ਦੇਸ਼ ਦਾ ਸਭ ਤੋਂ ਅਮੀਰ ਪਿੰਡ! ਹਰ ਘਰ 'ਚ ਮਿਲੇਗਾ NRI, ਬੈਂਕਾਂ 'ਚ ਜਮ੍ਹਾਂ ਹਨ 8,000 ਕਰੋੜ ਰੁਪਏ ਤੋਂ ਵੱਧ
ਸਭ ਤੋਂ ਅਮੀਰ ਪਿੰਡ ਦੀ ਵੱਡੀ ਖਾਸੀਅਤ ਇਸ ਦੀ ਆਰਥਿਕ ਮਜ਼ਬੂਤੀ ਹੈ। ਮਾਧਾਪਰ ਪਿੰਡ 'ਚ ਕਰੀਬ 19 ਬੈਂਕ ਹਨ, ਜੋ ਕਿਸੇ ਛੋਟੇ ਸ਼ਹਿਰ 'ਚ ਵੀ ਘੱਟ ਹੀ ਦੇਖਣ ਨੂੰ ਮਿਲਦੇ ਹਨ। ਇਸ ਪਿੰਡ 'ਚ 7,600 ਤੋਂ ਵੱਧ ਪੱਕੇ ਮਕਾਨ ਵੀ ਹਨ। ਇਸ ਦੇ ਨਾਲ ਹੀ ਇੱਥੇ ਰਹਿਣ ਵਾਲੇ ਲੋਕਾਂ ਦੇ ਬੈਂਕ ਖਾਤਿਆਂ 'ਚ ਵੱਡੀ ਰਕਮ ਜਮ੍ਹਾਂ ਹੈ। ਕਈ ਰਿਪੋਰਟਾਂ ਅਨੁਸਾਰ ਇਸ ਪਿੰਡ ਦੇ ਲੋਕਾਂ ਦੇ ਬੈਂਕਾਂ 'ਚ 8,000 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹਨ।
Publish Date: Fri, 25 Sep 2026 03:26 PM (IST)
Updated Date: Fri, 25 Sep 2026 03:31 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : 'ਪਿੰਡ' ਸ਼ਬਦ ਸੁਣਦੇ ਹੀ ਅਕਸਰ ਸਾਡੇ ਜ਼ਿਹਨ 'ਚ ਕੱਚੀਆਂ ਸੜਕਾਂ, ਖੇਤੀਬਾੜੀ ਤੇ ਸੀਮਤ ਸਹੂਲਤਾਂ ਦੀ ਤਸਵੀਰ ਉੱਭਰਦੀ ਹੈ। ਪਰ ਅੱਜ ਤੁਹਾਡੀ ਇਹ ਗਲਤਫਹਿਮੀ ਦੂਰ ਹੋ ਜਾਵੇਗੀ, ਕਿਉਂਕਿ ਭਾਰਤ 'ਚ ਇਕ ਅਜਿਹਾ ਪਿੰਡ ਹੈ ਜਿਸ ਨੇ ਇਸ ਸੋਚ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇੱਥੇ ਲੋਕਾਂ ਕੋਲ ਸਿਰਫ਼ ਪੱਕੇ ਮਕਾਨ ਹੀ ਨਹੀਂ, ਸਗੋਂ ਬੈਂਕ ਖਾਤਿਆਂ 'ਚ ਕਰੋੜਾਂ ਰੁਪਏ ਵੀ ਹਨ।
ਇਹੀ ਕਾਰਨ ਹੈ ਕਿ ਇਸ ਪਿੰਡ ਨੂੰ ਦੇਸ਼ ਯਾਨੀ ਦੁਨੀਆ ਦਾ ਸਭ ਤੋਂ ਅਮੀਰ ਪਿੰਡ (World Richest Village) ਕਿਹਾ ਜਾਂਦਾ ਹੈ। ਦਰਅਸਲ ਇਸ ਪਿੰਡ ਦਾ ਨਾਮ ਮਾਧਾਪਰ ਹੈ। ਇਹ ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਸਥਿਤ ਹੈ। ਰੇਗਿਸਤਾਨ ਨੇੜੇ ਵਸੇ ਇਸ ਪਿੰਡ 'ਚ ਲੋਕਾਂ ਦਾ ਰਹਿਣ-ਸਹਿਣ ਕਿਸੇ ਹਾਈ-ਟੈਕ ਸ਼ਹਿਰ ਤੋਂ ਘੱਟ ਨਹੀਂ। ਮਾਧਾਪਰ ਦੀ ਇਸ ਬੇਹਿਸਾਬ ਖੁਸ਼ਹਾਲੀ ਤੇ ਤਰੱਕੀ ਦੀ ਚਰਚਾ ਅੱਜ ਸਿਰਫ਼ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਹੁੰਦੀ ਹੈ।
19 ਬੈਂਕ, 8,000 ਕਰੋੜ ਤੇ ਹਜ਼ਾਰਾਂ ਪੱਕੇ ਮਕਾਨ
ਦਰਅਸਲ ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਆਰਥਿਕ ਮਜ਼ਬੂਤੀ ਹੈ। ਮਾਧਾਪਰ ਪਿੰਡ 'ਚ ਕਰੀਬ 19 ਬੈਂਕ ਹਨ, ਜੋ ਕਿਸੇ ਛੋਟੇ ਸ਼ਹਿਰ 'ਚ ਵੀ ਘੱਟ ਹੀ ਦੇਖਣ ਨੂੰ ਮਿਲਦੇ ਹਨ। ਇਸ ਪਿੰਡ 'ਚ 7,600 ਤੋਂ ਵੱਧ ਪੱਕੇ ਮਕਾਨ ਵੀ ਹਨ। ਇਸ ਦੇ ਨਾਲ ਹੀ ਇੱਥੇ ਰਹਿਣ ਵਾਲੇ ਲੋਕਾਂ ਦੇ ਬੈਂਕ ਖਾਤਿਆਂ 'ਚ ਵੱਡੀ ਰਕਮ ਜਮ੍ਹਾਂ ਹੈ। ਕਈ ਰਿਪੋਰਟਾਂ ਅਨੁਸਾਰ ਇਸ ਪਿੰਡ ਦੇ ਲੋਕਾਂ ਦੇ ਬੈਂਕਾਂ 'ਚ 8,000 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹਨ।
ਇਹ ਖਾਸੀਅਤ ਇੱਥੇ ਹੀ ਨਹੀਂ ਰੁਕਦੀ। ਪਿੰਡ ਦੇ ਕਈ ਪਰਿਵਾਰ ਆਰਥਿਕ ਤੌਰ 'ਤੇ ਇੰਨੇ ਮਜ਼ਬੂਤ ਹਨ ਕਿ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਔਸਤਨ ਲੱਖਾਂ ਰੁਪਏ ਜਮ੍ਹਾਂ ਹਨ। ਇਸ ਦੇ ਨਾਲ ਹੀ ਮਾਧਾਪਰ 'ਚ ਸਕੂਲ, ਕਾਲਜ, ਹਸਪਤਾਲ, ਪਾਰਕ, ਝੀਲ, ਮੰਦਰ ਅਤੇ ਗਊਸ਼ਾਲਾ ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਵੀ ਮੌਜੂਦ ਹਨ। ਯਾਨੀ ਸਹੂਲਤਾਂ ਦੇ ਮਾਮਲੇ 'ਚ ਇਹ ਪਿੰਡ ਕਈ ਸ਼ਹਿਰਾਂ ਨੂੰ ਵੀ ਟੱਕਰ ਦੇ ਸਕਦਾ ਹੈ।
ਕਿਵੇਂ ਅਮੀਰ ਬਣਿਆ ਇਹ ਪਿੰਡ?
ਇਹ ਸਾਰੀ ਜਾਣਕਾਰੀ ਪੜ੍ਹਨ ਤੋਂ ਬਾਅਦ ਤੁਹਾਡੇ ਮਨ 'ਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਆਖ਼ਰ ਮਾਧਾਪਰ ਦੁਨੀਆ ਦਾ ਸਭ ਤੋਂ ਅਮੀਰ ਪਿੰਡ ਕਿਵੇਂ ਬਣਿਆ? ਇਸ ਪਿੰਡ ਦੇ ਅਮੀਰ ਬਣਨ ਦਾ ਸਭ ਤੋਂ ਵੱਡਾ ਕਾਰਨ ਇੱਥੋਂ ਦੇ ਲੋਕਾਂ ਦਾ ਵਿਦੇਸ਼ਾਂ ਨਾਲ ਜੁੜਾਅ ਹੈ। ਦਰਅਸਲ ਕਰੀਬ 80 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੇ ਵੱਡੀ ਗਿਣਤੀ 'ਚ ਲੋਕ ਕਈ ਦਹਾਕੇ ਪਹਿਲਾਂ ਰੁਜ਼ਗਾਰ ਅਤੇ ਕਾਰੋਬਾਰ ਲਈ ਵਿਦੇਸ਼ ਚਲੇ ਗਏ ਸਨ। ਅੱਜ ਪਿੰਡ ਦੇ ਲਗਭਗ 65 ਫ਼ੀਸਦੀ ਪਰਿਵਾਰਾਂ ਦਾ ਸਬੰਧ NRI ਨਾਲ ਜੁੜਿਆ ਹੈ।
ਇਨ੍ਹਾਂ 'ਚੋਂ ਕਈ ਲੋਕ ਬ੍ਰਿਟੇਨ, ਅਮਰੀਕਾ, ਅਫਰੀਕਾ ਅਤੇ ਖਾੜੀ (ਗਲਫ਼) ਦੇਸ਼ਾਂ 'ਚ ਰਹਿੰਦੇ ਹਨ। ਵਿਦੇਸ਼ਾਂ 'ਚ ਰਹਿ ਕੇ ਇਹ ਲੋਕ ਨਿਯਮਿਤ ਤੌਰ 'ਤੇ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਹਨ, ਜਿਸ ਕਾਰਨ ਪਿੰਡ ਦੀ ਆਰਥਿਕ ਸਥਿਤੀ ਲਗਾਤਾਰ ਮਜ਼ਬੂਤ ਹੁੰਦੀ ਗਈ। ਇੰਨਾ ਹੀ ਨਹੀਂ, ਕਈ NRI ਸਾਲਾਂ ਤੱਕ ਵਿਦੇਸ਼ 'ਚ ਸਫਲ ਕਾਰੋਬਾਰ ਕਰਨ ਤੋਂ ਬਾਅਦ ਵਾਪਸ ਮਾਧਾਪਰ ਪਰਤ ਆਏ ਹਨ।
ਇਸ ਪਿੰਡ ਦੇ ਲੋਕਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਮੰਨੀ ਜਾਂਦੀ ਹੈ ਕਿ ਵਿਦੇਸ਼ਾਂ 'ਚ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪਿੰਡ ਨਾਲ ਰਿਸ਼ਤਾ ਨਹੀਂ ਛੱਡਿਆ। ਇਸ ਸੋਚ ਨੂੰ ਮਜ਼ਬੂਤ ਕਰਨ ਲਈ 1968 'ਚ ਲੰਡਨ 'ਚ ‘ਮਾਧਾਪਰ ਵਿਲੇਜ ਐਸੋਸੀਏਸ਼ਨ’ ਦੀ ਸਥਾਪਨਾ ਕੀਤੀ ਗਈ ਸੀ। ਇਸ ਸੰਗਠਨ ਦਾ ਸਭ ਤੋਂ ਵੱਡਾ ਉਦੇਸ਼ ਵਿਦੇਸ਼ਾਂ 'ਚ ਰਹਿਣ ਵਾਲੇ ਪਿੰਡ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜ ਕੇ ਰੱਖਣਾ ਸੀ। ਬਾਅਦ 'ਚ ਇਸ ਦਾ ਇੱਕ ਦਫ਼ਤਰ ਮਾਧਾਪਰ 'ਚ ਵੀ ਖੋਲ੍ਹਿਆ ਗਿਆ।
ਕਿੱਥੋਂ ਹੁੰਦੀ ਹੈ ਕਮਾਈ?
ਇੰਨੀ ਬੇਹਿਸਾਬ ਦੌਲਤ ਹੋਣ ਦੇ ਬਾਵਜੂਦ ਮਾਧਾਪਰ ਦੇ ਲੋਕਾਂ ਨੇ ਆਪਣੀ ਮਿੱਟੀ ਅਤੇ ਪਰੰਪਰਾਵਾਂ ਨਾਲ ਨਾਤਾ ਨਹੀਂ ਤੋੜਿਆ ਹੈ। ਅੱਜ ਵੀ ਇਸ ਪਿੰਡ 'ਚ ਰੋਜ਼ੀ-ਰੋਟੀ ਦਾ ਮੁੱਖ ਆਧਾਰ ਖੇਤੀਬਾੜੀ ਹੀ ਹੈ। ਇੱਥੇ ਪੈਦਾ ਹੋਣ ਵਾਲੇ ਖੇਤੀ ਉਤਪਾਦ ਮੁੰਬਈ ਸਮੇਤ ਦੇਸ਼ ਦੇ ਕਈ ਵੱਡੇ ਮਹਾਨਗਰਾਂ 'ਚ ਸਪਲਾਈ ਕੀਤੇ ਜਾਂਦੇ ਹਨ।