼ਬਦ ਨਹੀਂ ਘੁੰਮ ਰਹੇ ਸਨ। ਜੋ ਲਬਾਂ ਤੋਂ ਨਿਕਲਿਆ ਉਹ ਬੋਲਦੇ ਗਏ।
ਇਸ ਤੋਂ ਬਾਅਦ ਇਕ ਕਿੱਸਾ ਹੋਰ ਹੈ… ਸਮਾਰੋਹ ਤੋਂ ਬਾਅਦ ਜਵਾਹਰ ਲਾਲ ਨਹਿਰੂ ਅਤੇ ਰਾਜੇਂਦਰ ਪ੍ਰਸਾਦ ਲਾਰਡ ਮਾਊਂਟਬੈਟਨ ਨੂੰ ਰਸਮੀ ਤੌਰ 'ਤੇ ਭਾਰਤ ਦੇ ਪਹਿਲੇ ਗਵਰਨਰ ਜਨਰਲ ਬਣਨ ਦਾ ਸੱਦਾ ਦੇਣ ਪਹੁੰਚੇ। ਇਸ ਦੌਰਾਨ ਨਹਿਰੂ ਨੇ ਗਵਰਨਰ-ਜਨਰਲ ਦੇ ਹੱਥ ਵਿਚ ਇਕ ਲਿਫ਼ਾਫ਼ਾ ਸੌਂਪਿਆ। ਨਹਿਰੂ ਅਤੇ ਰਾਜੇਂਦਰ ਪ੍ਰਸਾਦ ਦੇ ਜਾਣ ਤੋਂ ਬਾਅਦ ਜਦੋਂ ਮਾਊਂਟਬੈਟਨ ਨੇ ਲਿਫ਼ਾਫ਼ਾ ਖੋਲ੍ਹਿਆ ਤਾਂ ਉਨ੍ਹਾਂ ਦਾ ਹਾਸਾ ਨਿਕਲ ਗਿਆ ਕਿਉਂਕਿ ਉਹ ਖ਼ਾਲੀ ਸੀ।
ਇਤਿਹਾਸਕਾਰ ਰਾਮਚੰਦਰ ਗੁਹਾ ਆਪਣੀ ਕਿਤਾਬ ‘ਇੰਡੀਆ ਆਫ਼ਟਰ ਗਾਂਧੀ’ ਵਿੱਚ ਲਿਖਦੇ ਹਨ, ‘ਨਹਿਰੂ ਨੇ ਜਦੋਂ ਗਵਰਨਰ-ਜਨਰਲ ਕੋਲ ਸੂਚੀ ਦੇਣ ਪਹੁੰਚੇ ਤਾਂ ਇਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ। ਨਹਿਰੂ ਨੇ ਜੋ ਲਿਫ਼ਾਫ਼ਾ ਗਵਰਨਰ-ਜਨਰਲ ਨੂੰ ਦਿੱਤਾ ਉਹ ਖ਼ਾਲੀ ਸੀ। ਹਾਲਾਂਕਿ, ਸਹੁੰ ਚੁੱਕ ਸਮਾਗਮ ਸ਼ੁਰੂ ਹੋਣ ਤਕ ਗੁੰਮ ਹੋਈ ਮੰਤਰੀਆਂ ਦੀ ਸੂਚੀ ਵਾਪਸ ਮਿਲ ਗਈ।
ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਹਿਰੂ ਤੋਂ ਇਲਾਵਾ 13 ਹੋਰ ਮੰਤਰੀਆਂ ਦੇ ਨਾਮ ਸਨ। ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਮੁੱਖ ਨਾਮ ਦੇਸ਼ ਦੀ ਪਹਿਲੀ ਕੈਬਨਿਟ 'ਚ ਸ਼ਾਮਲ ਸਨ।