- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Indus River ਦਾ ਉਦਗਮ ਸਥਾਨ ਤਿੱਬਤ ਹੈ। ਇਹ ਮਾਨਸਰੋਵਰ ਝੀਲ ਦੇ ਨੇੜੇ ਮੌਜੂਦ ਕੈਲਾਸ਼ ਪਰਬਤ ਰੇਂਜ ਦੇ 'ਬੋਖਰ-ਚੂ' ਗਲੇਸ਼ੀਅਰ ਤੋਂ ਨਿਕਲਦੀ ਹੈ। ਤਿੱਬਤੀ ਭਾਸ਼ਾ ਵਿੱਚ ਇਸ ਨੂੰ ਇੱਕ ਬਹੁਤ ਹੀ ਰੋਚਕ ਨਾਂ ਦਿੱਤਾ ਗਿਆ ਹੈ—'ਸਿੰਗੀ ਖੰਬਨ', ਜਿਸ ਦਾ ਅਰਥ 'ਸ਼ੇਰ ਦਾ ਮੁੱਖ' ਹੁੰਦਾ ਹੈ।

ਲਾਇਫਸਟਾਈਲ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਤੇ ਭਾਰਤ ਵਿਚਕਾਰ ਕਈ ਚੀਜ਼ਾਂ ਸਾਂਝੀਆਂ ਹਨ ਤੇ ਇਨ੍ਹਾਂ ਵਿੱਚੋਂ ਹੀ ਇਕ ਹੈ ਵਿਸ਼ਾਲ ਨਦੀ। ਕੀ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ 'ਚ ਵਹਿਣ ਵਾਲੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਇਹ ਨਦੀ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਦਾ ਅਹਿਮ ਹਿੱਸਾ ਸਾਡੇ ਭਾਰਤ ਦੇ ਦੋ ਜ਼ਿਲ੍ਹਿਆਂ ਤੋਂ ਹੋ ਕੇ ਵੀ ਗੁਜ਼ਰਦਾ ਹੈ।
ਦੱਸ ਦੇਈਏ, ਇਹ ਕੋਈ ਹੋਰ ਨਹੀਂ, ਸਗੋਂ 'ਸਿੰਧੂ ਨਦੀ' (Indus River) ਹੈ। ਆਓ, ਏਸ਼ੀਆ ਦੀਆਂ ਸਭ ਤੋਂ ਲੰਬੀਆਂ ਨਦੀਆਂ 'ਚ ਸ਼ੁਮਾਰ ਸਿੰਧੂ ਨਦੀ ਦੇ ਉਦਗਮ, ਇਸ ਦੇ ਸਫ਼ਰ ਤੇ ਇਤਿਹਾਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ 'ਤੇ ਨਜ਼ਰ ਮਾਰਦੇ ਹਾਂ।
ਸਿੰਧੂ ਨਦੀ ਦਾ ਉਦਗਮ ਸਥਾਨ ਤਿੱਬਤ ਹੈ। ਇਹ ਮਾਨਸਰੋਵਰ ਝੀਲ ਦੇ ਨੇੜੇ ਮੌਜੂਦ ਕੈਲਾਸ਼ ਪਰਬਤ ਰੇਂਜ ਦੇ 'ਬੋਖਰ-ਚੂ' ਗਲੇਸ਼ੀਅਰ ਤੋਂ ਨਿਕਲਦੀ ਹੈ। ਤਿੱਬਤੀ ਭਾਸ਼ਾ 'ਚ ਇਸ ਨੂੰ ਬਹੁਤ ਹੀ ਰੋਚਕ ਨਾਂ ਦਿੱਤਾ ਗਿਆ ਹੈ—'ਸਿੰਗੀ ਖੰਬਨ', ਜਿਸ ਦਾ ਅਰਥ 'ਸ਼ੇਰ ਦਾ ਮੁੱਖ' ਹੁੰਦਾ ਹੈ।
ਇਸ ਨਦੀ ਦਾ ਕੁੱਲ ਸਫ਼ਰ 3,180 ਕਿਲੋਮੀਟਰ ਦਾ ਹੈ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਇਹ ਨਦੀ 1,114 ਕਿਲੋਮੀਟਰ ਤਕ ਵਹਿੰਦੀ ਹੈ। ਸਿੰਧੂ ਨਦੀ ਦਾ ਜਲਗ੍ਰਹਿਣ ਖੇਤਰ ਕਾਫ਼ੀ ਵਿਸ਼ਾਲ ਹੈ। ਇਹ ਕੁੱਲ 11.65 ਲੱਖ ਵਰਗ ਕਿਲੋਮੀਟਰ 'ਚ ਫੈਲਿਆ ਹੈ ਜਿਸ ਦਾ ਲਗਪਗ 3.21 ਲੱਖ ਵਰਗ ਕਿਲੋਮੀਟਰ ਹਿੱਸਾ ਭਾਰਤੀ ਸਰਹੱਦ ਦੇ ਅੰਦਰ ਆਉਂਦਾ ਹੈ। ਖੇਤੀਬਾੜੀ ਤੇ ਸਿੰਚਾਈ ਦੇ ਲਿਹਾਜ਼ ਨਾਲ ਇਹ ਨਦੀ ਕਾਫੀ ਮਾਅਨੇ ਰੱਖਦੀ ਹੈ।
ਤਿੱਬਤ ਤੋਂ ਨਿਕਲਣ ਤੋਂ ਬਾਅਦ ਇਹ ਨਦੀ ਉੱਤਰ-ਪੱਛਮ ਵੱਲ ਆਪਣਾ ਰੁਖ਼ ਕਰਦੀ ਹੈ। ਸਿੰਧੂ ਨਦੀ ਲਦਾਖ ਦੇ 'ਦਮਚੋਕ' ਇਲਾਕੇ ਤੋਂ ਭਾਰਤ 'ਚ ਦਾਖਲ ਹੁੰਦੀ ਹੈ। ਇਸ ਤੋਂ ਬਾਅਦ ਇਹ ਲੇਹ ਤੇ ਕਾਰਗਿਲ, ਇਨ੍ਹਾਂ ਦੋ ਜ਼ਿਲ੍ਹਿਆਂ ਦੇ ਵਿਚਕਾਰੋਂ ਵਹਿੰਦੀ ਹੋਈ ਅੱਗੇ ਵਧਦੀ ਹੈ।
ਭਾਰਤ ਤੋਂ ਬਾਅਦ ਇਹ ਨਦੀ ਚਿੱਲਾਸ ਰਸਤੇ ਪਾਕਿਸਤਾਨ ਦੇ ਗਿਲਗਿਤ-ਬਾਲਟਿਸਤਾਨ 'ਚ ਪ੍ਰਵੇਸ਼ ਕਰਦੀ ਹੈ। ਇਸ ਤੋਂ ਬਾਅਦ ਨਦੀ ਦਾ ਵਹਾਅ ਦੱਖਣ ਦਿਸ਼ਾ ਵੱਲ ਮੁੜ ਜਾਂਦਾ ਹੈ ਤੇ ਆਖਰਕਾਰ ਕਰਾਚੀ ਸ਼ਹਿਰ ਨੇੜੇ ਇਕ ਵੱਡਾ ਡੈਲਟਾ ਬਣਾ ਕੇ ਇਹ ਅਰਬ ਸਾਗਰ 'ਚ ਸਮਾ ਜਾਂਦੀ ਹੈ।
ਆਪਣੇ ਲੰਬੇ ਸਫ਼ਰ 'ਚ ਸਿੰਧੂ ਨਦੀ ਕਈ ਹੋਰ ਨਦੀਆਂ ਨੂੰ ਖੁਦ 'ਚ ਸਮੇਟ ਲੈਂਦੀ ਹੈ।
ਖੱਬੇ ਪਾਸੇ ਤੋਂ ਜੁੜਨ ਵਾਲੀਆਂ ਨਦੀਆਂ: ਇਨ੍ਹਾਂ ਵਿਚ ਚਨਾਬ ਨਦੀ, ਸਤਲੁਜ ਤੇ ਜੇਹਲਮ ਪ੍ਰਮੁੱਖ ਹਨ। ਇਸ ਦੇ ਨਾਲ ਹੀ ਬਿਆਸ, ਰਾਵੀ, ਸੁਰੂ ਤੇ ਜ਼ਾਂਸਕਰ ਨਦੀਆਂ ਵੀ ਇਸੇ ਪਾਸੇ ਤੋਂ ਸਿੰਧੂ 'ਚ ਮਿਲਦੀਆਂ ਹਨ।
ਸੱਜੇ ਪਾਸੇ ਤੋਂ ਜੁੜਨ ਵਾਲੀਆਂ ਨਦੀਆਂ: ਹੁੰਜ਼ਾ, ਸ਼ਯੋਕ, ਗਿਲਗਿਤ, ਕਾਬੁਲ, ਸਵਾਤ, ਗੋਮਲ ਤੇ ਕੁੱਰਮ ਨਦੀਆਂ ਸੱਜੇ ਪਾਸਿਓਂ ਆ ਕੇ ਸਿੰਧੂ ਨਦੀ ਦਾ ਹਿੱਸਾ ਬਣਦੀਆਂ ਹਨ।
ਨਦੀਆਂ ਦੇ ਪਾਣੀ ਦੀ ਵਰਤੋਂ ਨੂੰ ਲੈ ਕੇ ਸਾਲ 1960 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਅਹਿਮ ਸੰਧੀ ਹੋਈ ਸੀ। ਵਿਸ਼ਵ ਬੈਂਕ ਦੀ ਵਿਚੋਲਗੀ 'ਚ ਹੋਏ ਇਸ ਸਮਝੌਤੇ ਨੂੰ 'ਸਿੰਧੂ ਜਲ ਸੰਧੀ' (Indus Waters Treaty) ਕਿਹਾ ਜਾਂਦਾ ਹੈ।
ਇਸ ਸੰਧੀ ਅਨੁਸਾਰ, ਬਿਆਸ, ਰਾਵੀ ਤੇ ਸਤਲੁਜ ਦੇ ਪਾਣੀ 'ਤੇ ਪੂਰਾ ਅਧਿਕਾਰ ਭਾਰਤ ਦਾ ਹੈ। ਉੱਥੇ ਹੀ, ਚਨਾਬ, ਜੇਹਲਮ ਤੇ ਸਿੰਧੂ ਨਦੀ ਦੇ ਪਾਣੀ ਦਾ ਜ਼ਿਆਦਾ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਹੈ। ਹਾਲਾਂਕਿ, ਭਾਰਤ ਕੁਝ ਸ਼ਰਤਾਂ ਨਾਲ ਇਨ੍ਹਾਂ ਨਦੀਆਂ ਦੇ ਪਾਣੀ ਦੀ ਵਰਤੋਂ ਬਿਜਲੀ ਬਣਾਉਣ, ਸਿੰਚਾਈ ਤੇ ਖੇਤੀ ਲਈ ਕਰ ਸਕਦਾ ਹੈ। ਸਮੇਂ-ਸਮੇਂ 'ਤੇ ਇਸ ਸਮਝੌਤੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਮਤਭੇਦ ਵੀ ਸਾਹਮਣੇ ਆਉਂਦੇ ਰਹੇ ਹਨ।