- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁੱਖਾਂ ਦੀ ਲਗਾਤਾਰ ਬਰਬਾਦੀ ਦੇ ਸਿੱਟੇ ਵਜੋਂ ਧਰਤੀ ਰੁੰਡ-ਮਰੁੰਡ ਹੁੰਦੀ ਜਾ ਰਹੀ ਹੈ ਤੇ ਭੌਂ-ਖੋਰ ਦੇ ਸਿੱਟੇ ਵਜੋਂ ਉਪਜਾਊ ਭੂਮੀ ਬੰਜਰ ਬਣਦੀ ਜਾ ਰਹੀ ਹੈ। ਮਨੁੱਖ ਦੇ ਜਿਊਣ ਲਈ ਸਭ ਤੋਂ ਵੱਡੀ ਲੋੜ ਹਵਾ ਦੀ ਹੈ। ਰੁੱਖ ਸਾਨੂੰ ਸ਼ੁੱਧ ਤੇ ਤਾਜ਼ੀ ਆਕਸੀਜਨ ਦਿੰਦੇ ਹਨ, ਜੋ ਮਨੁੱਖ ਲਈ ਜੀਵਨਦਾਨ ਹੈ।

ਧਰਤੀ ਨੂੰ ਰਹਿਣਯੋਗ ਬਣਾਈ ਰੱਖਣ ਤੇ ਵਾਤਾਵਰਣ ਦੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਰੁੱਖਾਂ ਦੇ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਹੀ ਅਰਥਾਂ ’ਚ ਰੁੱਖ ਤਾਂ ਧਰਤੀ ਦਾ ਸ਼ਿੰਗਾਰ ਹੁੰਦੇ ਹਨ। ਜਿਵੇਂ ਕੋਈ ਰੂਪਵਤੀ ਮੁਟਿਆਰ ਆਪਣੇ ਹੁਸਨ ਨੂੰ ਚਾਰ-ਚੰਨ ਲਾਉਣ ਲਈ ਗਹਿਣਿਆਂ ਸਮੇਤ ਕਈ ਤਰ੍ਹਾਂ ਦੇ ਸ਼ਿੰਗਾਰ ਕਰ ਕੇ ਆਪਣੇ ਹੁਸਨ ਦਾ ਜਲਵਾ ਬਿਖੇਰਦੀ ਹੈ, ਉਸੇ ਤਰ੍ਹਾਂ ਹੀ ਧਰਤੀ ਉੱਤੇ ਠੰਢੀਆਂ ਮਿੱਠੀਆਂ ਛਾਵਾਂ ਦਿੰਦੇ ਸੰਘਣੇ ਰੁੱਖ, ਫਲਾਂ ਨਾਲ ਲੱਦੇ ਆਪਣੀ ਖ਼ੂਬਸੂਰਤੀ ਦਾ ਪ੍ਰਗਟਾਵਾ ਕਰਦੇ ਰੁੱਖ, ਰੰਗ-ਬਿਰੰਗੇ ਫੁੱਲਾਂ ਨਾਲ ਲੱਦੇ ਖ਼ੂਬਸੂਰਤੀ ਤੇ ਤਾਜ਼ਗੀ ਬਖਸ਼ਦੇ ਅਨੇਕਾਂ ਅਨੇਕਾਂ ਪ੍ਰਕਾਰ ਦੇ ਰੁੱਖ ਬੂਟੇ ਧਰਤੀ ਦਾ ਸ਼ਿੰਗਾਰ ਹੀ ਤਾਂ ਹਨ। ਰੁੱਖਾਂ ਤੋਂ ਸੱਖਣੀ ਧਰਤੀ ਦਾ ਕਿਆਸ ਕਰ ਕੇ ਦੇਖੋ ਜ਼ਰਾ, ਦੂਰ ਤੱਕ ਵੀਰਾਨੀ ਪਸਰੀ ਨਜ਼ਰ ਆਉਂਦੀ ਹੈ। ਜੇ ਘਰ ਦੇ ਵਿਹੜੇ ’ਚ ਕੋਈ ਰੁੱਖ ਹੋਵੇ ਤਾਂ ਠੰਢੀ ਮਿੱਠੀ ਛਾਂ ਤਾਂ ਮਿਲਦੀ ਹੀ ਹੈ, ਰੁੱਖਾਂ ਉੱਤੇ ਚਹਿਚਹਾਉਂਦੇ ਰੰਗ-ਬਿਰੰਗੇ ਪੰਛੀ ਵੀ ਮਨ ਮੋਹ ਲੈਂਦੇ ਹਨ।
ਆਖ਼ਰੀ ਸਾਹਾਂ ਤੱਕ ਨਿਭਾਉਂਦੇ ਰਹੇ ਸਾਥ
ਸੰਘਣੇ ਰੁੱਖਾਂ ਦੀ ਅਣਹੋਂਦ ਕਾਰਨ ਹੁਣ ਕੋਇਲ ਦੀ ਮਿੱਠੀ ਆਵਾਜ਼ ਵੀ ਕਦੇ ਘੱਟ-ਵੱਧ ਹੀ ਸੁਣਾਈ ਦਿੰਦੀ ਹੈ। ਚਿੜੀਆਂ ਵਿਚਾਰੀਆਂ ਤਾਂ ਸ਼ਾਇਦ ਸਾਡੇ ਨਾਲ ਰੁੱਸ ਕੇ ਚਿਰਾਂ ਦੀਆਂ ਕਿਤੇ ਦੂਰ ਉਡਾਰੀ ਮਾਰ ਗਈਆਂ ਹਨ। ਕਿਹੋ ਜਿਹੀ ਮਾਨਸਿਕਤਾ ਵਾਲਾ ਹੋ ਗਿਆ ਹੈ ਅਜੋਕਾ ਇਨਸਾਨ ਕਿ ਉਹ ਕੁਦਰਤ ਦੇ ਨੇਮਾਂ ਦੀ ਖ਼ਿਲਾਫ਼ਵਰਜ਼ੀ ਕਰਨ ਤੋਂ ਰਤਾ ਨਹੀਂ ਘਬਰਾਉਂਦਾ। ਅਸੀਂ ਕੁੜੀਆਂ ਤੋਂ ਜੰਮਣ ਦਾ ਹੱਕ ਤਾਂ ਪਹਿਲਾਂ ਹੀ ਖੋਹ ਲਿਆ ਹੈ, ਹੁਣ ਚਿੜੀਆਂ ਵੀ ਸਾਡੀ ਕਰੋਪੀ ਦਾ ਸ਼ਿਕਾਰ ਹੋ ਗਈਆਂ ਹਨ। ਸਦੀਆ ਤੋਂ ਮਨੁੱਖ ਰੁੱਖਾਂ ਦੇ ਅੰਗ-ਸੰਗ ਜੀਵਨ ਬਸਰ ਕਰਦਾ ਆ ਰਿਹਾ ਹੈ। ਧਰਤੀ ਦੇ ਆਦਿ ਕਾਲੀ ਬਸ਼ਿੰਦਿਆਂ ਦਾ ਜੀਵਨ ਤਾਂ ਸਦੀਆਂ ਤੱਕ ਦਰਿਆਵਾਂ ਦੇ ਕੰਢਿਆਂ ’ਤੇ ਸੰਘਣੇ ਜੰਗਲਾਂ ਵਿਚ ਬੀਤਿਆ। ਜੰਗਲੀ ਫੁੱਲ, ਫਲ, ਪੱਤੇ ਤੇ ਹੋਰ ਜੜ੍ਹੀ-ਬੂਟੀਆਂ ਤੇ ਜੰਗਲੀ ਜਾਨਵਰ ਹੀ ਉਸ ਦੀ ਖ਼ੁਰਾਕ ਦਾ ਹਿੱਸਾ ਬਣਦੇ ਰਹੇ। ਇੰਜ ਕੁਦਰਤ ਦੀ ਆਗੋਸ਼ ਵਿਚ ਵਿਚਰਦਾ ਮਨੁੱਖ ਕੁਦਰਤ ਤੋਂ ਭੈਅ ਖਾਂਦਾ ਸੀ। ਵਿਕਾਸ ਦੀਆਂ ਪੌੜੀਆਂ ਚੜ੍ਹਨ ਦੀ ਦੌੜ ਵਿਚ ਮਨੁੱਖ ਇਸ ਕਦਰ ਬੇਪ੍ਰਵਾਹ ਹੋ ਗਿਆ ਹੈ ਕਿ ਉਸ ਨੇ ਕੁਦਰਤੀ ਨੇਮਾਂ ਨੂੰ ਅੰਨ੍ਹੇਵਾਹ ਉਲੰਘ ਕੇ ਆਪਣੇ ਜੀਵਨ ਲਈ ਹੀ ਅਨੇਕਾਂ ਅਲਾਮਤਾਂ ਸਹੇੜ ਲਈਆਂ ਹਨ। ਹਾਲਾਂਕਿ ਰੁੱਖ ਤਾਂ ਮਨੁੱਖ ਦੇ ਜਨਮ ਤੋਂ ਲੈ ਕੇ ਆਖ਼ਰੀ ਸਾਹਾਂ ਤੱਕ ਉਸ ਦਾ ਸਾਥ ਨਿਭਾਉਂਦੇ ਰਹੇ ਹਨ।
ਯੋਜਨਾਬੱਧ ਤਰੀਕੇ ਨਾਲ ਹੋਣਾ ਚਾਹੀਦਾ ਵਿਕਾਸ
ਧਰਤੀ ਦੇ ਕਿਸੇ ਵੀ ਟੋਟੇ ਉੱਤੇ ਕੁਦਰਤੀ ਵਾਤਾਵਰਣ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਘੱਟੋ-ਘੱਟ ਤੀਜੇ ਹਿੱਸੇ ਉੱਤੇ ਜੰਗਲਾਂ ਦਾ ਹੋਣਾ ਲਾਜ਼ਮੀ ਹੈ। ਭਾਰਤ ਵਿਚ ਜੰਗਲਾਂ ਦੀ ਇਹ ਸਥਿਤੀ ਕੁੱਲ ਖੇਤਰਫਲ ਦੇ ਕੇਵਲ 24 ਫ਼ੀਸਦੀ ਰਕਬੇ ਤੋਂ ਵੀ ਘੱਟ ਹੈ। ਅੰਕੜਿਆਂ ਦੀ ਇਹ ਸਥਿਤੀ ਵੀ ਵਿਸ਼ਵਾਸਯੋਗ ਨਹੀਂ ਕਹੀ ਜਾ ਸਕਦੀ। ਪਿਛਲੇ ਕੁਝ ਸਾਲਾਂ ਵਿਚ ਜਿਹੜੇ ਖੇਤਰਾਂ ਵਿਚ ਕੁਦਰਤੀ ਜੰਗਲ ਸਨ, ਉਨ੍ਹਾਂ ਉੱਤੇ ਏਨੀ ਬੇਰਹਿਮੀ ਨਾਲ ਕੁਹਾੜਾ ਚਲਾਇਆ ਗਿਆ ਹੈ ਕਿ ਵਾਤਾਵਰਣ ਦਾ ਸੰਤੁਲਨ ਤਾਂ ਵਿਗੜਨਾ ਹੀ ਸੀ, ਉੱਥੇ ਸਦੀਆਂ ਤੋਂ ਵਸਦੇ ਲੋਕ ਜਿਨ੍ਹਾਂ ਲਈ ਜ਼ਮੀਨ ਤੇ ਜੰਗਲ ਹੀ ਸਭ ਕੁਝ ਸੀ ਵੀ, ਕੁਰਲਾ ਉੱਠੇ ਹਨ। ਸੜਕਾਂ, ਮਕਾਨਾਂ, ਉਦਯੋਗਿਕ ਕੇਂਦਰਾਂ ਤੇ ਦਿਓ-ਕੱਦ ਮਾਲਜ਼ ਦੀ ਉਸਾਰੀ ਲਈ ਬਿਨਾਂ ਕਿਸੇ ਨੀਤੀ ਤੇ ਯੋਜਨਾ ਦੇ ਰੁੱਖਾਂ ਬੂਟਿਆਂ ਨੂੰ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਪੰਜਾਬ ’ਚ ਸੜਕਾਂ ਨੂੰ ਚਾਰ-ਮਾਰਗੀ ਬਣਾਉਣ ਲਈ ਕਈ ਸੜਕਾਂ ਉਤੋਂ ਪੰਜਾਹ-ਪੰਜਾਹ ਸਾਲ ਪੁਰਾਣੇ ਰੁੱਖਾਂ ਦਾ ਵੀ ਸਫ਼ਾਇਆ ਕਰ ਦਿੱਤਾ ਗਿਆ ਹੈ। ਬਦਲ ਰਹੇ ਸਮਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸ ਹੋਣਾ ਜ਼ਰੂਰੀ ਹੈ, ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਇਹ ਵਿਕਾਸ ਯੋਜਨਾਬੱਧ ਤਰੀਕੇ ਨਾਲ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਸੇ ਮਾਤਰਾ ’ਚ ਨਵੇਂ ਰੁੱਖ ਲਗਾ ਕੇ ਇਸ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਬੰਜਰ ਬਣ ਰਹੀ ਉਪਜਾਊ ਜ਼ਮੀਨ
ਰੁੱਖਾਂ ਦੀ ਲਗਾਤਾਰ ਬਰਬਾਦੀ ਦੇ ਸਿੱਟੇ ਵਜੋਂ ਧਰਤੀ ਰੁੰਡ-ਮਰੁੰਡ ਹੁੰਦੀ ਜਾ ਰਹੀ ਹੈ ਤੇ ਭੌਂ-ਖੋਰ ਦੇ ਸਿੱਟੇ ਵਜੋਂ ਉਪਜਾਊ ਭੂਮੀ ਬੰਜਰ ਬਣਦੀ ਜਾ ਰਹੀ ਹੈ। ਮਨੁੱਖ ਦੇ ਜਿਊਣ ਲਈ ਸਭ ਤੋਂ ਵੱਡੀ ਲੋੜ ਹਵਾ ਦੀ ਹੈ। ਰੁੱਖ ਸਾਨੂੰ ਸ਼ੁੱਧ ਤੇ ਤਾਜ਼ੀ ਆਕਸੀਜਨ ਦਿੰਦੇ ਹਨ, ਜੋ ਮਨੁੱਖ ਲਈ ਜੀਵਨਦਾਨ ਹੈ। ਕਾਰਖ਼ਾਨਿਆਂ ਦਾ ਕਾਲਾ ਸੰਘਣਾ ਧੂੰਆਂ, ਫ਼ਸਲਾਂ ਲਈ ਵਰਤੀਆਂ ਜਾਂਦੀਆਂ ਕੀਟਨਾਸ਼ਕ ਜ਼ਹਿਰਾਂ ਤੇ ਵਾਹਨਾਂ ਦੁਆਰਾ ਪੈਦਾ ਹੋ ਰਹੇ ਪ੍ਰਦੂਸ਼ਣ ਨੇ ਮਨੁੱਖ ਦੇ ਸਾਹ ਲੈਣ ਵਾਲੀ ਹਵਾ ਨੂੰ ਪਲੀਤ ਕਰ ਦਿੱਤਾ ਹੈ। ਰੁੱਖ ਪ੍ਰਦੂਸ਼ਿਤ ਹਵਾ ਨੂੰ ਸ਼ੁੱਧ ਕਰਨ ’ਚ ਸਭ ਤੋਂ ਵੱਡੇ ਮਦਦਗਾਰ ਹਨ। ਨਤੀਜੇ ਵਜੋਂ ਵਾਤਾਵਰਣ ਵਿਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਗਏ ਹਨ, ਜਿਸ ਦੇ ਪ੍ਰਭਾਵ ਸਦਕਾ ਮਨੁੱਖੀ ਜੀਵਨ ਨੂੰ ਕਈ ਤਰ੍ਹਾਂ ਦੇ ਸੰਕਟਾਂ ਨਾਲ ਜੂਝਣਾ ਪੈ ਰਿਹਾ ਹੈ।
ਮਨੁੱਖੀ ਜੀਵਨ ’ਚ ਮਹੱਤਤਾ
ਮਨੁੱਖੀ ਜੀਵਨ ’ਚ ਰੁੱਖਾਂ ਦੀ ਮਹੱਤਤਾ ਦਾ ਅਨੁਮਾਨ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਕਲਕੱਤਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਖੋਜਾਂ ਰਾਹੀਂ ਇਹ ਸਿੱਟਾ ਕੱਢਿਆ ਹੈ ਕਿ ਜੇ ਇਕ ਰੁੱਖ ਦੀ ਉਮਰ ਨੂੰ ਪੰਜਾਹ ਸਾਲ ਮੰਨਿਆ ਜਾਵੇ ਤਾਂ ਉਹ ਆਪਣੇ ਜੀਵਨ ਵਿਚ ਮਨੁੱਖ ਨੂੰ 15 ਲੱਖ 70 ਹਜ਼ਾਰ ਦਾ ਲਾਭ ਦਿੰਦਾ ਹੈ। ਇਸ ਵਿਚ ਆਕਸੀਜਨ, ਪ੍ਰਦੂਸ਼ਣ ਨੂੰ ਦੂਰ ਕਰਨ ਵਿਚ ਸਹਾਇਤਾ, ਵਰਖਾ ਲਿਆਉਣ ’ਚ ਸਹਾਈ ਹੋਣਾ, ਲੱਕੜੀ ਦੇਣਾ, ਜ਼ਮੀਨ ਦੇ ਖੋਰ ਨੂੰ ਰੋਕਣਾ, ਪੰਛੀਆਂ ਲਈ ਰੈਣ-ਬਸੇਰੇ ਦਾ ਕੰਮ ਕਰਨਾ ਤੇ ਠੰਢੀ-ਮਿੱਠੀ ਛਾਂ ਦੇਣਾ ਆਦਿ ਸ਼ਾਮਲ ਹਨ। ਪੰਜਾਬ ਤਾਂ ਪਹਿਲਾਂ ਹੀ ਵਣ-ਰਹਿਤ ਪ੍ਰਦੇਸ਼ ਹੈ। ਇਥੇ ਕੁੱਲ ਖੇਤਰਫਲ ਦਾ ਕੇਵਲ 5 ਫ਼ੀਸਦੀ ਤੋਂ ਘੱਟ ਖੇਤਰ ਹੀ ਰੁੱਖਾਂ ਹੇਠ ਹੈ। ਸਾਡੇ ਸਾਹਿਤ ਤੇ ਸੱਭਿਆਚਾਰ ਵਿਚ ਰੁੱਖਾਂ ਬਾਰੇ ਅਨੇਕਾਂ ਵੇਰਵੇ ਮਿਲਦੇ ਹਨ, ਜਿਸ ਤੋਂ ਇਹ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪੁਰਾਣੇ ਪੰਜਾਬ ਦੇ ਲੋਕ ਰੁੱਖਾਂ ਨਾਲ ਕਿੰਨਾ ਪਿਆਰ ਕਰਦੇ ਸਨ। ਉਨ੍ਹਾ ਸਮਿਆਂ ਵਿਚ ਪਿੱਪਲ, ਬੋਹੜ, ਅੰਬ, ਨਿੰਮ ਤੇ ਟਾਹਲੀ ਵਰਗੇ ਰੁੱਖ ਪਿੰਡਾਂ ਦੀ ਸ਼ਾਨ ਹੁੰਦੇ ਸਨ। ਰੁੱਖ ਲਾਉਣ ਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਪਿੰਡਾਂ ’ਚ ਤਾਂ ਇਹ ਰੁੱਖ ਭਾਈਚਾਰਕ ਸਾਂਝਾਂ ਦੇ ਪ੍ਰਤੀਕ ਸਨ। ਸਾਰਾ ਸਾਰਾ ਦਿਨ ਲੋਕ ਇਨ੍ਹਾਂ ਬਾਬੇ ਰੁੱਖਾਂ ਹੇਠ ਜੁੜੇ ਖ਼ੁਸ਼ੀਆਂ, ਗ਼ਮੀਆਂ, ਹਾਸਾ-ਠੱਠਾ, ਮਨਪ੍ਰਚਾਵਾ ਤੇ ਲੋਕ-ਸਿਆਣਪਾਂ ਦੇ ਟੋਟਕੇ ਸਾਂਝੇ ਕਰਦੇ ਰਹਿੰਦੇ ਸਨ।
ਸੁਹਿਰਦਤਾ ਨਾਲ ਯਤਨਸ਼ੀਲ ਹੋਣ ਦੀ ਲੋੜ
ਜਦੋਂ ਤੱਕ ਸਮਾਜ ਦਾ ਹਰ ਵਿਅਕਤੀ ਰੁੱਖਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਨਹੀਂ ਹੁੰਦਾ, ਉਦੋਂ ਤੱਕ ਇਸ ਗੰਭੀਰ ਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਦਾ। ਸੱਚਾਈ ਇਹ ਹੈ ਕਿ ਇਹ ਕਾਰਜ ਕਿਸੇ ਇਕੱਲੇ ਕਹਿਰੇ ਦੇ ਕਰਨ ਵਾਲਾ ਨਹੀਂ ਹੈ। ਇਸ ਸਬੰਧੀ ਪੂਰੇ ਸਮਾਜ ਨੂੰ ਸੁਚੇਤ ਪੱਧਰ ’ਤੇ ਪੂਰੀ ਸੁਹਿਰਦਤਾ ਨਾਲ ਯਤਨਸ਼ੀਲ ਹੋਣ ਦੀ ਲੋੜ ਹੈ। ਕੋਈ ਵੀ ਲਹਿਰ ਉਦੋਂ ਤੱਕ ਸਫਲ ਨਹੀਂ ਹੋ ਸਕਦੀ, ਜਦੋਂ ਤੱਕ ਉਸ ਨਾਲ ਲੋਕ ਨਾ ਜੁੜਨ। ਸਰਕਾਰੀ ਪੱਧਰ ’ਤੇ ਹਰ ਸਾਲ ਵਣ ਮਹਾਉਤਸਵ ਦੀ ਰਸਮ ਪੂਰੀ ਕਰਨ ਦੀ ਪਿਰਤ ਹੈ, ਜਿਸ ਦੇ ਕੋਈ ਬਹੁਤੇ ਸਾਰਥਿਕ ਸਿੱਟੇ ਨਹੀਂ ਨਿਕਲਦੇ। ਕਈ ਸਮਾਜਸੇਵੀ ਸੰਸਥਾਵਾਂ ਵੀ ਇਸ ਖੇਤਰ ’ਚ ਜ਼ਿਕਰਯੋਗ ਕੰਮ ਕਰ ਰਹੀਆਂ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਨਾਂ ਕੇਵਲ ਵੱਡੀ ਪੱਧਰ ’ਤੇ ਰੁੱਖ ਲਾਏ ਹੀ ਹਨ ਸਗੋਂ ਸਮਾਜ ਵਿਚ ਰੁੱਖਾਂ ਪ੍ਰਤੀ ਚੇਤਨਾ ਵੀ ਪੈਦਾ ਕੀਤੀ ਹੈ।
ਮਨੁੱਖ ਤੇ ਰੁੱਖ ਦਾ ਮੁੱਢ-ਕਦੀਮੀ ਰਿਸ਼ਤਾ
ਕੁਦਰਤ ਦੇ ਸੰਤੁਲਨ ਨੁੰ ਕਾਇਮ ਰੱਖਣਾ ਬਹੁਤ ਵੱਡੀ ਲੋੜ ਹੈ। ਮਨੁੱਖ ਕੁਦਰਤ ਦੇ ਸਰਮਾਏ ਨੂੰ ਤਹਿਸ-ਨਹਿਸ ਕਰਨ ਦੇ ਰਾਹ ਤੁਰਿਆ ਹੋਇਆ ਹੈ ਤੇ ਆਪਣੇ ਲਈ ਹੀ ਸੰਕਟ ਖੜ੍ਹੇ ਕਰ ਰਿਹਾ ਹੈ। ਮਨੁੱਖ ਅਤੇ ਰੁੱਖ ਦਾ ਮੁੱਢ-ਕਦੀਮੀ ਰਿਸ਼ਤਾ ਹੈ। ਅਜੇ ਤੱਕ ਸਾਡੀ ਧਰਤੀ ਹੀ ਮਨੁੱਖ ਦੇ ਰਹਿਣ ਲਈ ਯੋਗ ਸਥਾਨ ਹੈ। ਇਸ ਧਰਤੀ ਨੂੰ ਮਨੁੱਖ ਵਾਸਤੇ ਜਿਊਣਯੋਗ ਬਣਾਈ ਰੱਖਣ ਲਈ ਮਨੁੱਖ ਤੇ ਰੁੱਖ ਦੇ ਆਪਸੀ ਰਿਸ਼ਤੇ ਨੂੰ ਹੋਰ ਪੀਡਾ ਕਰਨ ਦੀ ਲੋੜ ਹੈ। ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਰੁੱਖ ਤੇ ਮਨੁੱਖ ਦੇ ਸਦੀਵੀ ਸੰਬੰਧਾਂ ਨੂੰ ਪ੍ਰਗਟ ਕਰਦਿਆਂ ਮਾਨਵੀ ਰਿਸ਼ਤਿਆਂ ਨਾਲ ਜੋੜ ਕੇ ਇਨ੍ਹਾਂ ਦੀ ਮਹੱਤਤਾ ਦਰਸਾਈ ਹੈ :-
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ, ਮੈਂ ਰੁੱਖਾਂ ਵਿਚ ਗਾਵਾਂ,
ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਊਣ ਰੁੱਖਾਂ ਦੀਆਂ ਛਾਵਾਂ।
- ਗੁਰਬਿੰਦਰ ਸਿੰਘ ਮਾਣਕ