- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਦੌਰ ’ਚ ਜੇ ਕੋਈ ਵਿਅਕਤੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੱਬ ਦਾ ਨਾਂ ਲੈਣ ਦੀ ਬਜਾਏ ਆਪਣੇ ਮੋਬਾਈਲ ਦੀ ਸਕ੍ਰੀਨ ’ਤੇ ਉਂਗਲ ਮਾਰਦਾ ਹੈ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਅਸੀਂ ਅਜਿਹੇ ਗੁੰਝਲਦਾਰ ਡਿਜੀਟਲ ਯੁੱਗ ’ਚ ਜੀਅ ਰਹੇ ਹਾਂ, ਜਿੱਥੇ ਇਨਸਾਨ ਸਾਹ ਬਾਅਦ ਵਿਚ ਲੈਂਦਾ ਹੈ ਤੇ ਆਪਣੇ ਫੋਨ ਦਾ ਨੋਟੀਫਿਕੇਸ਼ਨ ਪਹਿਲਾਂ ਚੈੱਕ ਕਰਦਾ ਹੈ।

ਅੱਜ ਦੇ ਦੌਰ ’ਚ ਜੇ ਕੋਈ ਵਿਅਕਤੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੱਬ ਦਾ ਨਾਂ ਲੈਣ ਦੀ ਬਜਾਏ ਆਪਣੇ ਮੋਬਾਈਲ ਦੀ ਸਕ੍ਰੀਨ ’ਤੇ ਉਂਗਲ ਮਾਰਦਾ ਹੈ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਅਸੀਂ ਅਜਿਹੇ ਗੁੰਝਲਦਾਰ ਡਿਜੀਟਲ ਯੁੱਗ ’ਚ ਜੀਅ ਰਹੇ ਹਾਂ, ਜਿੱਥੇ ਇਨਸਾਨ ਸਾਹ ਬਾਅਦ ਵਿਚ ਲੈਂਦਾ ਹੈ ਤੇ ਆਪਣੇ ਫੋਨ ਦਾ ਨੋਟੀਫਿਕੇਸ਼ਨ ਪਹਿਲਾਂ ਚੈੱਕ ਕਰਦਾ ਹੈ। ਇਸੇ ਕਰਕੇ ਅੱਜ-ਕੱਲ੍ਹ ਹਰ ਦੂਜਾ ਇਨਸਾਨ ਸੋਸ਼ਲ ਮੀਡੀਆ ਦੇ ਕਿਸੇ ਨਾ ਕਿਸੇ ਪਲੇਟਫਾਰਮ ’ਤੇ ਡਿਜੀਟਲ ਬਾਬਾ ਬਣਿਆ ਫਿਰਦਾ ਹੈ, ਜਿਸ ਦਾ ਮੁੱਖ ਕੰਮ ਦੁਨੀਆ ਨੂੰ ਇਹ ਦਿਖਾਉਣਾ ਹੈ ਕਿ ਉਹ ਕਿੰਨਾ ਖ਼ੁਸ਼, ਅਮੀਰ ਤੇ ਸਫਲ ਹੈ, ਭਾਵੇਂ ਅੰਦਰੋਂ ਉਸ ਦੀ ਅਸਲ ਜ਼ਿੰਦਗੀ ਦਾ ‘ਰੀਲ ਦਾ ਰਾਇਤਾ’ ਬੁਰੀ ਤਰ੍ਹਾਂ ਫੈਲਿਆ ਹੋਵੇ।
ਜਿਊਣ ਦਾ ਬਦਲਿਆ ਤਰੀਕਾ
ਜੇ ਅਸੀਂ ਆਧੁਨਿਕ ਜੀਵਨਸ਼ੈਲੀ ’ਤੇ ਡੂੰਘੀ ਨਜ਼ਰ ਮਾਰੀਏ ਤਾਂ ਸਾਫ਼ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਇਸ ਭੂਤ ਨੇ ਸਾਡੇ ਸੋਚਣ, ਸਮਝਣ, ਖਾਣ-ਪੀਣ ਅਤੇ ਜਿਊਣ ਦਾ ਤਰੀਕਾ ਹੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਕਿਉਂਕਿ ਪਹਿਲਾਂ ਲੋਕ ਕਿਸੇ ਚੰਗੇ ਰੈਸਟੋਰੈਂਟ ਜਾਂ ਢਾਬੇ ਵਿਚ ਇਸ ਲਈ ਜਾਂਦੇ ਸਨ ਤਾਂ ਜੋ ਪਰਿਵਾਰ, ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਬੈਠ ਕੇ ਸੁਆਦੀ ਰੋਟੀ ਖਾਧੀ ਜਾ ਸਕੇ ਤੇ ਦੋ ਪਲ ਸਕੂਨ ਦੇ ਬਿਤਾਉਂਦਿਆਂ ਆਪਸੀ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕੇ ਪਰ ਅੱਜ-ਕੱਲ੍ਹ ਮਾਹੌਲ ਬਿਲਕੁਲ ਉਲਟ ਚੁੱਕਿਆ ਹੈ ਤੇ ਲੋਕ ਰੈਸਟੋਰੈਂਟ ਵਿਚ ਰੋਟੀ ਖਾਣ ਜਾਂ ਭੁੱਖ ਮਿਟਾਉਣ ਨਹੀਂ ਜਾਂਦੇ ਸਗੋਂ ਰੋਟੀ ਦੀ ਫੋਟੋ ਖਿੱਚ ਕੇ ਕੈਮਰੇ ਨੂੰ ਡਰਾਉਣ ਤੇ ਆਪਣੇ ਫਾਲੋਅਰਜ਼ ਦੇ ਸਾਹਮਣੇ ‘ਦਿਖਾਵਾ ਅਨਲਿਮਟਿਡ’ ਕਰਨ ਜਾਂਦੇ ਹਨ, ਜਿਸ ਦੇ ਚੱਕਰ ਵਿਚ ਜਦੋਂ ਤੱਕ ਗਰਮ-ਗਰਮ ਸਬਜ਼ੀ, ਕੜਾਹੀ ਪਨੀਰ ਜਾਂ ਚੀਜ਼ ਬਰਗਰ ਦੀ ਫੋਟੋ ਵੱਖ-ਵੱਖ ਐਂਗਲਾਂ ਤੋਂ ਖਿੱਚ ਕੇ ਇੰਸਟਾਗ੍ਰਾਮ ਦੀ ‘ਸਟੋਰੀ’ ਜਾਂ ਸਨੈਪਚੈਟ ’ਤੇ ਅਪਲੋਡ ਨਾ ਹੋ ਜਾਵੇ, ਉਦੋਂ ਤੱਕ ਖਾਣੇ ਨੂੰ ਹੱਥ ਲਗਾਉਣਾ ਬਹੁਤ ਵੱਡਾ ਪਾਪ ਸਮਝਿਆ ਜਾਂਦਾ ਹੈ ਤੇ ਕਈ ਵਾਰ ਤਾਂ ਫੋਟੋ ਖਿੱਚਣ, ਸਹੀ ਫਿਲਟਰ ਲਗਾਉਣ, ਚਮਕਦਾਰ ਹੈਸ਼ਟੈਗ ਲੱਭਣ ਤੇ ਵਧੀਆ ਲੋਕੇਸ਼ਨ ਟੈਗ ਕਰਨ ਦੇ ਚੱਕਰ ਵਿੱਚ ਮੇਜ਼ ’ਤੇ ਪਿਆ ਖਾਣਾ ਬਿਲਕੁਲ ਠੰਢਾ ਤੇ ਬੇਸੁਆਦਾ ਹੋ ਜਾਂਦਾ ਹੈ ਪਰ ਬੰਦੇ ਦਾ ਡਿਜੀਟਲ ਦਿਖਾਵਾ ਠੰਢਾ ਨਹੀਂ ਹੁੰਦਾ। ਖਾਣੇ ਦਾ ਸੁਆਦ ਇਨਸਾਨ ਦੀ ਆਪਣੀ ਜੀਭ ਨੂੰ ਆਵੇ ਜਾਂ ਨਾ ਆਵੇ ਪਰ ਉਸ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ‘ਸੁਆਦ’ ਆਉਣਾ ਅਤੇ ਦੂਜਿਆਂ ਦੀਆਂ ਅੱਖਾਂ ਚੁੰਧਿਆਉਣਾ ਬਹੁਤ ਲਾਜ਼ਮੀ ਹੋ ਗਿਆ ਹੈ।
ਰਿਸ਼ਤਿਆਂ ਨੂੰ ਕੀਤਾ ਪ੍ਰਭਾਵਿਤ
ਇਸ ਸੋਸ਼ਲ ਮੀਡੀਆ ਦੇ ਭੂਤ ਨੇ ਸਾਡੇ ਖ਼ੂਨ ਦੇ ਰਿਸ਼ਤਿਆਂ, ਦੋਸਤੀਆਂ ਤੇ ਪਰਿਵਾਰਕ ਸਾਂਝਾਂ ਨੂੰ ਵੀ ਬੁਰੀ ਤਰ੍ਹਾਂ ਖੋਖਲਾ ਤੇ ਪ੍ਰਭਾਵਿਤ ਕਰ ਦਿੱਤਾ ਹੈ ਕਿਉਂਕਿ ਅੱਜ-ਕੱਲ੍ਹ ਪਿਆਰ, ਸਤਿਕਾਰ ਤੇ ਹਮਦਰਦੀ ਦਿਲਾਂ ਵਿਚ ਘੱਟ ਤੇ ਸੋਸ਼ਲ ਮੀਡੀਆ ਦੀਆਂ ਪੋਸਟਾਂ, ਸਟੇਟਸਾਂ ਤੇ ਸਟੋਰੀਆਂ ’ਚ ਜ਼ਿਆਦਾ ਦਿਖਾਈ ਦਿੰਦੀ ਹੈ। ਉਦਾਹਰਨ ਵਜੋਂ ਜੇ ਘਰ ਵਿਚ ਮਾਂ ਦਾ ਜਨਮਦਿਨ ਹੋਵੇ, ਤਾਂ ਉਸ ਦੇ ਪੈਰੀਂ ਹੱਥ ਲਾ ਕੇ ਜਾਂ ਉਸ ਨੂੰ ਜੱਫੀ ਪਾ ਕੇ ਸਿੱਧੇ ਤੌਰ ’ਤੇ ਵਧਾਈ ਦੇਣ ਅਤੇ ਉਸ ਦੀ ਸੇਵਾ ਕਰਨ ਦੀ ਬਜਾਏ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਲੰਮਾ-ਚੌੜਾ ਅੰਗਰੇਜ਼ੀ ਭਾਸ਼ਾ ਵਿਚ ਪੈਰ੍ਹਾ ਲਿਖ ਕੇ ਮਾਂ ਦੀ ਫੋਟੋ ਪਾ ਦਿੱਤੀ ਜਾਂਦੀ ਹੈ, ਭਾਵੇਂ ਉਸ ਭੋਲੀ ਮਾਂ ਨੂੰ ਖ਼ੁਦ ਅੰਗਰੇਜ਼ੀ ਪੜ੍ਹਨੀ ਨਾ ਆਉਂਦੀ ਹੋਵੇ ਅਤੇ ਉਹ ਉਸੇ ਸਮੇਂ ਰਸੋਈ ਦੀ ਗਰਮੀ ਵਿੱਚ ਬੈਠੀ ਆਪਣੇ ਬੱਚਿਆਂ ਲਈ ਰੋਟੀਆਂ ਲਾਹ ਰਹੀ ਹੋਵੇ ਪਰ ਬੱਚਾ ਕਮਰੇ ਵਿੱਚ ਬੈਠਾ ਇਹੀ ਚੈੱਕ ਕਰ ਰਿਹਾ ਹੁੰਦਾ ਹੈ ਕਿ ਮਾਂ ਦੀ ਫੋਟੋ ’ਤੇ ਕਿੰਨੇ ਲੋਕਾਂ ਨੇ ‘ਹੈਪੀ ਬਰਥਡੇ’ ਕਹਿ ਕੇ ਕੁਮੈਂਟ ਕੀਤੇ ਹਨ, ਜੋ ਸਾਡੀ ਬਨਾਵਟੀ ਜ਼ਿੰਦਗੀ ਦਾ ਸ਼ਰਮਨਾਕ ਪੱਖ ਹੈ।
ਡਿਜੀਟਲ ਗ਼ੁਲਾਮੀ ਤੋਂ ਹੋਣਾ ਪਵੇਗਾ ਆਜ਼ਾਦ
ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਤੇ ਸੰਚਾਰ ਦਾ ਸਾਧਨ ਸੀ, ਜਿਸ ਦੀ ਵਰਤੋਂ ਸੀਮਤ ਦਾਇਰੇ ’ਚ ਰਹਿ ਕੇ ਕੀਤੀ ਜਾਣੀ ਚਾਹੀਦੀ ਸੀ ਪਰ ਬਦਕਿਸਮਤੀ ਨਾਲ ਅਸੀਂ ਇਸ ਨੂੰ ਆਪਣੇ ਦਿਮਾਗ਼, ਰਿਸ਼ਤਿਆਂ ਤੇ ਸਮੁੱਚੀ ਜ਼ਿੰਦਗੀ ਦਾ ਮਾਲਕ ਬਣਾ ਲਿਆ ਹੈ, ਜਿਸ ਕਰਕੇ ਸਾਨੂੰ ਅੱਜ ਹੀ ਇਸ ਡਿਜੀਟਲ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਬਾਹਰ ਆਉਣਾ ਪਵੇਗਾ। ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਦੀ ਲਤ ਨੂੰ ਘਟਾ ਕੇ ਉਸ ਪਲ ਦੇ ਅਸਲ ਸਵਾਦ, ਆਨੰਦ ਅਤੇ ਖੁਸ਼ੀ ਨੂੰ ਮਾਣਨਾ ਸਿੱਖਣਾ ਪਵੇਗਾ, ਰੋਟੀ ਖਾਣ ਵੇਲੇ ਕੈਮਰੇ ਦੇ ਲੈਂਜ਼ ਨੂੰ ਨਹੀਂ ਸਗੋਂ ਖਾਣੇ ਦੇ ਸੁਆਦ ਤੇ ਪਰਿਵਾਰ ਦੀਆਂ ਗੱਲਾਂ ਨੂੰ ਤਰਜੀਹ ਦੇਣੀ ਪਵੇਗੀ। ਇਹ ਗੱਲ ਪੱਥਰ ’ਤੇ ਲੀਕ ਵਾਂਗ ਯਾਦ ਰੱਖਣੀ ਪਵੇਗੀ ਕਿ ਸਾਡੀ ਅਸਲ ਕੀਮਤ ਸਾਡੀ ਇਨਸਾਨੀਅਤ, ਸੁੰਦਰਤਾ ਤੇ ਸਫਲਤਾ ਕਿਸੇ ਰੀਲ ਦੇ ਝੂਠੇ ਵਿਊਜ਼ ਜਾਂ ਨਕਲੀ ਲਾਈਕਸ ਦੀ ਮੁਥਾਜ ਨਹੀਂ ਹੈ ਕਿਉਂਕਿ ਡਿਜੀਟਲ ਦੁਨੀਆ ਦੇ ਇਸ ਆਭਾਸੀ ਸੰਸਾਰ ਨਾਲੋਂ ਅਸਲ ਜ਼ਿੰਦਗੀ ਦੇ ਸੱਚੇ ਰਿਸ਼ਤੇ, ਮਾਪਿਆਂ ਦੀ ਅਸੀਸ ਤੇ ਮਨ ਦਾ ਸਕੂਨ ਹਜ਼ਾਰਾਂ ਗੁਣਾਂ ਜ਼ਿਆਦਾ ਕੀਮਤੀ ਹਨ। ਇਸ ਤੋਂ ਪਹਿਲਾਂ ਕਿ ਤੁਹਾਡੀ ਹੱਸਦੀ-ਖੇਡਦੀ ਜ਼ਿੰਦਗੀ ਸਿਰਫ਼ ਇਕ 15 ਸਕਿੰਟ ਦੀ ਨਿਰਜੀਵ ਰੀਲ ਬਣ ਕੇ ਇਤਿਹਾਸ ਦੇ ਪੰਨਿਆਂ ’ਚ ਗੁਆਚ ਜਾਵੇ, ਇਸ ਦੇ ‘ਰੀਅਲ’ (ਅਸਲ) ਪਲਾਂ ਨੂੰ ਅੱਜ ਤੇ ਹੁਣੇ ਤੋਂ ਹੀ ਖੁੱਲ੍ਹ ਕੇ ਜਿਊਣਾ ਸ਼ੁਰੂ ਕਰੋ ਤਾਂ ਜੋ ਸੋਸ਼ਲ ਮੀਡੀਆ ਦੇ ਇਸ ਭੂਤ ਨੂੰ ਆਪਣੇ ਸਿਰ ਤੋਂ ਲਾਹ ਕੇ ਸਾਰਥਿਕ, ਤੰਦਰੁਸਤ ਅਤੇ ਖੁਸ਼ਹਾਲ ਮਨੁੱਖੀ ਜੀਵਨ ਬਤੀਤ ਕੀਤਾ ਜਾ ਸਕੇ।
- ਸੁਖਵਿੰਦਰ ਸਾਕਾ