- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਤਕਨੀਕੀ ਯੁੱਗ ’ਚ ਜਿੱਥੇ ਮੋਬਾਈਲ ਤੇ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ, ਉੱਥੇ ਹੀ ਸਾਈਬਰ ਠੱਗਾਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਦੇ ਨਵੇਂ-ਨਵੇਂ ਢੰਗ ਲੱਭ ਲਏ ਹਨ। ਅੱਜ-ਕੱਲ੍ਹ ਹਰ ਛੋਟੇ ਵੱਡੇ ਕੰਮ ਲਈ ਅਤੇ ਦੁਕਾਨਾਂ ਉੱਤੇ ਖ਼ਰੀਦਦਾਰੀ ਕਰਨ ਵਾਸਤੇ ਗੂਗਲ ਪੇਅ, ਫੋਨ ਪੇਅ ਜਾਂ ਫਿਰ ਪੇਟੀਐੱਮਆਦਿ ਯੂਪੀਆਈ ਐਪਸ ਰਾਹੀਂ ਪੈਸਿਆਂ ਦਾ ਲੈਣ-ਦੇਣ ਆਮ ਹੋ ਚੁੱਕਿਆ ਹੈ।

ਅੱਜ ਦੇ ਤਕਨੀਕੀ ਯੁੱਗ ’ਚ ਜਿੱਥੇ ਮੋਬਾਈਲ ਤੇ ਇੰਟਰਨੈੱਟ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ, ਉੱਥੇ ਹੀ ਸਾਈਬਰ ਠੱਗਾਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਦੇ ਨਵੇਂ-ਨਵੇਂ ਢੰਗ ਲੱਭ ਲਏ ਹਨ। ਅੱਜ-ਕੱਲ੍ਹ ਹਰ ਛੋਟੇ ਵੱਡੇ ਕੰਮ ਲਈ ਅਤੇ ਦੁਕਾਨਾਂ ਉੱਤੇ ਖ਼ਰੀਦਦਾਰੀ ਕਰਨ ਵਾਸਤੇ ਗੂਗਲ ਪੇਅ, ਫੋਨ ਪੇਅ ਜਾਂ ਫਿਰ ਪੇਟੀਐੱਮਆਦਿ ਯੂਪੀਆਈ ਐਪਸ ਰਾਹੀਂ ਪੈਸਿਆਂ ਦਾ ਲੈਣ-ਦੇਣ ਆਮ ਹੋ ਚੁੱਕਿਆ ਹੈ। ਜਿਵੇਂ ਹੀ ਆਨਲਾਈਨ ਲੈਣ-ਦੇਣ ਵਧ ਰਿਹਾ ਹੈ, ਉਸੇ ਤਰ੍ਹਾਂ ਠੱਗੀ ਦੇ ਤਰੀਕੇ ਵੀ ਬਦਲ ਰਹੇ ਹਨ। ਅਜਿਹਾ ਹੀ ਨਵਾਂ ਤਰੀਕਾ ਅੱਜ-ਕੱਲ੍ਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਵਿਚ ਠੱਗ ਲੋਕਾਂ ਦੇ ਮਨ ਵਿਚ ਡਰ ਪੈਦਾ ਕਰ ਕੇ ਉਨ੍ਹਾਂ ਦੇ ਬੈਂਕ ਖਾਤੇ ਖ਼ਾਲੀ ਕਰ ਰਹੇ ਹਨ।
ਇਸ ਠੱਗੀ ਦੀ ਸ਼ੁਰੂਆਤ ਸਧਾਰਨ ਮੋਬਾਈਲ ਮੈਸੇਜ ਰਾਹੀਂ ਹੁੰਦੀ ਹੈ। ਤੁਹਾਡੇ ਫੋਨ ਉੱਤੇ ਅਚਾਨਕ ਇਕ ਮੈਸੇਜ ਆਉਂਦਾ ਹੈ ਕਿ ਤੁਹਾਡੇ ਬੈਂਕ ਖਾਤੇ ਵਿੱਚੋਂ ਦੋ ਹਜ਼ਾਰ ਜਾਂ ਚਾਰ ਹਜ਼ਾਰ ਰੁਪਏ ਕੱਟੇ ਗਏ ਹਨ ਜਾਂ ਕਈ ਵਾਰ ਇਹ ਲਿਖਿਆ ਹੁੰਦਾ ਹੈ ਕਿ ਤੁਹਾਡੇ ਖਾਤੇ ਵਿਚ ਇਹ ਰਕਮ ਜਮ੍ਹਾ ਹੋਈ ਹੈ। ਇਹ ਮੈਸੇਜ ਬਿਲਕੁਲ ਅਸਲੀ ਬੈਂਕ ਦੇ ਮੈਸੇਜ ਵਰਗਾ ਦਿਖਾਈ ਦਿੰਦਾ ਹੈ। ਜਿਵੇਂ ਹੀ ਕੋਈ ਵਿਅਕਤੀ ਇਸ ਮੈਸੇਜ ਨੂੰ ਪੜ੍ਹਦਾ ਹੈ ਤਾਂ ਉਹ ਘਬਰਾ ਜਾਂਦਾ ਹੈ ਕਿਉਂਕਿ ਉਸ ਨੇ ਅਜਿਹਾ ਕੋਈ ਲੈਣ-ਦੇਣ ਕੀਤਾ ਹੀ ਨਹੀਂ ਹੁੰਦਾ। ਇਸ ਘਬਰਾਹਟ ਵਿਚ ਉਹ ਇਹ ਦੇਖਣ ਲਈ ਕਿ ਖਾਤੇ ’ਚ ਕਿੰਨੇ ਪੈਸੇ ਬਾਕੀ ਹਨ, ਤੁਰੰਤ ਗੂਗਲ ਪੇਅ, ਫੋਨ ਪੇਅ ਜਾਂ ਪੇਟੀਐੱਮ ਵਰਗੀ ਯੂਪੀਆਈ ਐਪ ਖੋਲ੍ਹ ਕੇ ਲਾਗਇਨ ਕਰਦਾ ਹੈ। ਇਹੀ ਜਲਦਬਾਜ਼ੀ ਸਾਈਬਰ ਠੱਗਾਂ ਦੇ ਜਾਲ ਵਿਚ ਫਸਣ ਦਾ ਕਾਰਨ ਬਣ ਜਾਂਦੀ ਹੈ। ਦਰਅਸਲ ਠੱਗਾਂ ਨੇ ਪਹਿਲਾਂ ਤੋਂ ਹੀ ਪੇਮੈਂਟ ਰਿਕਵੈਸਟ ਜਾਂ ਮਾਲਵੇਅਰ ਲਿੰਕ ਦਾ ਟਰੈਪ ਲਗਾਇਆ ਹੁੰਦਾ ਹੈ। ਕਈ ਵਾਰ ਉਹ ਮੈਸੇਜ ’ਚ ਇਕ ਲਿੰਕ ਵੀ ਭੇਜਦੇ ਹਨ ਕਿ ਜੇ ਇਹ ਲੈਣ-ਦੇਣ ਤੁਸੀਂ ਨਹੀਂ ਕੀਤਾ ਤਾਂ ਲਿੰਕ ਉੱਤੇ ਕਲਿੱਕ ਕਰ ਕੇ ਸ਼ਿਕਾਇਤ ਕਰੋ। ਜਿਵੇਂ ਹੀ ਤੁਸੀਂ ਐਪ ਖੋਲ੍ਹਦੇ ਹੋ ਜਾਂ ਉਸ ਲਿੰਕ ਉੱਤੇ ਜਾਂਦੇ ਹੋ, ਸਕ੍ਰੀਨ ਉੱਤੇ ਇਕ ਪੌਪਅੱਪ ਆਉਂਦਾ ਹੈ। ਘਬਰਾਹਟ ਵਿਚ ਬਿਨਾਂ ਪੜ੍ਹੇ ਯੂਪੀਆਈ ਪਿੰਨ ਦਰਜ ਕਰ ਦਿੱਤਾ ਜਾਂਦਾ ਹੈ ਤੇ ਪਿੰਨ ਭਰਦਿਆਂ ਹੀ ਖਾਤੇ ਵਿੱਚੋਂ ਸਾਰੀ ਰਕਮ ਠੱਗਾਂ ਦੇ ਖਾਤੇ ਵਿਚ ਚਲੇ ਜਾਂਦੀ ਹੈ।
ਇਸ ਤਰ੍ਹਾਂ ਦੀ ਠੱਗੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਮੇਸ਼ਾ ਸੁਚੇਤ ਰਹੋ ਤੇ ਕਿਸੇ ਵੀ ਅਣਪਛਾਤੇ ਮੈਸੇਜ ਨੂੰ ਦੇਖ ਕੇ ਕਦੇ ਨਾ ਘਬਰਾਓ। ਜਦੋਂ ਵੀ ਅਜਿਹਾ ਮੈਸੇਜ ਆਵੇ ਤਾਂ ਸਭ ਤੋਂ ਪਹਿਲਾਂ ਮੈਸੇਜ ਭੇਜਣ ਵਾਲੇ ਨੰਬਰ ਦੀ ਜਾਂਚ ਕਰੋ। ਬੈਂਕ ਹਮੇਸ਼ਾ ਆਪਣੇ ਅਧਿਕਾਰਤ ਹੈਡਰ ਤੋਂ ਹੀ ਮੈਸੇਜ ਭੇਜਦੇ ਹਨ, ਕਿਸੇ ਨਿੱਜੀ ਮੋਬਾਈਲ ਨੰਬਰ ਤੋਂ ਨਹੀਂ। ਮੈਸੇਜ ਵਿਚ ਦਿੱਤੇ ਕਿਸੇ ਵੀ ਸ਼ੱਕੀ ਲਿੰਕ ਉੱਤੇ ਕਲਿੱਕ ਨਾ ਕਰੋ ਤੇ ਨਾ ਹੀ ਕਿਸੇ ਅਣਜਾਣ ਵਿਅਕਤੀ ਦੇ ਕਹਿਣ ਉੱਤੇ ਕੋਈ ਸਕ੍ਰੀਨ ਸ਼ੇਅਰਿੰਗ ਐਪ ਡਾਊਨਲੋਡ ਕਰੋ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਟਰਾਂਜੈਕਸ਼ਨ ਮੈਸੇਜ ਆਉਣ ਤੋਂ ਬਾਅਦ ਤੁਰੰਤ ਬੈਲੇਂਸ ਚੈੱਕ ਨਾ ਕਰੋ। ਜੇ ਕਿਸੇ ਕਾਰਨ ਤੁਹਾਨੂੰ ਸ਼ੱਕੀ ਹਾਲਾਤ ਵਿਚ ਐਪ ਖੋਲ੍ਹਣੀ ਵੀ ਪਵੇ ਤਾਂ ਇਕ ਵਾਰ ਗ਼ਲਤ ਪਿੰਨ ਭਰੋ ਕਿਉਂਕਿ ਜੇ ਪਿੱਛੇ ਕੋਈ ਪੇਮੈਂਟ ਰਿਕਵੈਸਟ ਦਾ ਟਰੈਪ ਹੋਇਆ ਤਾਂ ਗ਼ਲਤ ਪਿੰਨ ਕਾਰਨ ਪੈਸੇ ਕੱਟਣ ਤੋਂ ਬਚ ਜਾਣਗੇ। ਯਾਦ ਰੱਖੋ ਕਿ ਯੂਪੀਆਈ ਪਿੰਨ ਸਿਰਫ਼ ਪੈਸੇ ਭੇਜਣ ਲਈ ਹੁੰਦਾ ਹੈ, ਪੈਸੇ ਲੈਣ ਲਈ ਕਦੇ ਵੀ ਪਿੰਨ ਭਰਨ ਦੀ ਲੋੜ ਨਹੀਂ ਹੁੰਦੀ। ਜੇ ਖਾਤੇ ਬਾਰੇ ਸ਼ੱਕ ਹੋਵੇ ਤਾਂ ਸਿੱਧਾ ਬੈਂਕ ਸ਼ਾਖਾ ਨਾਲ ਸੰਪਰਕ ਕਰੋ ਜਾਂ ਨੈੱਟ ਬੈਂਕਿੰਗ ਰਾਹੀਂ ਸਟੇਟਮੈਂਟ ਦੇਖੋ। ਜੇ ਤੁਹਾਡੇ ਨਾਲ ਕੋਈ ਧੋਖਾਧੜੀ ਹੋ ਜਾਵੇ ਤਾਂ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ਉੱਤੇ ਕਾਲ ਕਰੋ ਜਾਂ ਸਾਈਬਰ ਕ੍ਰਾਈਮ ਦੀ ਵੈੱਬਸਾਈਟ ਉੱਤੇ ਸ਼ਿਕਾਇਤ ਦਰਜ ਕਰਵਾਓ। ਤੁਹਾਡੀ ਸਮਝਦਾਰੀ ਤੇ ਜਾਗਰੂਕਤਾ ਹੀ ਸਾਈਬਰ ਠੱਗਾਂ ਤੋਂ ਤੁਹਾਡੇ ਪੈਸੇ ਸੁਰੱਖਿਅਤ ਰੱਖ ਸਕਦੀ ਹੈ।
- ਚਾਨਣਦੀਪ ਸਿੰਘ ਔਲਖ