
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਜ਼ੇ ਦੀ ਗੱਲ ਇਹ ਹੈ ਕਿ ਅਦਾਲਤ ਵਿਚ ਪੇਸ਼ੀ ਤੋਂ ਠੀਕ ਇਕ ਦਿਨ ਪਹਿਲਾਂ ਉਹ ਆਪਣੀ ਤੀਜੀ ਮੰਜ਼ਿਲ ਦੀ ਜੇਲ੍ਹ ਤੋਂ ਚਾਦਰਾਂ ਦੀ ਰੱਸੀ ਬਣਾ ਕੇ ਹੇਠਾਂ ਉਤਰਿਆ ਅਤੇ ਫਰਾਰ ਹੋ ਗਿਆ। ਹਾਲਾਂਕਿ, ਇਕ ਮਹੀਨੇ ਬਾਅਦ ਹੀ ਪੁਲਿਸ ਨੇ ਉਸ ਨੂੰ ਪਿਟਸਬਰਗ ਵਿਚ ਮੁੜ ਫੜ ਲਿਆ। ਫੜੇ ਜਾਣ ’ਤੇ ਉਸ ਨੇ ਵੱਡੀ ਬੇਬਾਕੀ ਨਾਲ ਕਿਹਾ, "ਲਓ ਮੁੰਡਿਓ, ਮੈਂ ਆ ਗਿਆ।"

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਪੈਰਿਸ ਦਾ Eiffel Tower ਅੱਜ ਦੁਨੀਆ ਦੇ ਸਭ ਤੋਂ ਖ਼ੂਬਸੂਰਤ ਅਜੂਬਿਆਂ 'ਚੋਂ ਇਕ ਹੈ, ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਵਿਅਕਤੀ ਇਸ ਨੂੰ ਕਬਾੜ ਦੇ ਭਾਅ ਵੇਚ ਦੇਵੇ?
ਜੀ ਹਾਂ, 1925 ਵਿਚ ਇਕ ਬੇਹੱਦ ਸ਼ਾਤਿਰ ਦਿਮਾਗ ਵਾਲੇ ਵਿਅਕਤੀ ਨੇ ਸੱਚਮੁੱਚ ਅਜਿਹਾ ਕਰ ਦਿਖਾਇਆ ਸੀ। ਆਓ, ਇਸ ਆਰਟੀਕਲ ਵਿਚ ਜਾਣਦੇ ਹਾਂ ਇਤਿਹਾਸ ਦੀ ਸਭ ਤੋਂ ਅਨੋਖੀ ਠੱਗੀ ਦੀ ਕਹਾਣੀ।
ਸਾਲ 1890 ਵਿਚ ਆਸਟ੍ਰੀਆ-ਹੰਗਰੀ 'ਚ ਜਨਮੇ ਵਿਕਟਰ ਦਾ ਬਚਪਨ ਬਹੁਤ ਹੀ ਦਰਦਨਾਕ ਸੀ। ਛੋਟੀ ਉਮਰ ਵਿਚ ਹੀ ਉਸ ਦੇ ਮਾਤਾ-ਪਿਤਾ ਵੱਖ ਹੋ ਗਏ। ਉਸ ਦੇ ਪਿਤਾ ਬਹੁਤ ਕਰੂਰ ਸਨ ਅਤੇ ਗੱਲ-ਗੱਲ ’ਤੇ ਉਸ ਨੂੰ ਮਾਰਦੇ-ਕੁੱਟਦੇ ਸਨ। ਇਕ ਵਾਰ ਤਾਂ ਉਨ੍ਹਾਂ ਨੇ ਵਿਕਟਰ ਦੇ ਸਿਰ ’ਤੇ ਵਾਇਲਨ ਹੀ ਮਾਰ ਦਿੱਤਾ ਸੀ।
ਕਰੀਬ 17 ਸਾਲ ਦੀ ਉਮਰ 'ਚ ਵਿਕਟਰ ਨੇ ਪੜ੍ਹਾਈ-ਲਿਖਾਈ ਛੱਡ ਦਿੱਤੀ। ਸਾਲ 1909 ਤਕ ਉਹ ਪੈਰਿਸ ਪਹੁੰਚ ਗਿਆ ਤੇ ਜੂਏ ਦੀ ਲਤ ਦਾ ਸ਼ਿਕਾਰ ਹੋ ਗਿਆ। ਇਸੇ ਦੌਰਾਨ ਇੱਕ ਕੁੜੀ ਦੇ ਪ੍ਰੇਮੀ ਨੇ ਗੁੱਸੇ ਵਿਚ ਆ ਕੇ ਉਸ ਦੇ ਖੱਬੇ ਗੱਲ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਗੱਲ ’ਤੇ ਪਿਆ ਉਹ ਨਿਸ਼ਾਨ ਜ਼ਿੰਦਗੀ ਭਰ ਲਈ ਉਸ ਦੀ ਇੱਕ ਖ਼ਾਸ ਪਛਾਣ ਬਣ ਗਿਆ।
ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਵਿਕਟਰ ਨੇ ਜੁਰਮ ਦੀ ਦੁਨੀਆ ਵਿਚ ਆਪਣਾ ਪਹਿਲਾ ਵੱਡਾ ਕਦਮ ਰੱਖਿਆ। ਉਹ ਫਰਾਂਸ ਤੇ ਨਿਊਯਾਰਕ ਵਿਚਕਾਰ ਚੱਲਣ ਵਾਲੇ ਆਲੀਸ਼ਾਨ ਸਮੁੰਦਰੀ ਜਹਾਜ਼ਾਂ ’ਤੇ ਸਫ਼ਰ ਕਰਦਾ ਸੀ। ਉੱਥੇ ਉਹ ਅਮੀਰ ਯਾਤਰੀਆਂ ਨੂੰ ਖ਼ੁਦ ਨੂੰ 'ਬ੍ਰਾਡਵੇ ਨਾਟਕਾਂ' ਦਾ ਵੱਡਾ ਪ੍ਰੋਡਿਊਸਰ ਦੱਸਦਾ ਅਤੇ ਉਨ੍ਹਾਂ ਤੋਂ ਨਾਟਕਾਂ ਵਿੱਚ ਪੈਸਾ ਲਗਾਉਣ ਦੇ ਨਾਮ ’ਤੇ ਮੋਟੀ ਰਕਮ ਠੱਗ ਲੈਂਦਾ।
ਪਰ ਜਦੋਂ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਸਮੁੰਦਰੀ ਰਸਤਿਆਂ ’ਤੇ ਪਣਡੁੱਬੀਆਂ ਦਾ ਖ਼ਤਰਾ ਵਧ ਗਿਆ ਤਾਂ ਉਸ ਨੂੰ ਆਪਣਾ ਇਹ ਧੰਦਾ ਬੰਦ ਕਰਕੇ ਅਮਰੀਕਾ ਦਾ ਰੁਖ ਕਰਨਾ ਪਿਆ।
ਕਰੀਬ ਦਸ ਸਾਲ ਅਮਰੀਕਾ 'ਚ ਛੋਟੀ-ਮੋਟੀ ਠੱਗੀ ਕਰਨ ਤੋਂ ਬਾਅਦ 1925 ਵਿੱਚ ਉਹ ਵਾਪਸ ਪੈਰਿਸ ਆ ਗਿਆ। ਇਕ ਦਿਨ ਅਖ਼ਬਾਰ ਪੜ੍ਹਦੇ ਹੋਏ ਉਸ ਨੂੰ ਪਤਾ ਲੱਗਾ ਕਿ Eiffel Tower ਦੀ ਸਾਂਭ-ਸੰਭਾਲ ਅਤੇ ਪੇਂਟ ਕਰਨ ’ਤੇ ਸਰਕਾਰ ਦਾ ਬਹੁਤ ਪੈਸਾ ਖ਼ਰਚ ਹੋ ਰਿਹਾ ਹੈ ਅਤੇ ਕੁਝ ਲੋਕ ਇਸ ਨੂੰ ਢਾਹੁਣ ਦੀ ਮੰਗ ਕਰ ਰਹੇ ਹਨ।
ਇੱਥੋਂ ਉਸ ਦੇ ਸ਼ਾਤਿਰ ਦਿਮਾਗ ਨੇ ਇੱਕ ਖ਼ਤਰਨਾਕ ਯੋਜਨਾ ਬਣਾਈ:
ਠੱਗੀ ਦਾ ਸ਼ਿਕਾਰ ਹੋਇਆ ਵਪਾਰੀ ਇੰਨਾ ਸ਼ਰਮਿੰਦਾ ਸੀ ਕਿ ਉਸ ਨੇ ਪੁਲਿਸ ਨੂੰ ਵੀ ਕੁਝ ਨਹੀਂ ਦੱਸਿਆ। ਇਸੇ ਗੱਲ ਦਾ ਫਾਇਦਾ ਚੁੱਕ ਕੇ ਕੁਝ ਮਹੀਨਿਆਂ ਬਾਅਦ ਵਿਕਟਰ ਦੁਬਾਰਾ ਉਹੀ ਖੇਡ ਖੇਡਣ ਪੈਰਿਸ ਆ ਗਿਆ। ਹਾਲਾਂਕਿ ਇਸ ਵਾਰ ਉਸ ਦੀ ਪੋਲ ਖੁੱਲ੍ਹ ਗਈ ਅਤੇ ਉਸ ਨੂੰ ਆਪਣੀ ਜਾਨ ਬਚਾ ਕੇ ਮੁੜ ਅਮਰੀਕਾ ਭੱਜਣਾ ਪਿਆ।
ਅਮਰੀਕਾ ਆ ਕੇ ਉਸ ਨੇ ਠੱਗੀ ਦਾ ਇਕ ਨਵਾਂ ਤਰੀਕਾ ਕੱਢਿਆ। ਉਸ ਨੇ ਲੱਕੜ ਦਾ ਛੋਟਾ ਜਿਹਾ ਬਕਸਾ ਬਣਾਇਆ ਜਿਸ ਵਿਚ ਕੁਝ ਨਕਲੀ ਬਟਨ ਅਤੇ ਲੀਵਰ ਲੱਗੇ ਹੋਏ ਸਨ। ਉਹ ਲੋਕਾਂ ਨੂੰ ਕਹਿੰਦਾ ਕਿ ਇਹ ਬਕਸਾ ਕਿਸੇ ਵੀ ਨੋਟ ਦੀ ਬਿਲਕੁਲ ਹੁਬਹੂ ਨਕਲ ਛਾਪ ਸਕਦਾ ਹੈ। ਟੈਕਸਾਸ ਦਾ ਇੱਕ ਸ਼ੈਰਿਫ ਉਸ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਉਸ ਨੇ ਇਹ ਬੇਕਾਰ ਬਕਸਾ ਹਜ਼ਾਰਾਂ ਡਾਲਰ ਵਿਚ ਖਰੀਦ ਲਿਆ।
ਇਸੇ ਦੌਰਾਨ ਵਿਕਟਰ ਦੀ ਜਾਣ-ਪਛਾਣ ਅਮਰੀਕਾ ਦੇ ਸਭ ਤੋਂ ਵੱਡੇ ਅਤੇ ਖ਼ਤਰਨਾਕ ਮਾਫੀਆ ਡਾਨ ਅਲ ਕੈਪੋਨ ਨਾਲ ਹੋਈ। ਵਿਕਟਰ ਨੇ ਡਾਨ ਤੋਂ ਇਕ ਯੋਜਨਾ ਵਿਚ ਲਗਾਉਣ ਲਈ 50,000 ਡਾਲਰ ਮੰਗੇ। ਕੁਝ ਮਹੀਨਿਆਂ ਤੱਕ ਉਸ ਪੈਸੇ ਨੂੰ ਤਿਜੋਰੀ ਵਿਚ ਰੱਖਣ ਤੋਂ ਬਾਅਦ ਉਹ ਅਲ ਕੈਪੋਨ ਕੋਲ ਗਿਆ ਅਤੇ ਪੂਰੇ ਪੈਸੇ ਵਾਪਸ ਕਰਦਿਆਂ ਕਿਹਾ ਕਿ ਡੀਲ ਫੇਲ੍ਹ ਹੋ ਗਈ ਹੈ।
ਅਲ ਕੈਪੋਨ ਉਸ ਦੀ ਇਸ ਇਮਾਨਦਾਰੀ ਤੋਂ ਇੰਨਾ ਖੁਸ਼ ਹੋਇਆ ਕਿ ਉਸ ਨੇ ਆਪਣੀ ਤਰਫ਼ੋਂ ਵਿਕਟਰ ਨੂੰ 5,000 ਡਾਲਰ ਦਾ ਇਨਾਮ ਦੇ ਦਿੱਤਾ।
ਸਾਲ 1930 ਵਿਚ ਵਿਕਟਰ ਨੇ ਨਕਲੀ ਨੋਟ ਛਾਪਣ ਦਾ ਇੱਕ ਬਹੁਤ ਵੱਡਾ ਸਿੰਡੀਕੇਟ ਸ਼ੁਰੂ ਕੀਤਾ। ਮਹਿਜ਼ ਪੰਜ ਸਾਲਾਂ ਦੇ ਅੰਦਰ ਉਸ ਨੇ ਅਮਰੀਕੀ ਬਾਜ਼ਾਰ 'ਚ 2.3 ਮਿਲੀਅਨ ਡਾਲਰ ਦੇ ਨਕਲੀ ਨੋਟ ਉਤਾਰ ਦਿੱਤੇ।
ਹਾਲਾਂਕਿ ਹਰ ਅਪਰਾਧੀ ਦਾ ਇਕ ਅੰਤ ਹੁੰਦਾ ਹੈ। 10 ਮਈ 1935 ਨੂੰ ਨਿਊਯਾਰਕ ਵਿੱਚ ਪੁਲਿਸ ਨੇ ਵਿਕਟਰ ਨੂੰ ਵੀ ਕਾਬੂ ਕਰ ਲਿਆ। ਉਸ ਕੋਲੋਂ ਸਬਵੇ ਸਟੇਸ਼ਨ ਦੇ ਇਕ ਲਾਕਰ ਦੀ ਚਾਬੀ ਮਿਲੀ, ਜਿਸ ਵਿੱਚ 51,000 ਡਾਲਰ ਦੇ ਨਕਲੀ ਨੋਟ ਅਤੇ ਉਨ੍ਹਾਂ ਨੂੰ ਛਾਪਣ ਵਾਲੀ ਮਸ਼ੀਨ ਦੀਆਂ ਪਲੇਟਾਂ ਰੱਖੀਆਂ ਹੋਈਆਂ ਸਨ।
ਮਜ਼ੇ ਦੀ ਗੱਲ ਇਹ ਹੈ ਕਿ ਅਦਾਲਤ ਵਿਚ ਪੇਸ਼ੀ ਤੋਂ ਠੀਕ ਇਕ ਦਿਨ ਪਹਿਲਾਂ ਉਹ ਆਪਣੀ ਤੀਜੀ ਮੰਜ਼ਿਲ ਦੀ ਜੇਲ੍ਹ ਤੋਂ ਚਾਦਰਾਂ ਦੀ ਰੱਸੀ ਬਣਾ ਕੇ ਹੇਠਾਂ ਉਤਰਿਆ ਅਤੇ ਫਰਾਰ ਹੋ ਗਿਆ। ਹਾਲਾਂਕਿ, ਇਕ ਮਹੀਨੇ ਬਾਅਦ ਹੀ ਪੁਲਿਸ ਨੇ ਉਸ ਨੂੰ ਪਿਟਸਬਰਗ ਵਿਚ ਮੁੜ ਫੜ ਲਿਆ। ਫੜੇ ਜਾਣ ’ਤੇ ਉਸ ਨੇ ਵੱਡੀ ਬੇਬਾਕੀ ਨਾਲ ਕਿਹਾ, "ਲਓ ਮੁੰਡਿਓ, ਮੈਂ ਆ ਗਿਆ।"
ਆਖ਼ਿਰਕਾਰ ਇਸ ਮਹਾਠੱਗ ਨੂੰ ਖ਼ਤਰਨਾਕ ਅਪਰਾਧੀਆਂ ਦੀ ਜੇਲ੍ਹ 'ਅਲਕਾਟਰਾਜ' ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਉਣ ਵੇਲੇ ਉੱਥੇ ਮੌਜੂਦ ਇਕ ਸੀਕ੍ਰੇਟ ਸਰਵਿਸ ਏਜੰਟ ਨੇ ਵੀ ਮੰਨਿਆ ਸੀ ਕਿ ਵਿਕਟਰ ਇਤਿਹਾਸ ਦਾ ਸਭ ਤੋਂ ਚਤੁਰ ਅਤੇ ਸ਼ਾਤਿਰ ਠੱਗ ਹੈ। 11 ਮਾਰਚ 1947 ਨੂੰ 57 ਸਾਲ ਦੀ ਉਮਰ ਵਿਚ ਜੇਲ੍ਹ ਵਿਚ ਹੀ ਨਿਮੋਨੀਆ ਕਾਰਨ ਉਸ ਦੀ ਮੌਤ ਹੋ ਗਈ।