ਹੁਣ ਛੋਟੇ ਬੱਚਿਆਂ ਲਈ ਨਹੀਂ, ਟੀਨਏਜਰ ਬੱਚਿਆਂ ਲਈ ਛੁੱਟੀ ਲੈ ਰਹੇ ਮਾਪੇ; ਕੀ ਹੈ 'ਟੀਨ-ਟਰਨਿਟੀ ਲੀਵ' ਅਤੇ ਕਿਉਂ ਵਧ ਰਿਹਾ ਇਸ ਦਾ ਰੁਝਾਨ?
ਆਮ ਤੌਰ 'ਤੇ ਬੱਚੇ ਦੇ ਜਨਮ ਸਮੇਂ ਮਾਂ ਨੂੰ ਮੈਟਰਨਿਟੀ ਲੀਵ ਦਿੱਤੀ ਜਾਂਦੀ ਹੈ, ਪਰ ਅੱਜਕੱਲ੍ਹ ਇਸ ਤੋਂ ਵੱਖਰਾ ਇਕ ਨਵਾਂ ਰੁਝਾਨ 'ਟੀਨ-ਟਰਨਿਟੀ ਲੀਵ' ਵੀ ਚਰਚਾ 'ਚ ਹੈ। ਆਓ ਜਾਣਦੇ ਹਾਂ ਕੀ ਹੈ ਟੀਨ-ਟਰਨਿਟੀ ਲੀਵ।
Publish Date: Mon, 23 Nov 2026 01:23 PM (IST)
Updated Date: Mon, 23 Nov 2026 01:25 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਬੱਚਿਆਂ ਦੀ ਪਰਵਰਿਸ਼ ਸਿਰਫ਼ ਮਾਪੇ ਬਣ ਜਾਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਨਵੀਂ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਨਾਲ ਜੁੜੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਦੌਰਾਨ ਮਾਪਿਆਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਉਹ ਕਿਸੇ ਯੋਧੇ ਵਾਂਗ ਨਿਭਾਉਂਦੇ ਹਨ। ਆਮ ਤੌਰ 'ਤੇ ਬੱਚੇ ਦੇ ਜਨਮ ਸਮੇਂ ਮਾਂ ਨੂੰ ਮੈਟਰਨਿਟੀ ਲੀਵ ਦਿੱਤੀ ਜਾਂਦੀ ਹੈ, ਪਰ ਅੱਜਕੱਲ੍ਹ ਇਸ ਤੋਂ ਵੱਖਰਾ ਇਕ ਨਵਾਂ ਰੁਝਾਨ 'ਟੀਨ-ਟਰਨਿਟੀ ਲੀਵ' ਵੀ ਚਰਚਾ 'ਚ ਹੈ। ਆਓ ਜਾਣਦੇ ਹਾਂ ਕੀ ਹੈ ਟੀਨ-ਟਰਨਿਟੀ ਲੀਵ।
ਟੀਨ-ਟਰਨਿਟੀ ਲੀਵ: ਪੇਰੈਂਟਿੰਗ ਦਾ ਨਵਾਂ ਰੁਝਾਨ
ਪਿਛਲੇ ਕੁਝ ਸਮੇਂ ਤੋਂ ਟੀਨ-ਟਰਨਿਟੀ ਲੀਵ ਦਾ ਰੁਝਾਨ ਵਧ ਰਿਹਾ ਹੈ ਅਤੇ ਮਾਪੇ ਇਸ ਨੂੰ ਅਪਣਾਉਂਦੇ ਨਜ਼ਰ ਆ ਰਹੇ ਹਨ। ਦਰਅਸਲ, ਇਸ ਤਹਿਤ ਮਾਪੇ ਬੱਚਿਆਂ ਦੇ ਬਿਹਤਰ ਭਵਿੱਖ, ਚੰਗੀ ਮਾਨਸਿਕ ਸਿਹਤ ਅਤੇ ਉਨ੍ਹਾਂ ਦੇ ਕਰੀਅਰ ਨਾਲ ਜੁੜੇ ਦਬਾਅ ਨੂੰ ਘੱਟ ਕਰਨ ਲਈ ਆਪਣੇ ਕੰਮ ਤੋਂ ਛੁੱਟੀ ਲੈ ਰਹੇ ਹਨ ਜਾਂ ਕੰਮ ਦਾ ਬੋਝ ਘਟਾ ਰਹੇ ਹਨ।
ਸਰਕਾਰੀ ਛੁੱਟੀ ਨਹੀਂ ਹੈ ਟੀਨ-ਟਰਨਿਟੀ ਲੀਵ
ਮੈਟਰਨਿਟੀ ਲੀਵ ਵਾਂਗ ਟੀਨ-ਟਰਨਿਟੀ ਲੀਵ ਕੋਈ ਸਰਕਾਰੀ ਛੁੱਟੀ ਜਾਂ ਕੰਪਨੀ ਵੱਲੋਂ ਦਿੱਤੀ ਜਾਣ ਵਾਲੀ ਸਹੂਲਤ ਨਹੀਂ ਹੈ। ਭਾਵੇਂ ਇਹ ਸ਼ਬਦ ਮੈਟਰਨਿਟੀ ਦੇ 'ਟਰਨਿਟੀ' ਨੂੰ ਟੀਨਏਜ ਨਾਲ ਜੋੜ ਕੇ ਬਣਾਇਆ ਗਿਆ ਹੈ, ਪਰ ਇਹ ਪੂਰੀ ਤਰ੍ਹਾਂ ਮਾਪਿਆਂ ਦੀ ਆਪਣੀ ਮਰਜ਼ੀ 'ਤੇ ਨਿਰਭਰ ਕਰਦਾ ਹੈ। ਇਸ 'ਚ ਮਾਪੇ ਆਪਣੇ ਬੱਚੇ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਕੰਮ ਦੇ ਸਮੇਂ ਜਾਂ ਤਰੀਕੇ 'ਚ ਬਦਲਾਅ ਕਰਦੇ ਹਨ, ਤਾਂ ਜੋ ਉਹ ਬੱਚਿਆਂ ਨੂੰ ਢੁੱਕਵਾਂ ਸਮਾਂ ਦੇ ਸਕਣ।
ਟੀਨਏਜ 'ਚ ਬੱਚਿਆਂ ਨੂੰ ਮਾਪਿਆਂ ਦੇ ਸਾਥ ਦੀ ਲੋੜ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟੀਨਏਜ ਉਮਰ ਦਾ ਉਹ ਪੜਾਅ ਹੈ, ਜਦੋਂ ਬੱਚਾ ਸਭ ਤੋਂ ਵੱਧ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤਬਦੀਲੀਆਂ 'ਚੋਂ ਲੰਘਦਾ ਹੈ। ਅਜਿਹੇ 'ਚ ਕਈ ਕਾਰਨ ਹਨ, ਜੋ ਟੀਨ-ਟਰਨਿਟੀ ਲੀਵ ਨੂੰ ਅਹਿਮ ਬਣਾਉਂਦੇ ਹਨ।
- ਇਸ ਉਮਰ 'ਚ ਬੱਚੇ ਨੂੰ ਸਭ ਤੋਂ ਵੱਧ ਭਾਵਨਾਤਮਕ ਸਹਾਰੇ ਦੀ ਲੋੜ ਹੁੰਦੀ ਹੈ, ਤਾਂ ਜੋ ਉਹ ਇਨ੍ਹਾਂ ਤਬਦੀਲੀਆਂ ਨੂੰ ਸਮਝ ਸਕੇ ਅਤੇ ਖ਼ੁਦ ਨੂੰ ਦੁਨੀਆ ਤੋਂ ਵੱਖਰਾ ਨਾ ਕਰ ਲਵੇ।
- ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਦਾ ਵਧਦਾ ਰੁਝਾਨ ਮਾਨਸਿਕ ਸਿਹਤ 'ਤੇ ਵੀ ਮਾੜਾ ਅਸਰ ਪਾ ਰਿਹਾ ਹੈ। ਅਜਿਹੇ 'ਚ ਮਾਪਿਆਂ ਨੂੰ ਬੱਚਿਆਂ ਨੂੰ ਇਸ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਦੱਸਣ ਦੇ ਨਾਲ-ਨਾਲ ਉਨ੍ਹਾਂ 'ਤੇ ਖ਼ਾਸ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ।
- ਵੱਡੇ ਹੋ ਰਹੇ ਬੱਚਿਆਂ ਨੂੰ ਇਕ ਸੁਰੱਖਿਅਤ ਸਹਾਰੇ ਦੀ ਲੋੜ ਹੁੰਦੀ ਹੈ। ਅਜਿਹੇ 'ਚ ਮਾਪੇ ਇਸ ਛੁੱਟੀ ਦੀ ਮਦਦ ਨਾਲ ਉਨ੍ਹਾਂ ਲਈ ਵੱਡਾ ਸਹਾਰਾ ਬਣ ਸਕਦੇ ਹਨ।
- ਟੀਨਏਜ 'ਚ ਬੱਚੇ ਛੇਤੀ ਆਪਣੇ ਮਨ ਦੀ ਗੱਲ ਸਾਂਝੀ ਨਹੀਂ ਕਰਦੇ ਅਤੇ ਮਾਪਿਆਂ ਨਾਲ ਉਨ੍ਹਾਂ ਦੀ ਦੂਰੀ ਵੀ ਵਧਣ ਲੱਗਦੀ ਹੈ। ਇਸ ਦੂਰੀ ਨੂੰ ਘਟਾਉਣ 'ਚ ਇਸ ਤਰ੍ਹਾਂ ਦੀ ਗੈਰ-ਰਸਮੀ ਛੁੱਟੀ ਵਰਗੇ ਫ਼ੈਸਲੇ ਕਾਫ਼ੀ ਮਦਦਗਾਰ ਸਾਬਤ ਹੋ ਸਕਦੇ ਹਨ।
- ਬੱਚਿਆਂ ਦੇ ਸਕੂਲ ਦਾ ਵਧਦਾ ਬੋਝ ਸਿਰਫ਼ ਉਨ੍ਹਾਂ ਦੇ ਮੋਢਿਆਂ 'ਤੇ ਹੀ ਭਾਰ ਨਹੀਂ ਪਾਉਂਦਾ, ਸਗੋਂ ਮਾਨਸਿਕ ਦਬਾਅ ਦਾ ਕਾਰਨ ਵੀ ਬਣਦਾ ਹੈ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਬੱਚੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵੀ ਦਿੰਦੇ ਹਨ। ਇਸ ਦੌਰਾਨ ਮਾਪਿਆਂ ਦੀ ਸਹੀ ਸਲਾਹ ਅਤੇ ਮਾਰਗਦਰਸ਼ਨ ਬੱਚਿਆਂ ਲਈ ਕਾਫ਼ੀ ਮਦਦਗਾਰ ਹੋ ਸਕਦਾ ਹੈ।