34 ਸਾਲਾਂ ਤਕ ਦੁਨੀਆ ਨੇ ਜਿਸਨੂੰ ਰੱਦੀ ਸਮਝਿਆ, ਅੱਜ ਕਰੋੜਾਂ 'ਚ ਨੀਲਾਮ ਹੋਈ ਉਹੀ ਰਿਸਰਚ; ਲੁਕੇ ਹਨ ਇਨਸਾਨੀ DNA ਦੇ ਵੱਡੇ ਰਾਜ਼
ਗ੍ਰੇਗਰ ਮੈਂਡਲ ਦਾ ਜਨਮ 1822 'ਚ ਮੋਰਾਵੀਆ (ਅੱਜ ਦਾ ਚੈੱਕ ਗਣਰਾਜ) ਦੇ ਇਕ ਆਮ ਕਿਸਾਨ ਪਰਿਵਾਰ 'ਚ ਹੋਇਆ ਸੀ। ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਵੀ ਖੇਤੀ ਕਰਨ, ਪਰ ਮੈਂਡਲ ਨੂੰ ਪੜ੍ਹਾਈ ਦਾ ਸ਼ੌਕ ਸੀ। ਇਸ ਲਈ ਉਹ 1843 'ਚ ਬ੍ਰਨੋ ਸ਼ਹਿਰ ਦੇ ਇਕ ਮੱਠ 'ਚ ਪਾਦਰੀ ਬਣ ਗਏ। ਬਾਅਦ 'ਚ ਉਨ੍ਹਾਂ ਨੇ ਵਿਆਨਾ ਯੂਨੀਵਰਸਿਟੀ ਤੋਂ ਪੜ੍ਹਾਈ ਵੀ ਕੀਤੀ।
Publish Date: Sun, 25 Oct 2026 02:57 PM (IST)
Updated Date: Sun, 25 Oct 2026 03:00 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਹਾਨੂੰ ਪਤਾ ਹੈ ਕਿ 1866 'ਚ ਇਕ ਪਾਦਰੀ ਨੇ ਮਟਰ ਦੇ ਪੌਦਿਆਂ 'ਤੇ ਅਜਿਹੀ ਰਿਸਰਚ ਕੀਤੀ ਸੀ, ਜਿਸ ਨੂੰ ਉਸ ਸਮੇਂ ਕਿਸੇ ਨੇ ਵੀ ਅਹਿਮੀਅਤ ਨਹੀਂ ਦਿੱਤੀ, ਪਰ ਅੱਜ ਉਹੀ ਰਿਸਰਚ ਵਿਗਿਆਨ ਦੇ ਇਤਿਹਾਸ ਦਾ ਇਕ ਬੇਹੱਦ ਕੀਮਤੀ ਹਿੱਸਾ ਬਣ ਚੁੱਕੀ ਹੈ।
ਜੀ ਹਾਂ, ਗ੍ਰੇਗਰ ਮੈਂਡਲ ਨਾਂ ਦੇ ਇਸ ਪਾਦਰੀ ਦਾ ਉਹ ਪੁਰਾਣਾ ਰਿਸਰਚ ਪੇਪਰ ਹਾਲ ਹੀ 'ਚ ਅਕਤੂਬਰ 2026 'ਚ ਕ੍ਰਿਸਟੀਜ਼ ਦੀ ਇਕ ਨੀਲਾਮੀ 'ਚ ਲਗਪਗ 6.10 ਕਰੋੜ ਰੁਪਏ 'ਚ ਵਿਕਿਆ ਹੈ। ਆਓ ਜਾਣਦੇ ਹਾਂ ਕਿ ਇਸ ਰਿਸਰਚ 'ਚ ਅਜਿਹਾ ਕੀ ਖ਼ਾਸ ਸੀ।
ਕੌਣ ਸਨ ਗ੍ਰੇਗਰ ਮੈਂਡਲ?
ਗ੍ਰੇਗਰ ਮੈਂਡਲ ਦਾ ਜਨਮ 1822 'ਚ ਮੋਰਾਵੀਆ (ਅੱਜ ਦਾ ਚੈੱਕ ਗਣਰਾਜ) ਦੇ ਇਕ ਆਮ ਕਿਸਾਨ ਪਰਿਵਾਰ 'ਚ ਹੋਇਆ ਸੀ। ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਵੀ ਖੇਤੀ ਕਰਨ, ਪਰ ਮੈਂਡਲ ਨੂੰ ਪੜ੍ਹਾਈ ਦਾ ਸ਼ੌਕ ਸੀ। ਇਸ ਲਈ ਉਹ 1843 'ਚ ਬ੍ਰਨੋ ਸ਼ਹਿਰ ਦੇ ਇਕ ਮੱਠ 'ਚ ਪਾਦਰੀ ਬਣ ਗਏ। ਬਾਅਦ 'ਚ ਉਨ੍ਹਾਂ ਨੇ ਵਿਆਨਾ ਯੂਨੀਵਰਸਿਟੀ ਤੋਂ ਪੜ੍ਹਾਈ ਵੀ ਕੀਤੀ। ਮੱਠ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਇਕ ਸਵਾਲ ਆਇਆ ਕਿ ਆਖ਼ਰ ਪੌਦਿਆਂ ਦੇ ਇਕ ਪੀੜ੍ਹੀ ਵਾਲੇ ਗੁਣ ਅਗਲੀ ਪੀੜ੍ਹੀ ਤਕ ਕਿਵੇਂ ਪਹੁੰਚਦੇ ਹਨ?
10 ਸਾਲ ਅਤੇ ਮਟਰ ਦੇ 30,000 ਪੌਦੇ
ਇਸ ਸਵਾਲ ਦਾ ਜਵਾਬ ਲੱਭਣ ਲਈ ਮੈਂਡਲ ਨੇ ਆਪਣੇ ਮੱਠ ਦੇ ਬਗੀਚੇ 'ਚ ਹੀ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲਗਭਗ 10 ਸਾਲਾਂ ਤੱਕ 30,000 ਤੋਂ ਵੱਧ ਮਟਰ ਦੇ ਪੌਦਿਆਂ ਦੀ ਆਪਸ 'ਚ ਕਰਾਸ-ਬ੍ਰੀਡਿੰਗ ਕੀਤੀ। ਮੈਂਡਲ ਨੇ ਪੌਦਿਆਂ ਦੇ 7 ਵੱਖ-ਵੱਖ ਲੱਛਣਾਂ 'ਤੇ ਨਜ਼ਰ ਰੱਖੀ, ਜਿਵੇਂ ਬੀਜਾਂ ਦਾ ਆਕਾਰ, ਰੰਗ ਆਦਿ। ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਸਿਰਫ਼ ਅੰਦਾਜ਼ੇ ਨਹੀਂ ਲਾਏ, ਸਗੋਂ ਗਣਿਤ ਦੀ ਵਰਤੋਂ ਕਰ ਕੇ ਇਕ ਪੂਰਾ ਪੈਟਰਨ ਤਿਆਰ ਕੀਤਾ ਕਿ ਇਕ ਪੌਦੇ ਦੇ ਗੁਣ ਦੂਜੇ ਪੌਦੇ 'ਚ ਕਿਵੇਂ ਪਹੁੰਚਦੇ ਹਨ। ਇਸੇ ਨਾਲ ਆਧੁਨਿਕ ਜੈਨੇਟਿਕਸ ਦੀ ਨੀਂਹ ਪਈ।
34 ਸਾਲਾਂ ਤੱਕ ਕਿਸੇ ਨੇ ਨਹੀਂ ਦਿੱਤਾ ਧਿਆਨ
1865 'ਚ ਮੈਂਡਲ ਨੇ ਆਪਣੀ ਇਸ ਸ਼ਾਨਦਾਰ ਰਿਸਰਚ ਇਕ ਸਥਾਨਕ ਵਿਗਿਆਨਕ ਸੰਸਥਾ ਦੇ ਸਾਹਮਣੇ ਪੇਸ਼ ਕੀਤੀ। ਅਗਲੇ ਸਾਲ, 1866 'ਚ, ਇਸ ਨੂੰ Experiments on Plant Hybrids ਨਾਂ ਹੇਠ ਪ੍ਰਕਾਸ਼ਿਤ ਵੀ ਕੀਤਾ ਗਿਆ। ਮੈਂਡਲ ਨੇ ਖ਼ੁਦ ਇਸ ਦੀਆਂ 40 ਵਿਸ਼ੇਸ਼ ਕਾਪੀਆਂ ਆਪਣੇ ਦੋਸਤਾਂ ਅਤੇ ਸਾਥੀ ਵਿਗਿਆਨੀਆਂ ਨੂੰ ਵੰਡੀਆਂ। ਇਸ ਤੋਂ ਇਲਾਵਾ, ਇਹ ਜਰਨਲ ਦੁਨੀਆ ਭਰ ਦੀਆਂ 134 ਸੰਸਥਾਵਾਂ ਤੱਕ ਵੀ ਪਹੁੰਚਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ।
ਲਗਪਗ 34 ਸਾਲਾਂ ਬਾਅਦ, 1900 'ਚ ਤਿੰਨ ਵੱਖ-ਵੱਖ ਵਿਗਿਆਨੀ—ਹਿਊਗੋ ਡੀ ਵ੍ਰੀਜ਼, ਕਾਰਲ ਕੋਰੇਂਸ ਅਤੇ ਏਰਿਖ ਵੌਨ ਸ਼ੇਰਮਾਕ—ਜਦੋਂ ਇਸੇ ਤਰ੍ਹਾਂ ਦੀ ਰਿਸਰਚ ਕਰ ਰਹੇ ਸਨ, ਤਾਂ ਉਹ ਵੀ ਉਸੇ ਨਤੀਜੇ 'ਤੇ ਪਹੁੰਚੇ, ਜਿਸ ਬਾਰੇ ਮੈਂਡਲ ਕਈ ਸਾਲ ਪਹਿਲਾਂ ਦੱਸ ਚੁੱਕੇ ਸਨ। ਇਸ ਤੋਂ ਬਾਅਦ ਹੀ ਦੁਨੀਆ ਨੂੰ ਸਮਝ ਆਇਆ ਕਿ ਮੈਂਡਲ ਨੇ ਕਿੰਨੀ ਵੱਡੀ ਖੋਜ ਕੀਤੀ ਸੀ।
ਕਿਉਂ 6.10 ਕਰੋੜ ਰੁਪਏ 'ਚ ਵਿਕੀ ਇਹ ਕਾਪੀ?
ਨਿਲਾਮੀ 'ਚ ਵਿਕੀ ਇਹ ਕਾਪੀ ਉਨ੍ਹਾਂ 40 ਅਸਲ ਕਾਪੀਆਂ 'ਚੋਂ ਇਕ ਹੈ, ਜਿਨ੍ਹਾਂ ਨੂੰ ਮੈਂਡਲ ਨੇ ਖ਼ੁਦ ਵੰਡਿਆ ਸੀ। ਕ੍ਰਿਸਟੀਜ਼ ਮੁਤਾਬਕ, ਅੱਜ ਦੁਨੀਆ 'ਚ ਇਸ ਦੀਆਂ ਸਿਰਫ਼ 16 ਜਾਂ 17 ਕਾਪੀਆਂ ਹੀ ਬਚੀਆਂ ਹਨ।
47 ਪੰਨਿਆਂ ਵਾਲੀ ਇਹ ਰਿਸਰਚ ਬੇਹੱਦ ਚੰਗੀ ਹਾਲਤ 'ਚ ਹੈ। ਇਸ ਦਾ ਪੁਰਾਣਾ ਪੀਲਾ ਕਵਰ ਅਤੇ ਸਲੇਟੀ ਰੰਗ ਦੀ ਬਾਈਂਡਿੰਗ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਇਸ ਨੂੰ ਹਰੇ ਰੰਗ ਦੇ ਇਕ ਖ਼ਾਸ ਬਕਸੇ 'ਚ ਸੁਰੱਖਿਅਤ ਰੱਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹੀ ਕਾਪੀ ਜੁਲਾਈ 2016 'ਚ ਵੀ ਨੀਲਾਮ ਹੋਈ ਸੀ ਅਤੇ 10 ਸਾਲ ਬਾਅਦ ਇਸ ਦੇ ਮਾਲਕ ਨੇ ਇਸ ਨੂੰ ਮੁੜ ਨੀਲਾਮ ਕੀਤਾ।
ਅੱਜ ਵੀ ਕਿਉਂ ਹੈ ਇਸ ਦੀ ਅਹਿਮੀਅਤ?
ਮੈਂਡਲ ਨੂੰ ਆਪਣੇ ਜੀਵਨਕਾਲ ਦੌਰਾਨ ਉਹ ਸਨਮਾਨ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਸਨ। ਹਾਲਾਂਕਿ, ਉਨ੍ਹਾਂ ਵੱਲੋਂ ਦੱਸੇ ਗਏ ਸਿਧਾਂਤ ਅੱਜ ਵੀ ਜੀਵ ਵਿਗਿਆਨ, ਖੇਤੀਬਾੜੀ, ਮੈਡੀਕਲ ਸਾਇੰਸ ਅਤੇ ਮਨੁੱਖੀ ਵਿਕਾਸ ਨੂੰ ਸਮਝਣ 'ਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਹ ਰਿਸਰਚ ਸਾਨੂੰ ਸਿਖਾਉਂਦੀ ਹੈ ਕਿ ਕਈ ਵਾਰ ਕਿਸੇ ਕ੍ਰਾਂਤੀਕਾਰੀ ਵਿਚਾਰ ਨੂੰ ਦੁਨੀਆ ਤੱਕ ਪਹੁੰਚਣ ਅਤੇ ਉਸ ਦੀ ਅਹਿਮੀਅਤ ਸਮਝੇ ਜਾਣ 'ਚ ਦਹਾਕੇ ਲੱਗ ਸਕਦੇ ਹਨ।